
ਪਿਛਾਖੜੀ ਤੱਤਾਂ ਦੇ ਫਿਰਕੂ ਯਕਜਹਿਤੀ ਨੂੰ ਨੁਕਸਾਨ ਪੁਚਾਉਂਦੇ ਜੰਗ ਭੜਕਾਊ ਮਨਸੂਬੇ ਪਛਾੜੋ- ਪਾਸਲਾ
- by Jasbeer Singh
- June 7, 2025

ਪਿਛਾਖੜੀ ਤੱਤਾਂ ਦੇ ਫਿਰਕੂ ਯਕਜਹਿਤੀ ਨੂੰ ਨੁਕਸਾਨ ਪੁਚਾਉਂਦੇ ਜੰਗ ਭੜਕਾਊ ਮਨਸੂਬੇ ਪਛਾੜੋ- ਪਾਸਲਾ -9 ਜੁਲਾਈ ਦੀ ਕਿਰਤੀ ਹੜਤਾਲ ਦੀ ਕਾਮਯਾਬੀ ਲਈ ਘਰ-ਘਰ ਪਹੁੰਚ ਕਰੋ - ਰੰਧਾਵਾ -ਮਾਫੀਆ ਗਰੋਹਾਂ ਦੀ ਪਿੱਠ ਪੂਰ ਰਹੀ ਸੂਬੇ ਦੀ ਭ੍ਰਿਸ਼ਟ ਸਰਕਾਰ ਦਾ ਜਾਬਰ ਹੱਲਾ ਫੇਲ੍ਹ ਕਰੋ- ਜਾਮਾਰਾਏ ਜਲੰਧਰ ; 7 ਜੂਨ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.), ਕੇਂਦਰੀ ਟਰੇਡ ਯੂਨੀਅਨਾਂ ਤੇ ਆਜ਼ਾਦ ਫੈਡਰੇਸ਼ਨਾਂ ਦੇ ਸੱਦੇ 'ਤੇ ਆਉਣ ਵਾਲੀ 9 ਜੁਲਾਈ ਨੂੰ ਕੀਤੀ ਜਾ ਰਹੀ ਇਕ ਦਿਨਾ ਦੇਸ਼ ਵਿਆਪੀ ਹੜਤਾਲ ਦੀ ਕਾਮਯਾਬੀ ਲਈ ਪਿੰਡਾਂ-ਸ਼ਹਿਰਾਂ ਅੰਦਰ ਬੱਝਵੀਂ, ਅਸਰਦਾਰ ਲੋਕ ਲਾਮਬੰਦੀ ਕਰੇਗੀ। ਉਕਤ ਫੈਸਲਾ, ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੀ ਹਾਜ਼ਰੀ ਵਿਚ, ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਵਲੋਂ ਲਿਆ ਗਿਆ ਹੈ। ਇਹ ਜਾਣਕਾਰੀ, ਅੱਜ ਇਥੋਂ ਇਕ ਬਿਆਨ ਜਾਰੀ ਕਰਦਿਆਂ ਸੂਬਾ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦਿੱਤੀ ਹੈ। ਮੀਟਿੰਗ ਨੇ 'ਰਾਸ਼ਟਰੀ ਸੋਇਮ ਸੇਵਕ ਸੰਘ' (ਆਰ.ਐਸ.