
ਪਟਿਆਲਾ ਵਿੱਚ ਤਣਾਅਪੂਰਨ ਮਾਹੌਲ, ਕਿਸਾਨਾਂ ਨੇ ਜ਼ਬਰੀ ਬੰਦ ਕਰਵਾਏ ਪੈਟਰੋਲ ਪੰਪ ਅਤੇ ਠੇਕੇ....

ਪਟਿਆਲਾ : ਪੰਜਾਬ ਬੰਦ ਦੇ ਦੌਰਾਨ ਪਟਿਆਲਾ ਦੇ ਭਾਦਸੋਂ ਰੋਡ 'ਤੇ ਕਿਸਾਨਾਂ ਨੇ ਖੁੱਲ੍ਹੇ ਪੈਟਰੋਲ ਪੰਪਾਂ ਅਤੇ ਸ਼ਰਾਬ ਦੇ ਠੇਕਿਆਂ 'ਤੇ ਧਾਵਾ ਬੋਲਿਆ ਅਤੇ ਉਨ੍ਹਾਂ ਨੂੰ ਬੰਦ ਕਰਵਾ ਦਿੱਤਾ। ਸਵੇਰੇ ਜਦੋਂ ਵਾਹਨਾਂ ਵਿੱਚ ਪੈਟਰੋਲ ਭਰਿਆ ਜਾ ਰਿਹਾ ਸੀ, ਉਸ ਸਮੇਂ ਪੰਪਾਂ ਨੂੰ ਰੱਸੀ ਲਾ ਕੇ ਬੰਦ ਕਰ ਦਿੱਤਾ ਗਿਆ। ਇਨ੍ਹਾਂ ਠੇਕਿਆਂ ਦੇ ਨਾਲ ਹੀ ਇਕ ਢਾਬਾ ਵੀ ਕਿਸਾਨਾਂ ਵਲੋਂ ਜ਼ਬਰੀ ਤੌਰ 'ਤੇ ਬੰਦ ਕਰਵਾ ਦਿੱਤਾ ਗਿਆ ਹੈ। ਇਸ ਦੌਰਾਨ ਪਟਿਆਲਾ ਵਿੱਚ ਕੁਝ ਸਰਕਾਰੀ ਬੈਂਕ ਖੁੱਲ੍ਹੇ ਹੋਏ ਸਨ। ਰਿਪੋਰਟਾਂ ਦੇ ਅਨੁਸਾਰ, ਕਿਸਾਨਾਂ ਨੇ ਬੈਂਕਾਂ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਪਟਿਆਲਾ ਦੇ ਛੋਟੀ ਬਾਰਾਦਰੀ ਇਲਾਕੇ ਵਿੱਚ ਕੁਝ ਬੈਂਕਾਂ ਨੂੰ ਬੰਦ ਕਰਵਾਇਆ ਗਿਆ, ਪਰ ਕੁਝ ਸਰਕਾਰੀ ਬੈਂਕ ਅਜੇ ਵੀ ਖੁੱਲ੍ਹੇ ਰਹੇ। ਇਨ੍ਹਾਂ ਖੁੱਲ੍ਹੇ ਬੈਂਕਾਂ ਨੂੰ ਬੰਦ ਕਰਵਾਉਣ ਲਈ ਕਿਸਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਨਾਅਰੇਬਾਜ਼ੀ ਕੀਤੀ। ਪਟਿਆਲਾ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਹੈ, ਜਿੱਥੇ ਬੰਦ ਕਾਰਨ ਵਪਾਰ ਅਤੇ ਸਰਕਾਰੀ ਸੇਵਾਵਾਂ 'ਤੇ ਪ੍ਰਭਾਵ ਪੈ ਰਿਹਾ ਹੈ।