
ਭਾਜਪਾ ਬੂਥ ਸੰਮੇਲਨ ’ਚ ਪੁੱਜੇ ਪਰਨੀਤ ਕੌਰ ਨੇ ਕਿਹਾ ਇਸ ਵਾਰ ਪੰਜਾਬ ’ਚ ਇਤਿਹਾਸ ਸਿਰਜੇਗੀ ਭਾਜਪਾ
- by Jasbeer Singh
- April 6, 2024

ਘਨੋਰ, 6 ਅਪ੍ਰੈਲ (ਜਸਬੀਰ) : ਹਲਕਾ ਘਨੌਰ ਵਿਖੇ ਹੋਏ ਭਾਜਪਾ ਬੂਥ ਸੰਮੇਲਨ ਦਾ ਹਿੱਸਾ ਬਣ ਕੇ ਖੁਸ਼ੀ ਹੋਈ। ਸਾਡੀ ਪਾਰਟੀ ਦੇ ਵਰਕਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਕਾਮਯਾਬੀ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਹ ਸ਼ਬਦ ਪਟਿਆਲਾ ਤੋਂ ਭਾਰਤੀ ਜਨਤਾ ਪਾਰਟੀ ਦੀ ਦਿੱਗਜ ਆਗੂ ਮਹਾਰਾਣੀ ਪਰਨੀਤ ਕੌਰ ਨੇ ਇੱਥੇ ਕਹੇ। ਉਹ ਇੱਥੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਪਰਨੀਤ ਕੌਰ ਨੇ ਕਿਹਾ ਕਿ ਇਸ ਵਾਰ ਪੰਜਾਬ ਵਿਚ ਭਾਜਪਾ ਇਤਿਹਾਸ ਸਿਰਜੇਗੀ ਅਤੇ ਵੱਡੀ ਗਿਣਤੀ ਵਿਚ ਲੋਕਸਭਾ ਸੀਟਾਂ ’ਤੇ ਜਿੱਤ ਦਰਜ ਕਰੇਗੀ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਡਰਾਮੇਬਾਜਾਂ ਦੀ ਪਾਰਟੀ ਹੈ ਅਤੇ ਹੁਣ ਸ਼ਰਾਬ ਘੋਟਾਲੇ ’ਚ ਫਸੇ ਆਪ ਮੁਖੀ ਕੇਜਰੀਵਾਲ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਤਰ੍ਹਾਂ ਤਰ੍ਹਾਂ ਦੇ ਡਰਾਮੇ ਰਚ ਰਹੇ ਹਨ। ਪਰਨੀਤ ਕੌਰ ਨੇ ਕਿਹਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਲੋਕ ਅੱਕ ਚੁੱਕੇ ਹਨ, ਸੂਬੇ ਵਿਚ ਲਾ ਐਂਡ ਆਰਡਰ ਦੀ ਸਥਿਤੀ ਕਾਫ਼ੀ ਖ਼ਰਾਬ ਹੋ ਚੁੱਕੀ ਹੈ।