ਐਸ.) ਦੀ ਹੱਥਠੋਕਾ ਕੇਂਦਰ ਦੀ ਮੋਦੀ ਸਰਕਾਰ ਵਲੋਂ ਕੀਤੇ ਜਾ ਰਹੇ ਸੰਵਿਧਾਨਕ ਕਦਰਾਂ-ਕੀਮਤਾਂ ਦੇ ਘਾਣ ਤੇ ਭਾਈਚਾਰਕ ਸਾਂਝ ਨੂੰ ਪਹੁੰਚਾਏ ਜਾ ਰਹੇ ਘਾਤਕ ਨੁਕਸਾਨ ਖਿਲਾਫ ਵਿਚਾਰਧਾਰਕ ਯੁੱਧ ਤੇ ਜਨਤਕ ਸਰਗਰਮੀਆਂ ਹੋਰ ਤੇਜ਼ ਕਰਨ ਦਾ ਨਿਰਣਾ ਲਿਆ ਹੈ। ਕੇਂਦਰੀ ਤੇ ਪ੍ਰਾਂਤਕ ਸਰਕਾਰਾਂ ਵਲੋਂ ਲੋਕ ਸਰੋਕਾਰਾਂ ਤੇ ਕੌਮੀ ਹਿਤਾਂ ਦੀ ਘੋਰ ਅਣਦੇਖੀ ਕਰਦਿਆਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜ ਨਿਰਦੇਸ਼ਤ ਨਵ-ਉਦਾਰਵਾਦੀ ਨੀਤੀਆਂ ਖਿਲਾਫ਼ ਜਾਰੀ ਜਨ ਸੰਗਰਾਮ ਵੀ ਹੋਰ ਪ੍ਰਚੰਡ ਕਰਨ ਲਈ ਦੀ ਯੋਜਨਾ ਉਲੀਕੀ ਗਈ ਹੈ। ਮੀਟਿੰਗ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਪਿਛੋਂ ਦੇਸ਼ ਵਾਸੀਆਂ ਵਲੋਂ ਪ੍ਰਗਟਾਈ ਗਈ ਕੌਮੀ ਯਕਜਹਿਤੀ ਦੀ ਸ਼ਾਨਦਾਰ ਭਾਵਨਾ ਨੂੰ ਸੱਟ ਮਾਰਦੀਆਂ ਹਿੰਦੂਤਵੀ ਕੱਟੜਵਾਦੀਆਂ ਦੀਆਂ ਸਾਜ਼ਿਸ਼ਾਂ ਤੇ ਜੰਗ ਭੜਕਾਊ ਬਿਆਨਾਂ-ਗਤੀਵਿਧੀਆਂ ਦੀ ਡੱਟਵੀਂ ਨਿੰਦਾ ਕੀਤੀ ਹੈ। ਉਕਤ ਪਿਛਾਖੜੀ ਕਾਰੇ ਭਾਰਤ ਨੂੰ ਅਸਥਿਰ ਕਰਨ ਦੇ ਅੱਤਵਾਦੀਆਂ ਦੇ ਖਤਰਨਾਕ ਮਨਸੂਬਿਆਂ ਦੀ ਪੂਰਤੀ ਲਈ ਸਹਾਈ ਸਿੱਧ ਹੁੰਦੇ ਹਨ। ਸੰਘੀ ਸੰਗਠਨ ਇਹ ਸਾਰਾ ਕੁਝ ਬੁਨਿਆਦੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਅਤੇ ਮੋਦੀ ਸਰਕਾਰ ਦੀਆਂ ਵਿਦੇਸ਼ ਨੀਤੀ ਸਮੇਤ ਹਰ ਮੁਹਾਜ਼ 'ਤੇ ਚੌਤਰਾਫਾ ਨਾਕਾਮੀਆਂ ਤੇ ਪਰਦਾ ਪਾਉਣ ਲਈ ਕਰ ਰਹੇ ਹਨ। ਆਰਐਮਪੀਆਈ ਦੇਸ਼ ਵਾਸੀਆਂ ਨੂੰ ਅਪੀਲ ਕਰਦੀ ਹੈ ਕਿ ਉਹ ਸੰਘ ਪਰਿਵਾਰ ਦੇ ਵੰਡਵਾਦੀ ਮਨਸੂਬਿਆਂ ਤੋਂ ਸੁਚੇਤ ਹੋਣ ਤੇ ਮਨੂੰਵਾਦੀ ਚੌਖਟੇ ਵਾਲਾ, ਧਰਮ ਆਧਾਰਿਤ, ਪਿਛਾਖੜੀ, ਤਾਨਾਸ਼ਾਹ ਰਾਜ ਕਾਇਮ ਕਰਨ ਦੇ ਸੰਘੀ ਮਨਸੂਬੇ ਪਛਾੜਣ ਲਈ ਅੱਗੇ ਆਉਣ। ਮੀਟਿੰਗ ਨੇ ਮਿਹਨਤਕਸ਼ ਜਨ ਸਮੂਹਾਂ ਨੂੰ ਲੋਕਾਂ ਦੇ ਜੀਅ ਦਾ ਜੰਜਾਲ ਬਣੀਆਂ, ਗਰੀਬੀ-ਅਮੀਰੀ ਦੇ ਪਾੜੇ, ਮਹਿੰਗਾਈ-ਬੇਰੁਜ਼ਗਾਰੀ, ਕੁਪੋਸ਼ਣ, ਇਕ ਸਾਰ ਤੇ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਅਤੇ ਪੀਣ ਵਾਲੇ ਸਵੱਛ ਦੀ ਘਾਟ, ਸਮਾਜਿਕ ਸੁਰੱਖਿਆ ਦੀ ਅਣਹੋਂਦ, ਅਮਰ ਵੇਲ ਵਾਂਗ ਵਧ ਰਹੇ ਭ੍ਰਿਸ਼ਟਾਚਾਰ ਤੇ ਅਪਰਾਧ, ਚੌਗਿਰਦੇ ਦੇ ਘਾਤਕ ਨੁਕਸਾਨ ਆਦਿ ਮੁਸੀਬਤਾਂ ਤੋਂ ਪਿੱਛਾ ਛੁਡਾਉਣ ਲਈ ਸਰਵ ਸਾਂਝਾ ਲੋਕ ਘੋਲ ਵਿੱਢਣ ਦਾ ਸੱਦਾ ਦਿੱਤਾ ਹੈ। ਸਕੱਤਰੇਤ ਦੀ ਸਮਝ ਹੈ ਕਿ ਮਹਿੰਗੀ ਇਸ਼ਤਿਹਾਰਬਾਜੀ ਰਾਹੀਂ ਸੂਬੇ ਦਾ ਖਜ਼ਾਨਾ ਦੋਹੀਂ ਹੱਥੀਂ ਲੁਟਾ ਰਹੀ, ਸਿਰੇ ਦੀ ਨਿਕੰਮੀ ਤੇ ਭ੍ਰਿਸ਼ਟ 'ਆਪ' ਸਰਕਾਰ ਆਪਣੀ ਨਾ-ਅਹਿਲੀਅਤ ਖਿਲਾਫ ਉੱਠਣ ਵਾਲੀਆਂ ਆਵਾਜ਼ਾਂ ਦਬਾਉਣ ਲਈ ਜਬਰ ਦਾ ਕੁਹਾੜਾ ਚਲਾ ਰਹੀ ਹੈ। 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਨਾਂ 'ਤੇ ਬੇਲਗਾਮ ਹੋਈ ਪੁਲਸ ਹਿਰਾਸਤੀ ਕਤਲ ਅਤੇ ਨਿਰਦੋਸ਼ਾਂ ਦੀ ਵਹਿਸ਼ੀ ਕੁੱਟਮਾਰ ਕਰ ਰਹੀ ਹੈ। ਇਹੋ ਨਹੀਂ, 'ਆਪ' ਸਰਕਾਰ ਤੇ ਇਸ ਦੇ ਨੇਤਾ, ਸੂਬੇ ਦੀ ਰਾਜਨੀਤੀ 'ਚ ਭਾਜਪਾ ਦੀ ਪੈਠ ਬਣਾਉਣ ਲਈ ਪੱਬਾਂ ਭਾਰ ਆਰ.ਐਸ.