
ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਦਾ ਪੁਲਸ ਰਿਮਾਂਡ 28 ਮਾਰਚ ਤੱਕ ਵਧਿਆ
- by Jasbeer Singh
- March 25, 2025

ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਦਾ ਪੁਲਸ ਰਿਮਾਂਡ 28 ਮਾਰਚ ਤੱਕ ਵਧਿਆ ਪਟਿਆਲਾ : ਪੰਜਾਬ ਦੇ ਅਜਨਾਲਾ ਥਾਣਾ ਹਮਲਾ ਮਾਮਲੇ ਵਿੱਚ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਸਾਥੀ ਅਮਨਦੀਪ ਸਿੰਘ ਅਮਨਾ ਸਮੇਤ 8 ਸਾਥੀਆਂ ਦਾ ਪੁਲਸ ਰਿਮਾਂਡ ਇੱਕ ਵਾਰ ਫਿਰ ਵਧਾਉਂਦਿਆਂ 28 ਮਾਰਚ ਤਕ ਕਰ ਦਿੱਤਾ ਗਿਆ। ਅਦਾਲਤ ਨੇ ਆਦੇਸ਼ ਜਾਰੀ ਕਰਦਿਆਂ ਪੁਲਸ ਨੂੰ ਇਹਨਾਂ ਸਾਰੇ ਸਾਥੀਆਂ ਤੋਂ ਹੋਰ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ । ਇਹ ਫ਼ੈਸਲਾ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਲਿਆ ਗਿਆ ਹੈ, ਕਿਉਂਕਿ ਪੁਲਿਸ ਨੂੰ ਹੋਰ ਵੀ ਕਈ ਅਹਿਮ ਸਬੂਤ ਅਤੇ ਜਾਣਕਾਰੀਆਂ ਦੀ ਲੋੜ ਹੈ । ਦੱਸਣਯੋਗ ਹੈ ਕਿ ਅਜਨਾਲਾ ਥਾਣੇ `ਤੇ ਹੋਏ ਹਮਲੇ ਦੀ ਘਟਨਾ ਨੇ ਪਿਛਲੇ ਸਮੇਂ ਵਿੱਚ ਕਾਫ਼ੀ ਸੁਰਖੀਆਂ ਬਟੋਰੀਆਂ ਸਨ । ਇਸ ਮਾਮਲੇ ਵਿੱਚ ਐਮ. ਪੀ. ਅੰਮ੍ਰਿਤਪਾਲ ਸਿੰਘ ਦੇ ਸਾਥੀਆਂ `ਤੇ ਗੰਭੀਰ ਦੋਸ਼ ਲੱਗੇ ਸਨ, ਜਿਸ ਵਿੱਚ ਥਾਣੇ `ਤੇ ਹਮਲਾ ਕਰਨ, ਹਥਿਆਰਬੰਦ ਝੜਪ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੇ ਆਰੋਪ ਸ਼ਾਮਲ ਹਨ । ਅਦਾਲਤ ਨੇ ਪੁਲਿਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਪੁੱਛਗਿੱਛ ਦੌਰਾਨ ਸਾਰੇ ਕਾਨੂੰਨੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ । ਦੂਜੇ ਪਾਸੇ ਪੁਲਸ ਅਤੇ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜਾਂਚ ਪੂਰੀ ਤਰ੍ਹਾਂ ਨਿਰਪੱਖ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।