 
                                             ਸਲਮਾਨ ਖਾਨ ਅਤੇ ਜ਼ੀਸ਼ਾਨ ਸਿੱਦੀਕੀ ਨੂੰ ਧਮਕੀ ਦੇਣ ਵਾਲਾ ਪੁਲਸ ਵਲੋਂ ਗ੍ਰਿਫ਼ਤਾਰ
- by Jasbeer Singh
- October 29, 2024
 
                              ਸਲਮਾਨ ਖਾਨ ਅਤੇ ਜ਼ੀਸ਼ਾਨ ਸਿੱਦੀਕੀ ਨੂੰ ਧਮਕੀ ਦੇਣ ਵਾਲਾ ਪੁਲਸ ਵਲੋਂ ਗ੍ਰਿਫ਼ਤਾਰ ਮੁੰਬਈ : ਅਦਾਕਾਰ ਸਲਮਾਨ ਖਾਨ ਅਤੇ ਐਨਸੀਪੀ ਆਗੂ ਜ਼ੀਸ਼ਾਨ ਸਿੱਦੀਕੀ ਨੂੰ ਕਥਿਤ ਤੌਰ ’ਤੇ ਧਮਕੀ ਭਰੇ ਫੋਨ ਕਰਨ ਦੇ ਦੋਸ਼ ਵਿੱਚ ਨੋਇਡਾ ਤੋਂ ਇੱਕ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੰਬਈ ਪੁਲੀਸ ਅਨੁਸਾਰ ਬਾਂਦਰਾ ਈਸਟ ਵਿੱਚ ਸਿੱਦੀਕੀ ਦੇ ਜਨਸੰਪਰਕ ਦਫ਼ਤਰ ਨੂੰ ਇਹ ਕਾਲ ਪ੍ਰਾਪਤ ਹੋਈ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਵਾਲਾ ਕਾਲ ਸ਼ੁੱਕਰਵਾਰ ਸ਼ਾਮ ਨੂੰ ਆਇਆ, ਜਿਸ ਵਿਚ ਵਿਅਕਤੀ ਨੇ ਜ਼ੀਸ਼ਾਨ ਸਿੱਦੀਕੀ ਅਤੇ ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਅਤੇ ਪੈਸੇ ਦੀ ਮੰਗ ਕੀਤੀ ਸੀ । ਮੁੰਬਈ ਪੁਲਸ ਨੇ ਜ਼ੀਸ਼ਾਨ ਸਿੱਦੀਕੀ ਦੇ ਦਫ਼ਤਰ ਦੇ ਕਰਮਚਾਰੀ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਨਿਰਮਲਨਗਰ ਪੁਲਸ ਸਟੇਸ਼ਨ ‘ਚ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ । ਜ਼ਿਕਰ ਯੋਗ ਹੈ ਕਿ ਜ਼ੀਸ਼ਾਨ ਸਿੱਦੀਕ ਦੇ ਪਿਤਾ ਐਨਸੀਪੀ ਨੇਤਾ ਬਾਬਾ ਸਿੱਦੀਕੀ ਦੀ 12 ਅਕਤੂਬਰ ਨੂੰ ਮੁੰਬਈ ਦੇ ਨਿਰਮਲ ਨਗਰ ਇਲਾਕੇ ਵਿੱਚ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ । ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਅਗਵਾਈ ਵਾਲੇ ਗਿਰੋਹ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ । ਇਸ ਮਾਮਲੇ ’ਚ ਹੁਣ ਤੱਕ ਮੁੰਬਈ ਪੁਲੀਸ ਨੇ 15 ਗ੍ਰਿਫ਼ਤਾਰੀਆਂ ਕੀਤੀਆਂ ਹਨ ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     