
ਲੋਕ ਸਭਾ ਹਲਕਾ ਪਟਿਆਲਾ ਤੋਂ ਫੋਨ ’ਤੇ ਹੋ ਰਹੀ ਹੈ ਕਾਂਗਰਸੀ ਉਮੀਦਵਾਰ ਦੀ ਭਾਲ, ਚਾਰ ਨੇਤਾਵਾਂ ਦੇ ਨਾਮ ਕੀਤੇ ਗਏ ਹਨ ਸੂਚੀ
- by Jasbeer Singh
- March 30, 2024

ਲੋਕ ਸਭਾ ਹਲਕਾ ਪਟਿਆਲਾ ’ਚ ਕਾਂਗਰਸ ਲਈ ਉਮੀਦਵਾਰੀ ਵੱਡੀ ਚਣੌਤੀ ਬਣੀ ਹੋਈ ਹੈ। ਕੈਪਟਨ ਪਰਿਵਾਰ ਵਲੋਂ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਪਾਰਟੀ ਨੂੰ ਉਮੀਦਵਾਰ ਲੱਭਣ ਲਈ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਸ਼ਾਹੀ ਪਰਿਵਾਰ ਦਾ ਗੜ੍ਹ ਮੰਨੇ ਜਾਣ ਵਾਲੇ ਇਸ ਹਲਕੇ ਵਿਚ ਹੁਣ ਫੋਨ ਕਰ ਕੇ ਹੀ ਉਮੀਦਵਾਰ ਦਾ ਨਾਮ ਪੁੱਛਣਾ ਸ਼ੁਰੂ ਕਰ ਦਿੱਤਾ ਹੈ। ਚਾਰ ਨੇਤਾਵਾਂ ਦਾ ਨਾਮ ਆਪਣੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ, ਜਿਨਾਂ ਬਾਰੇ ਫੋਨ ਕਰਕੇ ਲੋਕਾਂ ਤੋਂ ਸਲਾਹ ਲਈ ਜਾ ਰਹੀ ਹੈ। ਫਿਲਹਾਲ ਸਥਾਨਕ ਕਾਂਗਰਸੀ ਨੇਤਾ ਪਾਰਟੀ ਵੱਲੋਂ ਅਜਿਹਾ ਸਵਰੇ ਕਰਵਾਉਣ ਤੋਂ ਅਣਜਾਣ ਬਣੇ ਹੋਏ ਹਨ।ਬੀਤੇ ਦਿਨ ਤੋਂ ਕਾਂਗਰਸ ਪਾਰਟੀ ਵਲੋਂ ਫੋਨ ਰਾਹੀਂ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ ਗਿਆ ਹੈ। ਜਿਸ ਰਾਹੀਂ ਲੋਕਾਂ ਨੂੰ ਚਾਰ ਨੇਤਾਵਾਂ ਡਾ. ਧਰਮਵੀਰ ਗਾਂਧੀ, ਵਿਜੇਇੰਦਰ ਸਿੰਗਲਾ, ਹਰਦਿਆਲ ਸਿੰਘ ਕੰਬੋਜ ਤੇ ਲਾਲ ਸਿੰਘ ਦਾ ਨਾਮ ਦੱਸ ਕੇ ਇਨਾਂ ਵਿਚੋਂ ਲੋਕ ਸਭਾ ਚੋਣ ਲਈ ਪਸੰਦਿਦਾ ਨੇਤਾ ਨਾਮ ਪੁੱਛਿਆ ਜਾ ਰਿਹਾ ਹੈ। ਵਿਜੇਇੰਦਰ ਸਿੰਗਲਾ ਟਕਸਾਲੀ ਕਾਂਗਰਸੀ ਹੋਣ ਦੇ ਨਾਲ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਮੰਤਰੀ ਵੀ ਰਹੇ ਹਨ ਜਿਨਾਂ ਦਾ ਪਾਰਟੀ ਹਾਈਕਮਾਂਡ ਨਾਲ ਵੀ ਚੰਗਾ ਰਿਸ਼ਤਾ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਸੂਚੀ ਵਿਚ ਸ਼ਾਮਿਲ ਹਰਦਿਆਲ ਸਿੰਘ ਕੰਬੋਜ ਪਾਰਟੀ ਨਾਲ ਪੁਰਾਣੇ ਜੁੜੇ ਹੋਏ ਨੇਤਾ ਹਨ ਤੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਨ। ਸਾਬਕਾ ਐੱਮ.