

ਪੀ. ਆਰ. ਟੀ. ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਪਟਿਆਲਾ 23 ਦਸੰਬਰ : ਪੀ. ਆਰ. ਟੀ. ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵਲੋਂ ਪੀ. ਆਰ. ਟੀ. ਸੀ. ਪਟਿਆਲਾ ਡਿਪੂ ਦੇ 72 ਸੇਵਾ ਮੁਕਤ ਸੀਨੀਅਰ ਸਿਟੀਜਨ ਕਰਮਚਾਰੀਆਂ ਦਾ ਲੋਈਆਂ ਅਤੇ ਮਮੈਂਟੋ ਦੇ ਕੇ ਸਨਮਾਨ ਕੀਤਾ ਗਿਆ ਅਤੇ ਮੌਜੂਦਾ ਨੌਕਰੀਆਂ ਕਰ ਰਹੇ ਏਟਕ ਦੇ ਕਰਮਚਾਰੀ ਮੈਂਬਰਾਂ ਵਲੋਂ ਇਸ ਸਾਰੇ ਸਮਾਗਮ ਲਈ ਸ਼ਾਨਦਾਰ ਖਾਣੇ ਦਾ ਪ੍ਰਬੰਧ ਕੀਤਾ ਗਿਆ । ਸੇਵਾ ਮੁਕਤ ਕਰਮਚਾਰੀਆਂ ਦਾ ਇਹ ਸਨਮਾਨ ਸਮਾਰੋਹ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਪੀ. ਆਰ. ਟੀ. ਸੀ. ਵਰਕਰਜ ਯੂਨੀਅਨ ਏਟਕ ਦੇ 19 ਦਸੰਬਰ ਨੂੰ 76ਵੇਂ ਜਨਮ ਦਿਨ ਨੂੰ ਸਮਰਪਿਤ ਕਰਕੇ ਆਯੋਜਿਤ ਕੀਤਾ ਗਿਆ ਸੀ । ਇਸ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਪੀ. ਆਰ. ਟੀ. ਸੀ. ਵਰਕਰਜ਼ ਯੂਨੀਅਨ ਏਟਕ ਦੇ ਜਨਰਲ ਸਕੱਤਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਨ੍ਹਾਂ 72 ਸੇਵਾ ਮੁਕਤ ਕਰਮਚਾਰੀਆਂ ਦਾ ਅੱਜ ਸਨਮਾਨ ਕੀਤਾ ਜਾ ਰਿਹਾ ਹੈ ਇਹਨਾਂ ਵਿਚੋਂ ਵੱਡੀ ਗਿਣਤੀ ਉਹ ਹਨ ਜਿਹੜੇ ਯੂਨੀਅਨ ਵਿੱਚ ਵੱਡੇ ਜਾਂ ਛੋਟੇ ਅਹੁਦਿਆਂ ਤੇ ਜਥੇਬੰਦੀ ਦਾ ਕੰਮ ਦ੍ਰਿੜਤਾ ਨਾਲ ਕਰਦੇ ਰਹੇ ਹਨ। ਉਹਨਾਂ ਵਲੋਂ ਟਰੇਡ ਯੂਨੀਅਨ ਸੰਘਰਸ਼ ਵਿੱਚ ਵਡਮੁੱਲਾ ਯੋਗਦਾਨ ਪਾਇਆ ਗਿਆ ਹੈ ਅਤੇ ਯੂਨੀਅਨ ਵਲੋਂ ਪੀ. ਆਰ. ਟੀ. ਸੀ. ਦੇ ਵਰਕਰਾਂ ਲਈ ਪੈਨਸ਼ਨ ਦੀ ਮੰਗ ਮਨਵਾਕੇ ਹਜਾਰਾ ਸੇਵਾ ਮੁਕਤ ਕਰਮਚਾਰੀਆਂ ਦਾ ਜਿੰਦਗੀ ਦੇ ਬੁਢਾਪੇ ਦਾ ਪੰਧ ਸੌਖਾ ਕੀਤਾ । ਇਸ ਤੋਂ ਇਲਾਵਾ ਯੂਨੀਅਨ ਵਲੋਂ ਕੀਤੇ ਗਏ ਅਨੇਕਾ ਸੰਘਰਸ਼ਾਂ ਦੇ ਵਿੱਚ ਮੋਹਰੀ ਰੋਲ ਅਦਾ ਕੀਤਾ । ਸੇਵਾ ਮੁਕਤੀ ਉਪਰੰਤ ਵੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਹਨ ਅਤੇ ਪੀ. ਆਰ. ਟੀ. ਸੀ. ਦੇ ਵਰਕਰਾਂ ਵੱਲੋਂ ਅਨੇਕਾ ਚਣੋਤੀਆਂ ਦੇ ਵਿਰੁੱਧ ਲੜੇ ਜਾ ਰਹੇ ਸੰਘਰਸ਼ਾਂ ਵਿੱਚ ਅੱਗੇ ਹੋ ਕੇ ਸਰਗਰਮ ਭੂਮਿਕਾ ਨਿਭਾ ਰਹੇ ਹਨ। ਦੇਸ਼ ਵਿੱਚ ਮੋਦੀ ਸਰਕਾਰ ਦੀਆਂ ਨਿਜੀਕਰਨ ਅਤੇ ਪਬਲਿਕ ਸੈਕਟਰ ਨੂੰ ਖਤਮ ਕਰਨ ਦੀਆਂ ਨੀਤੀਆਂ ਵਿਰੁੱਧ ਸਾਂਝੇ ਘੋਲਾ ਵਿੱਚ ਵੀ ਹਿੱਸਾ ਪਾ ਰਹੇ ਹਨ । ਸਮਾਰੋਹ ਦੇ ਅੰਤ ਵਿੱਚ ਨਿਰਮਲ ਸਿੰਘ ਧਾਲੀਵਾਲ, ਮੁਹੰਮਦ ਖਲੀਲ, ਉਤਮ ਸਿੰਘ ਬਾਗੜੀ, ਰਮੇਸ਼ ਕੁਮਾਰ, ਸੁਖਦੇਵ ਰਾਮ ਸੁੱਖੀ, ਗੁਰਵਿੰਦਰ ਸਿੰਘ ਗੋਲਡੀ ਅਤੇ ਕਰਮਚੰਦ ਗਾਂਧੀ ਵਲੋਂ 72 ਸੇਵਾ ਮੁਕਤ ਕਰਮਚਾਰੀਆਂ ਨੂੰ ਸਨਮਾਨ ਭੇਂਟ ਕੀਤੇ ਗਏ। ਇਹ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਉਤਸ਼ਾਹ ਜਨਕ ਪ੍ਰੋਗਰਾਮ ਸੀ ਜ਼ੋ ਕਿ ਇੱਕ ਨਿਵੇਕਲੀ ਛਾਪ ਛੱਡ ਗਿਆ ।