
ਰਾਜਪੁਰਾ-ਸਰਹਿੰਦ ਬਾਈਪਾਸ ’ਤੇ ਦੋ ਟਰੱਕਾਂ ਦੀ ਟੱਕਰ ’ਚ ਡਰਾਈਵਰ ਗੰਭੀਰ ਜ਼ਖ਼ਮੀ
- by Jasbeer Singh
- March 23, 2024

ਰਾਜਪੁਰਾ-ਸਰਹਿੰਦ ਬਾਈਪਾਸ ’ਤੇ ਸ਼ੁੱਕਰਵਾਰ ਤੜਕੇ ਦੋ ਟਰੱਕਾਂ ਦੇ ਆਪਸ ਵਿੱਚ ਟਕਰਾਅ ਜਾਣ ਕਾਰਨ ਟਰੱਕ ਚਾਲਕ ਜ਼ਖ਼ਮੀ ਹੋ ਗਿਆ, ਜਦਕਿ ਦੋਵੇਂ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਮੌਕੇ ਸੜਕ ਸੁਰੱਖਿਆ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰ ਕੇ ਟਰੈਫਿਕ ਨੂੰ ਨਿਰਵਿਘਨ ਚਾਲੂ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਚਾਲਕ ਹੀਰਾ ਸਿੰਘ ਜੋ ਕਿ ਟਰੱਕ ਵਿੱਚ ਸਮਾਣਾ ਤੋਂ ਇੱਟਾਂ ਲੈ ਕੇ ਮੋਹਾਲੀ ਜਾ ਰਹੇ ਸਨ, ਦੀ ਇੱਕ ਟਰੱਕ ਨਾਲ ਟੱਕਰ ਹੋ ਗਈ। ਇਸ ਤਰ੍ਹਾਂ ਦੂਜੇ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਬਠਿੰਡਾ ਤੋਂ ਕੇਰੀ ਲੈ ਕੇ ਡੇਰਾਬੱਸੀ ਲੈ ਕੇ ਜਾਣੀ ਸੀ ਕਿ ਅਚਾਨਕ ਐਕਸੀਡੈਂਟ ਹੋਣ ਕਾਰਨ ਟਰੱਕਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਇਸ ਸਬੰਧੀ ਨਿਰਮਲ ਸਿੰਘ ਏਐਸਆਈ ਸੜਕ ਸੁਰੱਖਿਆ ਫੋਰਸ ਰਾਜਪੁਰਾ ਨੇ ਦੱਸਿਆ ਕਿ ਹਾਦਸੇ ਦੀ ਕਿਸੇ ਰਾਹਗੀਰ ਵੱਲੋਂ ਸੂਚਨਾ ਦਿੱਤੀ ਗਈ ਸੀ ਤਾਂ ਸੜਕ ਸੁਰੱਖਿਆ ਪੁਲਿਸ ਫੋਰਸ ਮੌਕੇ ’ਤੇ ਪਹੁੰਚੀ ਤਾਂ ਟਰੱਕਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸੜਕ ’ਤੇ ਖੜ੍ਹੇ ਵਾਹਨਾਂ ਨੂੰ ਚੱਲਦਾ ਕਰਵਾਇਆ।