July 6, 2024 00:54:32
post

Jasbeer Singh

(Chief Editor)

Patiala News

ਅਰਬਨ ਅਸਟੇਟ ਵਿੱਚ ਸੜਕਾਂ ’ਤੇ ਲੱਗੇ ਕੂੜੇ ਦੇ ਢੇਰ

post-img

ਪੁੱਡਾ ਅਧੀਨ ਆਉਂਦੇ ਅਰਬਨ ਅਸਟੇਟ ਵਿੱਚ ਪੁੱਡਾ ਵੱਲੋਂ ਕੂੜਾ ਪ੍ਰਬੰਧਨ ਦੇ ਇੰਤਜ਼ਾਮ ਨਾ ਕਰਨ ’ਤੇ ਸੜਕਾਂ ਦੇ ਆਲ ਦੁਆਲੇ ਕੂੜੇ ਦੇ ਢੇਰ ਲੱਗੇ ਹੋਏ ਹਨ। ਅਰਬਨ ਅਸਟੇਟ ਫੇਸ-2 ਵਿੱਚ ਸੜਕਾਂ ’ਤੇ ਕੂੜੇ ਦੇ ਢੇਰ ਆਮ ਹੀ ਦੇਖੇ ਜਾ ਸਕਦੇ ਹਨ। ਭਾਵੇਂ ਪੁੱਡਾ ਵੱਲੋਂ ਲਾਏ ਬੋਰਡਾਂ ਵਿੱਚ ਲਿਖਿਆ ਹੈ ‘‘ਇੱਥੇ ਕੂੜਾ ਸੁੱਟਣਾ ਮਨ੍ਹਾਂ ਹੈ’’ ਪਰ ਫਿਰ ਲੋਕ ਇੱਥੇ ਘਰੇਲੂ ਕੂੜਾ ਸੁੱਟਦੇ ਹਨ। ਜਾਣਕਾਰੀ ਅਨੁਸਾਰ ਪੁੱਡਾ ਪ੍ਰਸ਼ਾਸਨ ਨੇ ਕੂੜਾ ਕਿਸੇ ਨਿਰਧਾਰਤ ਥਾਂ ’ਤੇ ਇਕੱਤਰ ਕਰਨ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਜਿਸ ਕਰਕੇ ਲੋਕ ਵੀ ਮਨ ਮਰਜ਼ੀ ਨਾਲ ਕੂੜਾ ਕਿਤੇ ਵੀ ਸੁੱਟ ਦਿੰਦੇ ਹਨ। ਇਸ ਤੋਂ ਇਲਾਵਾ ਨਵੇਂ ਬੱਸ ਸਟੈਂਡ ਤੋਂ ਸਰਹਿੰਦ ਰੋਡ ਨੂੰ ਜੋੜਨ ਵਾਲੀ ਸੜਕ ਦੇ ਅਰਬਨ ਅਸਟੇਟ ਫੇਸ-2 ਵਾਲੇ ਪਾਸੇ ਬਹੁਤ ਸਾਰਾ ਘਰੇਲੂ ਕੂੜਾ ਲਿਫਾਫਿਆਂ ਵਿਚ ਪਿਆ ਮਿਲ ਜਾਂਦਾ ਹੈ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੀ ਕੰਧ ਕੋਲ ਕੋਲ ਵੀ ਇਸੇ ਤਰ੍ਹਾਂ ਦੇ ਗੰਦਗੀ ਦੇ ਭਰੇ ਲਿਫ਼ਾਫ਼ੇ ਮਿਲ ਜਾਂਦੇ ਹਨ। ਸੜਕ ਦੇ ਨਾਲ ਰਿਆਨ ਸਕੂਲ ਨੇੜੇ ਬਣੇ ਗਰਾਊਂਡ ’ਚ ਵੀ ਕੂੜੇ ਦੇ ਢੇਰ ਦੇਖੇ ਜਾ ਸਕਦੇ ਹਨ। ਕਈ ਵਾਰੀ ਇਨ੍ਹਾਂ ਢੇਰਾਂ ’ਤੇ ਅੱਗ ਵੀ ਲੱਗੀ ਹੁੰਦੀ, ਜਿਸ ਨਾਲ ਰਾਹਗੀਰਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਆਉਂਦੀਆਂ ਹਨ। ਇੱਥੋਂ ਦੇ ਵਸਨੀਕ ਵਰਿੰਦਰ ਸੂਦ ਨੇ ਕਿਹਾ ਕਿ ਪੁੱਡਾ ਵੱਲੋਂ ਅਜਿਹਾ ਕੋਈ ਇੰਤਜ਼ਾਮ ਨਹੀਂ ਕੀਤਾ ਹੋਇਆ ਕਿ ਲੋਕ ਕੂੜਾ ਕਿਸੇ ਨਿਰਧਾਰਤ ਥਾਂ ’ਤੇ ਸੁੱਟਣ। ਭਾਵੇਂ ਘਰਾਂ ਵਿਚੋਂ ਕੁਝ ਲੋੜਵੰਦ ਲੋਕ ਕੂੜਾ ਇਕੱਠਾ ਕਰਨ ਵੀ ਆਉਂਦੇ ਹਨ ਪਰ ਫਿਰ ਵੀ ਲੋਕ ਘਰੇਲੂ ਕੂੜਾ ਸੜਕਾਂ ’ਤੇ ਸੁੱਟ ਦਿੰਦੇ ਹਨ, ਜਿਸ ਕਰਕੇ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਬਾਰੇ ਪੁੱਡਾ ਦੇ ਏਸੀਏ ਜਸ਼ਨਪ੍ਰੀਤ ਕੌਰ ਗਿੱਲ ਤੇ ਹੋਰ ਕਈ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਕਿਸੇ ਨੇ ਫ਼ੋਨ ਨਹੀਂ ਚੁੱਕਿਆ।

Related Post