post

Jasbeer Singh

(Chief Editor)

Punjab

ਪੀ. ਏ. ਯੂ. ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਕਸਟਮ ਹਾਇਰਿੰਗ ਸੈਂਟਰਾਂ ਲਈ ਪਰਾਲੀ ਪ੍ਰਬੰਧਨ ਮਸ਼ੀਨਰੀ ਸਬੰਧੀ ਸਿਖਲਾਈ ਪ੍ਰੋ

post-img

ਪੀ. ਏ. ਯੂ. ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਕਸਟਮ ਹਾਇਰਿੰਗ ਸੈਂਟਰਾਂ ਲਈ ਪਰਾਲੀ ਪ੍ਰਬੰਧਨ ਮਸ਼ੀਨਰੀ ਸਬੰਧੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਸੰਗਰੂਰ, 18 ਸਤੰਬਰ 2025 : ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੀ ਯੋਗ ਅਗਵਾਈ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸੰਗਰੂਰ ਦੇ ਸਹਿਯੋਗ ਨਾਲ ਜ਼ਿਲਾ ਸੰਗਰੂਰ ਦੇ ਕਸਟਮ ਹਾਇਰਿੰਗ ਸੈਂਟਰਾਂ ਦੇ ਲਾਭਪਾਤਰੀਆਂ ਲਈ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਸੁਚੱਜੀ ਵਰਤੋਂ ਸਬੰਧੀ ਇੱਕ-ਦਿਨਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਜਿਸ ਵਿੱਚ ਲਗਭਗ 16 ਲਾਭਪਾਤਰੀਆਂ ਨੇ ਭਾਗ ਲਿਆ । ਇਸ ਸਿਖਲਾਈ ਪ੍ਰੋਗਰਾਮ ਦੌਰਾਨ ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ) ਨੇ ਸਿਖਿਆਰਥੀਆਂ ਨੂੰ ਸਭ ਤੋਂ ਪਹਿਲਾਂ ਕੇਵੀਕੇ ਵੱਲੋਂ ਕਿਸਾਨਾਂ ਲਈ ਉਪਲਬਧ ਸੇਵਾਵਾਂ ਬਾਬਤ ਜਾਣੂ ਕਰਵਾਇਆ । ਇਸ ਤੋਂ ਇਲਾਵਾ ਉਨ੍ਹਾਂ ਨੇ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਮਿੱਟੀ ਦੇ ਖੁਰਾਕੀ ਤੱਤਾਂ ਨੂੰ ਪਹੁੰਚਦੇ ਨੁਕਸਾਨ ਅਤੇ ਇਸ ਕਾਰਨ ਵਾਤਾਵਰਣ 'ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸ ਦੇ ਨਾਲ ਹੀ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਸਮੇਂ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਵਿਗਿਆਨਕ ਹੱਲ ਸਬੰਧੀ ਵੀ ਚਰਚਾ ਕੀਤੀ । ਡਾ. ਸੁਨੀਲ ਕੁਮਾਰ ਨੇ ਪਰਾਲੀ ਪ੍ਰਬੰਧਨ ਲਈ ਉਪਲਬਧ ਖੇਤੀ ਮਸ਼ੀਨਰੀ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਸਰਫੇਸ ਸੀਡਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਹਨਾਂ ਸਿਖਿਆਰਥੀਆਂ ਨੂੰ ਮਸ਼ੀਨਾਂ ਦੀ ਵਰਤੋਂ ਅਤੇ ਤਕਨੀਕਾਂ ਨੂੰ ਵਰਤਣ ਸਮੇਂ ਆਉਣ ਵਾਲੀਆਂ ਦਿੱਕਤਾਂ ਦੇ ਹੱਲ ਬਾਰੇ ਵੀ ਜਾਣੂੰ ਕਰਵਾਇਆ । ਉਹਨਾਂ ਸਿਖਿਆਰਥੀਆਂ ਨੂੰ ਪੀ. ਏ. ਯੂ. ਵੱਲੋਂ ਕਿਸਾਨਾਂ ਦੇ ਬੱਚਿਆਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ 10 ਫੀਸਦੀ ਰਾਖਵੀਆਂ ਸੀਟਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ । ਪ੍ਰੋਗਰਾਮ ਦੇ ਅਖ਼ੀਰ ਵਿੱਚ ਸਿਖਿਆਰਥੀਆਂ ਨੂੰ ਸਮਾਰਟ ਸੀਡਰ ਅਤੇ ਸਰਫ਼ੇਸ ਸੀਡਰ ਮਸ਼ੀਨਾਂ ਦਿਖਾਈਆਂ ਗਈਆਂ ਅਤੇ ਪੀ. ਏ. ਯੂ. ਵੱਲੋਂ ਤਿਆਰ ਕੀਤੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਖਰੀਦਣ ਲਈ ਪ੍ਰੇਰਿਤ ਕੀਤਾ ਗਿਆ ।

Related Post

Instagram