ਪੀ ਡਾ. ਧਰਮਵੀਰ ਗਾਂਧੀ ਭਾਵੇਂ ਕਿ ਰਸਮੀ ਤੌਰ ’ਤੇ ਕਾਂਗਰਸ ਵਿਚ ਸ਼ਾਮਿਲ ਨਹੀਂ ਹੋਏ ਹਨ ਪਰ ਪਾਰਟੀ ਵੱਲੋਂ ਇਨਾਂ ਨੂੰ ਆਪਣੇ ਸੰਭਾਵੀ ਉਮੀਦਵਾਰਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਹੈ। ਇਸ ਦੇ ਨਾਲ ਹੀ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਦਾ ਨਾਮ ਹੈ।ਜੋ ਡਰ ਗਿਆ, ਸੋ ਮਰ ਗਿਆ, ਮੈਂ ਚੋਣ ਲੜਣ ਲਈ ਤਿਆਰ : ਲਾਲ ਸਿੰਘ ਲਾਲ ਸਿੰਘ ਨੇ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਤੇ ਹੁਣ ਰਵਨੀਤ ਬਿੱਟੂ ਪਾਰਟੀ ਛੱਡ ਗਏ। ਉਨ੍ਹਾਂ ਕਿਹਾ ਕਿ ਲਾਲਚ ਵਸ ਤੇ ਡਰ ਕੇ ਮਾਂ ਪਾਰਟੀ ਨੂੰ ਛੱਡਣਾ ਵੱਡਾ ਧੋਖਾ ਹੈ, ਜੋ ਡਰ ਗਿਆ ਸੋ ਮਰ ਗਿਆ। ਉ੍ਹਨਾਂ ਕਿਹਾ ਕਿ ਬਿੱਟੂ ਨੇ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਮਿੱਟੀ ਵਿਚ ਰੋਲ ਦਿੱਤਾ ਹੈ। ਪਾਰਟੀ ਵਿਚ ਚੰਗਾ ਮਾੜਾ ਵਕਤ ਆਉਂਦਾ ਤੇ ਜਾਂਦਾ ਹੈ। 47 ਸਾਲ ਤੋਂ ਪਾਰਟੀ ਨਾਲ ਚੱਟਾਨ ਵਾਂਗ ਖੜ੍ਹਾ ਹਾਂ, 1977 ਤੋਂ ਬਾਅਦ 1980 ਪਾਰਲੀਮੈਂਟ ਚੋਣ ਹੋਈ ਤਾਂ ਦੇਸ਼ ਵਿਚ ਕਾਂਗਰਸ ਦੀ ਸਰਕਾਰ ਬਣੀ। 1997 ਦੀ ਅਸੈਂਬਲੀ ਵਿਚ ਸਾਰੇ ਹਾਰ ਗਏ ਫੇਰ ਸੰਘਰਸ਼ ਕੀਤਾ ਤੇ ਚਾਰ ਤੋਂ 64 ਐੱਮਐੱਲਏ ਬਣ ਗਏ। ਇਸ ਲਈ ਕਾਂਗਰਸ ਪਾਰਟੀ ਕਦੇ ਖਤਮ ਨਹੀਂ ਹੋ ਸਕਦੀ। ਉਹ ਇਸ ਵਾਰ ਪਟਿਆਲਾ ਤੋਂ ਪਾਰਲੀਮੈਂਟ ਚੋਣ ਲੜ ਕੇ ਪਾਰਟੀ ਦੀ ਝੋਲੀ ਜਿੱਤ ਪਾਉਣੀ ਚਾਹੁੰਦੇ ਹਨ। ਉਨਾਂ ਕਿਹਾ ਕਿ ਹੁਣ ਉਹ ਬਿਲਕੁਲ ਤੰਦਰੁਸਤ ਹਨ, ਰੋਜ਼ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰ ਰਿਹਾ ਹਨ ਤੇ ਪਾਰਟੀ ਲਈ ਚੋਣ ਮੈਦਾਨ ਵਿਚ ਉੱਤਰਨ ਲਈ ਤਿਆਰ ਹਾਂ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.