ਐਸ. ਦੀਆਂ ਵੰਡਵਾਦੀ ਕੁਚਾਲਾਂ ਅਤੇ ਵਿਚਾਰਧਾਰਕ ਸਾਜ਼ਿਸ਼ਾਂ ਦੇ ਭਾਗੀਦਾਰ ਬਣ ਕੇ ਸੰਘ ਪਰਿਵਾਰ ਦੀ 'ਬੀ' ਟੀਮ ਵਾਂਗ ਵਿਚਰ ਰਹੇ ਹਨ। ਸਕੱਤਰੇਤ ਨੇ ਉਕਤ ਨੀਤੀ ਚੌਖਟੇ ਖਿਲਾਫ਼ ਅਤੇ ਪੰਜਾਬ ਨਾਲ ਕੀਤੇ ਜਾ ਰਹੇ ਅਨਿਆਂ ਦੂਰ ਕਰਾਉਣ ਲਈ ਆਜ਼ਾਦਾਨਾ ਅਤੇ ਸਾਂਝੇ ਘੋਲਾਂ 'ਚ ਤੀਬਰਤਾ ਲਿਆਉਣ ਲਈ ਵੀ ਰੋਡ ਮੈਪ ਤਿਆਰ ਕੀਤਾ ਹੈ। ਸੂਬਾ ਸਰਕਾਰ ਵਲੋਂ ਜਾਰੀ ਕਿਰਤੀ ਮਾਰੂ ਨੋਟੀਫਿਕੇਸ਼ਨ ਰੱਦ ਕਰਵਾਉਣ ਅਤੇ ਹਜ਼ਾਰਾਂ ਏਕੜ ਉਪਜਾਊ ਜ਼ਮੀਨਾਂ ਖੋਹਣ ਦੇ ਕੋਝੇ ਹੱਥਕੰਡਿਆਂ ਲਈ ਲੜ ਰਹੇ ਸੰਗਠਨਾਂ ਦੀ ਮੁਕੰਮਲ ਹਿਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਵਲੋਂ ਸੰਘ-ਭਾਜਪਾ ਦੇ ਤਬਾਹਕੁੰਨ ਏਜੰਡੇ ਨੂੰ ਭਾਂਜ ਦੇਣ ਲਈ ਕਾਇਮ ਕੀਤੇ 'ਇੰਡੀਆ' ਗੱਠਜੋੜ ਦੀ ਪ੍ਰਮੁੱਖ ਭਾਈਵਾਲ ਕਾਂਗਰਸ ਪਾਰਟੀ ਵਿਚਲੀ ਫੁੱਟ ਅਤੇ ਆਗੂਆਂ ਦੀ ਵਿਚਾਰਧਾਰਕ ਕਚਿਆਈ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਸਕੱਤਰੇਤ ਨੇ, ਦੇਸ਼ ਭਰ 'ਚ ਕੀਤੇ ਜਾ ਰਹੇ ਸਿਆਸੀ ਕਾਰਕੁੰਨਾਂ ਦੇ ਹਿਰਾਸਤੀ ਕਤਲਾਂ (ਐਕਸਟਰਾ ਜੁਡੀਸ਼ੀਅਲ ਕਿਲਿੰਗਜ) ਖਿਲਾਫ ਜਲੰਧਰ ਵਿਖੇ 10 ਜੂਨ ਨੂੰ ਕੀਤੀ ਜਾ ਰਹੀ ਸਾਂਝੀ ਸੂਬਾਈ ਕਨਵੈਨਸ਼ਨ ਵਿਚ ਨੁਮਾਇੰਦੇ ਭੇਜਣ ਦਾ ਵੀ ਫੈਸਲਾ ਕੀਤਾ ਹੈ। ਆਰੰਭ ਵਿਚ ਇਜ਼ਰਾਇਲ ਵਲੋਂ ਸਾਮਰਾਜੀ ਥਾਪੜੇ ਨਾਲ ਫਲਸਤੀਨੀਆਂ ਦੇ ਨਸਲੀ ਸਫਾਏ ਲਈ ਛੇੜੀ ਜੰਗ 'ਚ ਮਾਰੇ ਜਾ ਚੁੱਕੇ ਇਸਤਰੀਆਂ, ਮਾਸੂਮ ਬੱਚਿਆਂ, ਰਾਹਤ ਕਾਮਿਆਂ, ਡਾਕਟਰਾਂ, ਪੱਤਰਕਾਰਾਂ, ਤੇ ਨਿਰਦੋਸ਼ ਨਾਗਰਿਕਾਂ, ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।