

ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਅੱਜ ਪਟਿਆਲਾ ਵਿੱਚ ਘੱਟੋ-ਘੱਟ ਤਾਪਮਾਨ 34 ਡਿੱਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਰਿਕਾਰਡ ਹੋਇਆ। ਮੌਸਮ ਵਿਭਾਗ ਅਨੁਸਾਰ ਅਜੇ ਅਗਲਾ ਸਾਰਾ ਹਫ਼ਤਾ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਦੂਜੇ ਪਾਸੇ ਗਰਮੀ ਕਾਰਨ ਅੱਜ ਪਟਿਆਲਾ ਦੇ ਬਾਜ਼ਾਰ ਸੁੰਨੇ ਨਜ਼ਰ ਆਏ। ਹਰ ਐਤਵਾਰ ਲੱਗਣ ਵਾਲੀ ਮਾਰਕੀਟ ਵਿਚ ਵੀ ਇਕ ਦੁੱਕਾ ਲੋਕ ਨਜ਼ਰ ਆਏ ਜਿਸ ਕਰਕੇ ਦੁਕਾਨਦਾਰਾਂ ਦੇ ਵਪਾਰ ਨੂੰ ਵੀ ਕਾਫ਼ੀ ਧੱਕਾ ਲੱਗ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਘੱਟੋ-ਘੱਟ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਰਿਹਾ। ਹਵਾ 6.89 ਦੀ ਰਫ਼ਤਾਰ ਨਾਲ ਚੱਲੀ ਪਰ ਗਰਮੀ ਤੋਂ ਨਿਜਾਤ ਨਹੀਂ ਦਿਵਾ ਸਕੀ। ਮੌਸਮ ਵਿਭਾਗ ਦੇ ਪਟਿਆਲਾ ਦੇ ਹਫ਼ਤਾਵਾਰੀ ਮੌਸਮ ਦੀ ਭਵਿੱਖਬਾਣੀ ਅਨੁਸਾਰ ਹਫ਼ਤੇ ਦੇ ਵੱਖ-ਵੱਖ ਦਿਨਾਂ ’ਚ ਸੰਭਾਵਿਤ ਤਾਪਮਾਨ ਐਤਵਾਰ ਨੂੰ 47 ਡਿਗਰੀ, ਸੋਮਵਾਰ ਨੂੰ 48 ਡਿਗਰੀ, ਮੰਗਲਵਾਰ ਨੂੰ 47 ਡਿਗਰੀ, ਬੁੱਧਵਾਰ ਨੂੰ 46 ਡਿਗਰੀ, ਵੀਰਵਾਰ ਨੂੰ 46 ਡਿਗਰੀ, ਸ਼ੁੱਕਰਵਾਰ ਨੂੰ 44 ਡਿਗਰੀ ਅਤੇ ਸ਼ਨਿਚਰ ਨੂੰ ਇਹ 46 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ। ਮੈਡੀਕਲ ਕਾਲਜ ਪਟਿਆਲਾ ਦੇ ਪ੍ਰੋ. ਡਾ. ਇਕਬਾਲ ਸਿੰਘ ਨੇ ਕਿਹਾ ਕਿ ਬੱਚਿਆਂ ਤੇ ਬਜ਼ੁਰਗਾਂ ਨੂੰ ਗਰਮੀ ਤੋਂ ਬਚਾਉਣਾ ਲਾਜ਼ਮੀ ਹੁੰਦਾ ਹੈ। ਖ਼ਾਸ ਕਰਕੇ ਦੁਪਹਿਰ ਵੇਲੇ ਘਰੋਂ ਨੰਗੀ ਧੁੱਪ ਵਿਚ ਨਿਕਲਣਾ ਜ਼ਿਆਦਾ ਖ਼ਤਰਨਾਕ ਹੈ। ਦੂਜੇ ਪਾਸੇ ਗਰਮੀ ਦੇ ਕਹਿਰ ਕਾਰਨ ਸਾਉਣੀ ਦੀਆਂ ਮੁੱਖ ਫ਼ਸਲਾਂ ਨਰਮਾ, ਦਾਲਾਂ, ਸਬਜ਼ੀਆਂ, ਪਸ਼ੂਆਂ ਦਾ ਚਾਰਾ ਅਤੇ ਫਲਦਾਰ ਫ਼ਸਲਾਂ ਵੀ ਝੁਲਸ ਗਈਆਂ ਹਨ। ਖੇਤੀਬਾੜੀ ਮਾਹਿਰਾਂ ਅਨੁਸਾਰ ਗਰਮੀ ਦੇ ਮੌਸਮ ਵਿਚ ਪਾਣੀ ਦਾ ਖ਼ਾਸ ਧਿਆਨ ਰੱਖਣਾ ਜ਼ਰੂਰੀ ਹੈ, ਕਈ ਵਾਰ ਅੱਜ ਕੱਲ੍ਹ ਝੋਨੇ ਦੀ ਫ਼ਸਲ ਵੱਲ ਜ਼ਿਆਦਾ ਤਵੱਜੋਂ ਦੇਣ ਕਰਕੇ ਬਾਕੀ ਫ਼ਸਲਾਂ ਦਾ ਨੁਕਸਾਨ ਹੋ ਜਾਂਦਾ ਹੈ।