July 6, 2024 01:46:14
post

Jasbeer Singh

(Chief Editor)

Patiala News

ਪਟਿਆਲਾ: 2368 ਪੋਲਿੰਗ ਬੂਥਾਂ ’ਤੇ 17 ਹਜ਼ਾਰ ਤੋਂ ਵੀ ਵੱਧ ਮੁਲਾਜ਼ਮਾਂ ਦੀ ਤਾਇਨਾਤੀ

post-img

ਲੋਕ ਸਭਾ ਲਈ ਪਹਿਲੀ ਜੂਨ ਨੂੰ ਪੈਣ ਵਾਲੀਆਂ ਵੋਟਾਂ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਇਥੋਂ ਦੇ ਸਮੂਹ ਉਮੀਦਵਾਰਾਂ ਵੱਲੋਂ ਵੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਥੋਂ ਦੇ 9 ਵਿਧਾਨ ਸਭਾ ਹਲਕਿਆਂ ਵਿਚਲੇ 18.06 ਲੱਖ ਵੋਟਰ ਇਥੇ ਕਿਸਮਤ ਅਜ਼ਮਾ ਰਹੇ 26 ਉਮੀਦਵਾਰਾਂ ਵਿਚੋਂ ਪਹਿਲੀ ਜੂਨ ਨੂੰ ਕਿਸੇ ਇੱਕ ਨੂੰ ਪਟਿਆਲਾ ਦਾ ਐੱਮਪੀ ਚੁਣਨਗੇ, ਜਿਸਦਾ ਖੁਲਾਸਾ 4 ਜੂਨ ਦੀ ਖਿੜੀ ਦੁਪਹਿਰ ਕਰੇਗੀ। ਇਥੇ ਵੋਟਰਾਂ ਵਿੱਚੋਂ 8.62 ਲੱਖ ਮਹਿਲਾਵਾਂ ਅਤੇ 9.44 ਲੱਖ ਪੁਰਸ਼ ਤੇ 80 ਥਰਡ ਜੈਂਡਰ ਵੋਟਰ ਹਨ, ਜਿਨ੍ਹਾਂ ਵਿੱਚੋਂ ਹੀ 13763 ਦਿਵਿਆਂਗ ਵੋਟਰ ਵੀ ਹਨ। ਪਟਿਆਲਾ ਹਲਕੇ ਦੇ 2,368 ਪੋਲਿੰਗ ਬੂਥਾਂ ਲਈ 17 ਹਜ਼ਾਰ ਤੋਂ ਵੀ ਵੱਧ ਮੁਲਾਜ਼ਮਾ ਦੀ ਤਾਇਨਾਤੀ ਕੀਤੀ ਗਈ ਹੈ। ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਵੱਲੋਂ ਚੋਣ ਅਮਲ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰੀਜ਼ਾਈਡਿੰਗ ਅਫ਼ਸਰਾਂ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ ਅਤੇ ਪੋਲਿੰਗ ਅਫ਼ਸਰਾਂ ਦੀਆਂ 2368 ਪਾਰਟੀਆਂ ਈਵੀਐੱਮਜ਼ ਤੇ ਹੋਰ ਚੋਣ ਸਮੱਗਰੀ ਸਮੇਤ ਸੁਰੱਖਿਆ ਦਸਤਿਆਂ ਦੀ ਨਿਗਰਾਨੀ ਹੇਠ ਪੋਲਿੰਗ ਸਟੇਸ਼ਨਾਂ ’ਤੇ ਪਹੁੰਚ ਗਈਆਂ ਹਨ। ਇਨ੍ਹਾਂ ਮੁਲਾਜ਼ਮਾਂ ਵਿੱਚ 12051 ਦੇ ਸਿਵਲ ਦੇ ਕਰਮਚਾਰੀ ਤੇ ਅਧਿਕਾਰੀਆਂ ਤੋਂ ਇਲਾਵਾ ਪੰਜ ਹਜ਼ਾਰ ਤੋਂ ਵੀ ਜ਼ਿਆਦਾ ਪੁਲੀਸ ਮੁਲਾਜ਼ਮ ਤੇ ਅਧਿਕਾਰੀ ਵੀ ਮੌਜੂਦ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਰੇਕ ਹਲਕੇ ’ਚ ਔਰਤਾਂ ਅਤੇ ਦਿਵਿਆਂਗ ਵੋਟਰਾਂ ਲਈ ਵੀ ਇੱਕ-ਇੱਕ ਵਿਸ਼ੇਸ਼ ਬੂਥ ਹੋਵਗਾ। ਇਸਤਰੀ ਬੂਥ ’ਚ ਮਹਿਲਾ ਅਮਲਾ ਹੀ ਹੋਵੇਗਾ ਜਦ ਕਿ ਇੱਕ ਬੂਥ ਨੌਜਵਾਨਾਂ ਨੂੰ ਸਮਰਪਿਤ ਰਹੇਗਾ। ਇਸ ਦਾ ਪ੍ਰਬੰਧ ਨੌਜਵਾਨਾਂ ਵੱਲੋਂ ਕੀਤਾ ਜਾਵੇਗਾ। ਚਾਰ ਦਰਜਨ ਦੇ ਕਰੀਬ ਮਾਡਲ ਪੋਲਿੰਗ ਬੂਥ ਹੋਣਗੇ। ਪ੍ਰਸ਼ਾਸਨ ਵੱਲੋਂ ਦਿਵਿਆਂਗ, ਬਜ਼ੁਰਗਾਂ, ਨੌਜਵਾਨਾਂ ਤੇ ਔਰਤਾਂ ਸਮੇਤ ਵਿਸ਼ੇਸ਼ ਲੋੜਾਂ ਵਾਲਿਆਂ ਦੀਆਂ 100 ਫੀਸਦੀ ਵੋਟਾਂ ਪੁਆਉਣ ਸਮੇਤ ਉਨ੍ਹਾਂ ਲਈ ਵਾਲੰਟੀਅਰ ਦੀ ਸਹਾਇਤਾ, ਵੀਲ੍ਹ ਚੇਅਰ, ਸਟਰੈਚਰ, ਪਾਣੀ, ਛਾਂ, ਛੋਟੇ ਬੱਚਿਆਂ ਲਈ ਕਰੈਚ ਆਦਿ ਸਹੂਲਤਾਂ ਦੇ ਵੀ ਪ੍ਰਬੰਧ ਹੋਣਗੇ। ਮੈਡੀਕਲ ਟੀਮਾਂ ਤੇ ਐਂਬੂਲੈਂਸਾਂ ਸਮੇਤ ਸਾਰੇ ਬੂਥਾਂ ’ਤੇ ਆਸ਼ਾ ਵਰਕਰਾਂ ਵੀ ਤਾਇਨਾਤ ਕੀਤੀਆਂ ਹਨ। ਫੋਟੋ ਵੋਟਰ ਸਲਿਪਾਂ ਸਮੇਤ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਕੇਂਦਰ/ ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਿਟਡ ਕੰਪਨੀਆਂ ਦੁਆਰਾ ਮੁਲਾਜ਼ਮਾਂ ਨੂੰ ਜਾਰੀ ਸਰਵਿਸ ਪਛਾਣ ਪੱਤਰ, ਬੈਂਕਾਂ/ਡਾਕਖਾਨੇ ਦੁਆਰਾ ਜਾਰੀ ਫੋਟੋ ਸਹਿਤ ਪਾਸ ਬੁੱਕ, ਪੈਨ ਕਾਰਡ, ਮਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਸਮਾਰਟ ਕਾਰਡ, ਸਿਹਤ ਬੀਮਾ ਕਾਰਡ, ਫੋਟੋ ਸਹਿਤ ਪੈਨਸ਼ਨ ਦਸਤਾਵੇਜ ਤੇ ਐੱਮਪੀ. ਐੱਮਐੱਲਏ ਨੂੰ ਜਾਰੀ ਪਛਾਣ ਪੱਤਰ ਦਿਖਾ ਕੇ ਵੀ ਵੋਟ ਪਾਈ ਜਾ ਸਕੇਗੀ। ਪੰਜ ਹਜ਼ਾਰ ਤੋਂ ਵੱਧ ਪੁਲੀਸ ਨਫਰੀ ਤਾਇਨਾਤ ਪਟਿਆਲਾ ਲੋਕ ਸਭਾ ਹਲਕੇ ’ਚ ਪੁਰਅਮਨ ਢੰਗ ਨਾਲ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਪੰਜ ਹਜ਼ਾਰ ਤੋਂ ਵੱਧ ਪੁਲੀਸ ਨਫਰੀ ਤਾਇਨਾਤ ਕੀਤੀ ਗਈ ਹੈ। ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਪਟਿਆਲਾ ਦੇ ਆਈਜੀ ਹਰਚਰਨ ਭੁੱਲਰ ਦੀ ਦੇਖਰੇਖ ਹੇਠ ਐੱਸਐੱਸਪੀ ਵਰੁਣ ਸ਼ਰਮਾ ਕਰ ਰਹੇ ਹਨ। ਪਟਿਆਲਾ ਵਿਚਲਾ ਡੇਰਾਬੱਸੀ ਹਲਕਾ ਮੁਹਾਲੀ ਜ਼ਿਲ੍ਹੇ ’ਚ ਪੈਂਦਾ ਹੋਣ ਕਰ ਕੇ ਉਥੋਂ ਦੀ ਜ਼ਿੰਮੇਵਾਰੀ ਮੁਹਾਲੀ ਪੁਲੀਸ ਦੀ ਹੈ। ਪੁਖ਼ਤਾ ਇੰਤਜ਼ਾਮਾਂ ਵਜੋਂ ਪੰਜਾਬ ਪੁਲੀਸ ਤੇ ਪੈਰਾ ਮਿਲਟਰੀ ਫੋਰਸਿਜ਼ ਦੇ ਪੰਜ ਹਜ਼ਾਰ ਤੋਂ ਵੀ ਵੱਧ ਜਵਾਨ ਤੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਸ ’ਚ ਅਰਧ ਸੁਰੱਖਿਆ ਬਲਾਂ ਦੀਆਂ 14 ਕੰਪਨੀਆਂ ਹਨ। ਐੱਸਐੱਸਪੀ ਵਰੁਣ ਸ਼ਰਮਾ ਦਾ ਕਹਿਣਾ ਸੀ ਕਿ ਸਮੁੱਚੇ ਹਲਕੇ ਨੂੰ ਜ਼ੋਨਾਂ ਵਿੱਚ ਵੰਡ ਕੇ ਐੱਸਪੀ ਅਤੇ ਡੀਐੱਸਪੀ ਰੈਂਕ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। 143 ਪੈਟਰੌਲਿੰਗ ਪਾਰਟੀਆਂ ਨੂੰ ਵਾਇਰਲੈਸਾਂ ਨਾਲ ਲੈਸ ਕੀਤਾ ਗਿਆ ਹੈ। ਜ਼ਿਲ੍ਹੇ ਦੇ ਹਰਿਆਣਾ ਨਾਲ ਲੱਗਦੇ ਇਲਾਕਿਆਂ ’ਚ 14 ਅੰਤਰਰਾਜੀ ਅਤੇ 8 ਅੰਤਰ ਜ਼ਿਲ੍ਹਾ ਨਾਕੇ ਵੀ ਲਾਏ ਗਏ ਹਨ। ਪੋਲਿੰਗ ਸਟੇਸ਼ਨਾਂ ਦੀਆਂ 123 ਲੋਕੇਸ਼ਨਾਂ ਕ੍ਰਿਟੀਕਲ ਤੇ ਵਨਰਏਬਲ ਹੋਣ ਕਰਕੇ ਇੱਥੇ 170 ਮਾਈਕਰੋ ਆਬਜ਼ਰਵਰ ਵੀ ਤਾਇਨਾਤ ਰਹਿਣਗੇ। ਵੈੱਬ ਕਾਸਟਿੰਗ ਤੇ ਵਿਸ਼ੇਸ਼ ਵੀਡੀਓਗ੍ਰਾਫ਼ੀ ਲਈ ਵੀ ਕੈਮਰਿਆਂ ਦਾ ਪ੍ਰਬੰਧ ਹੈ। ਸੌ ਦੇ ਕਰੀਬ ਫਲਾਇੰਗ ਸਕੁਐਡ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਨੂੰ ਜੀ.ਪੀ.ਐਸ ਤੇ ਕੈਮਰਿਆਂ ਨਾਲ ਲੈਸ ਗੱਡੀਆਂ ਦਿੱਤੀਆਂ ਹਨ , ਜੋ ਹਰੇਕ ਗਤੀਵਿਧੀ ’ਤੇ ਨਜ਼ਰ ਰੱਖਣਗੀਆਂ। ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

Related Post