post

Jasbeer Singh

(Chief Editor)

National

ਰੈਗੂਲੇਟਰੀ ਸੰਸਥਾਵਾਂ ਦੀ ਕਾਰਗੁਜ਼ਾਰੀ ਬਾਰੇ ਨਜ਼ਰਸਾਨੀ ਲਈ ਪੀਏਸੀ ਦੀ ਮੀਟਿੰਗ 10 ਨੂੰ

post-img

ਰੈਗੂਲੇਟਰੀ ਸੰਸਥਾਵਾਂ ਦੀ ਕਾਰਗੁਜ਼ਾਰੀ ਬਾਰੇ ਨਜ਼ਰਸਾਨੀ ਲਈ ਪੀਏਸੀ ਦੀ ਮੀਟਿੰਗ 10 ਨੂੰ ਕਿਸੇ ਅਧਿਕਾਰਤ ਸੰਸਥਾ ਦੀ ਰਿਪੋਰਟ ’ਤੇ ਹੀ ਮਾਮਲੇ ਦੀ ਹੋ ਸਕਦੀ ਹੈ ਪੜਤਾਲ: ਨਿਸ਼ੀਕਾਂਤ ਦੂਬੇ ਨਵੀਂ ਦਿੱਲੀ : ਲੋਕ ਲੇਖਾ ਕਮੇਟੀ (ਪੀਏਸੀ) ਦੇ ਚੇਅਰਮੈਨ ਕੇਸੀ ਵੇਣੂਗੋਪਾਲ ਨੇ ਅੱਜ ਕਿਹਾ ਕਿ ਸੇਬੀ ਚੇਅਰਪਰਸਨ ਮਾਧਵੀ ਬੁਚ, ਜੋ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ, ਨੂੰ ਤਲਬ ਕਰਨ ਬਾਰੇ ਕਮੇਟੀ ਕੋਈ ਫ਼ੈਸਲਾ ਲਵੇਗੀ। ਬੁਚ ਨੂੰ ਪੁੱਛ-ਪੜਤਾਲ ਲਈ ਸੱਦੇ ਜਾਣ ਦੇ ਸੁਝਾਅ ਬਾਰੇ ਭਾਜਪਾ ਦੇ ਸੰਸਦ ਮੈਂਬਰ ਅਤੇ ਪੀਏਸੀ ਦੇ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਕਮੇਟੀ ਸਿਰਫ਼ ਕਿਸੇ ਅਧਿਕਾਰਤ ਸੰਸਥਾ ਵੱਲੋਂ ਤਿਆਰ ਤੱਥਾਂ ’ਤੇ ਆਧਾਰਿਤ ਰਿਪੋਰਟਾਂ ’ਤੇ ਹੀ ਮਾਮਲੇ ਦੀ ਪੜਤਾਲ ਕਰ ਸਕਦੀ ਹੈ। ਪੀਏਸੀ ਦੀ ਮੀਟਿੰਗ 10 ਸਤੰਬਰ ਨੂੰ ਹੋਵੇਗੀ, ਜਦੋਂ ਜਲ ਸ਼ਕਤੀ ਮੰਤਰਾਲੇ ਦੇ ਨੁਮਾਇੰਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਸੀਏਜੀ) ਦੀ ਰਿਪੋਰਟ ਦੇ ਆਧਾਰ ’ਤੇ ਜਲ ਜੀਵਨ ਮਿਸ਼ਨ ਬਾਰੇ ਕਾਰਗੁਜ਼ਾਰੀ ਦੀ ਜਾਣਕਾਰੀ ਸਾਂਝੀ ਕਰਨਗੇ। ਸੇਬੀ ਚੇਅਰਪਰਸਨ ਮਾਧਵੀ ਬੁਚ ਖ਼ਿਲਾਫ਼ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਨੂੰ ਲੈ ਕੇ ਸੰਸਦੀ ਕਮੇਟੀ ਵੱਲੋਂ ਤਲਬ ਕੀਤੇ ਜਾਣ ਦੀਆਂ ਰਿਪੋਰਟਾਂ ਦਰਮਿਆਨ ਕਾਂਗਰਸ ਆਗੂ ਵੇਣੂਗੋਪਾਲ ਨੇ ਕਿਹਾ ਕਿ ਪੀਏਸੀ ਨੇ ਸੰਸਦ ਦੇ ਐਕਟਾਂ ਰਾਹੀਂ ਬਣੀਆਂ ਰੈਗੂਲੇਟਰੀ ਸੰਸਥਾਵਾਂ ਦੇ ਕੰਮਕਾਜ ਦੀ ਨਜ਼ਰਸਾਨੀ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਆਪਣੇ ਮੈਂਬਰਾਂ ਦੇ ਸੁਝਾਅ ’ਤੇ ਸੇਬੀ ਅਤੇ ਟਰਾਈ ਵਰਗੇ ਰੈਗੂਲੇਟਰਾਂ ਦੀ ਕਾਰਗੁਜ਼ਾਰੀ ਦੀ ਨਜ਼ਰਸਾਨੀ ਵੀ ਕੀਤੀ ਜਾਵੇਗੀ। ਵੇਣੂਗੋਪਾਲ ਨੇ ਕਿਹਾ ਕਿ ਮੈਂਬਰਾਂ ਨੇ ਸੰਸਦ ਦੇ ਐਕਟਾਂ ਰਾਹੀਂ ਸਥਾਪਤ ਰੈਗੂਲੇਟਰਾਂ ਦੀ ਕਾਰਗੁਜ਼ਾਰੀ ਦੀ ਨਜ਼ਰਸਾਨੀ ਸਮੇਤ ਵੱਖ ਵੱਖ ਵਿਸ਼ਿਆਂ ’ਤੇ ਸੁਝਾਅ ਦਿੱਤੇ ਹਨ, ਜਿਨ੍ਹਾਂ ਨੂੰ ਏਜੰਡੇ ’ਚ ਸ਼ਾਮਲ ਕਰ ਲਿਆ ਗਿਆ ਹੈ।

Related Post