 
                                             ਪਟਿਆਲਾ: ਕਿਸਾਨ ਦੀ ਮੌਤ ਮਾਮਲੇ ’ਚ ਹਰਪਾਲਪੁਰ ਨੂੰ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਮਿਲੀ
- by Aaksh News
- June 1, 2024
 
                              ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖ਼ਿਲਾਫ਼ ਕਿਸਾਨਾਂ ਵੱਲੋਂ ਪਿੰਡ ਸੇਹਰਾ ਵਿਖੇ ਕੀਤੇ ਪ੍ਰਦਰਸ਼ਨ ਦੌਰਾਨ ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਦੀ ਮੌਤ ਸਬੰਧੀ ਦਰਜ ਮਾਮਲੇ ਵਿੱਚ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਮਿਲ ਗਈ। 4 ਮਈ ਨੂੰ ਜਦੋਂ ਪ੍ਰਨੀਤ ਕੌਰ ਪਿੰਡ ਸੇਹਰਾ ਵਿਖੇ ਚੋਣ ਮੀਟਿੰਗ ਵਿੱਚ ਗਏ ਸਨ ਤਾਂ ਕਿਸਾਨਾਂ ਨੇ ਘਿਰਾਓ ਕਰਕੇ ਮੁਜ਼ਾਹਰਾ ਕੀਤਾ। ਇਸ ਦੌਰਾਨ ਸੁਰਿੰਦਰਪਾਲ ਆਕੜੀ ਦੀ ਮੌਤ ਹੋ ਗਈ ਸੀ। ਉਸ ਮੌਕੇ ਪ੍ਰਨੀਤ ਕੌਰ ਦੇ ਨਾਲ ਮੌਜੂਦ ਹਰਵਿੰਦਰ ਹਰਪਾਲਪੁਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਸਾਨ ਜਥੇਬੰਦੀਆਂ ਦੀ ਮੰਗ ਅਤੇ ਮ੍ਰਿਤਕ ਦੇ ਭਤੀਜੇ ਦੀ ਸ਼ਿਕਾਇਤ ‘ਤੇ ਥਾਣਾ ਖੇੜੀਗੰਡਿਆਂ ਵਿਖੇ ਧਾਰਾ 304 ਤਹਿਤ 5 ਮਈ ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਮਗਰੋਂ ਕਿਸਾਨਾਂ ਅਤੇ ਸਰਕਾਰ ਦਰਮਿਆਨ ਹੋਏ ਸਮਝੌਤੇ ਮਗਰੋਂ 9 ਮਈ ਨੂੰ ਕਿਸਾਨ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਦਾ ਸਸਕਾਰ ਕੀਤਾ ਗਿਆ। ਸਮਝੌਤੇ ਮੁਤਾਬਕ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਅਤੇ ਮਹੀਨੇ ਦੇ ਅੰਦਰ ਹਰਪਾਲਪੁਰ ਦੀ ਗ੍ਰਿਫਤਾਰੀ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਇਸੇ ਦੌਰਾਨ ਹਰਪਾਲਪੁਰ ਨੇ ਆਪਣੀ ਜ਼ਮਾਨਤ ਲਈ ਪਟਿਆਲਾ ਅਦਾਲਤ ’ਚ ਅਰਜ਼ੀ ਪਾਈ ਤਾਂ 28 ਮਈ ਨੂੰ ਖਾਰਜ ਹੀ ਗਈੇ ਇਸ ਮਗਰੋਂ ਉਨ੍ਹਾਂ 30 ਮਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਪਾਈ। ਹਾਈਕੋਰਟ ਦੇ ਜਸਟਿਸ ਕਰਮਜੀਤ ਸਿੰਘ ਨੇ ਹਰਪਾਲਪੁਰ ਨੂੰ ਤਫਦੀਸ਼ ਵਿੱਚ ਸ਼ਾਮਲ ਹੋਣ ਦੀ ਸ਼ਰਤ ’ਤੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                          
 
                      
                      
                      
                      
                     