
ਕਾਂਗਰਸ ਵੱਲੋਂ ਜ਼ਮੀਨ ‘ਲੁੱਟ’ ਨੀਤੀ ਦੇ ਖ਼ਿਲਾਫ਼ ਮੋਹਾਲੀ ਵਿਖੇ ਸ਼ਕਤੀਸ਼ਾਲੀ ਵਿਰੋਧ ਪ੍ਰਦਰਸ਼ਨ
- by Jasbeer Singh
- July 21, 2025

ਕਾਂਗਰਸ ਵੱਲੋਂ ਜ਼ਮੀਨ ‘ਲੁੱਟ’ ਨੀਤੀ ਦੇ ਖ਼ਿਲਾਫ਼ ਮੋਹਾਲੀ ਵਿਖੇ ਸ਼ਕਤੀਸ਼ਾਲੀ ਵਿਰੋਧ ਪ੍ਰਦਰਸ਼ਨ · ਕਿਸਾਨਾਂ ਦੀ ਇਕ ਇੰਚ ਜ਼ਮੀਨ ਵੀ ਨਹੀਂ ਖੋਹਣ ਦਿਆਂਗੇ: ਵੜਿੰਗ · ਇਹ ਕਹਿ ਕੇ ਲੋਕਾਂ ਨੂੰ ਠੱਗ ਰਹੀ ਹੈ ਭਗਵੰਤ ਮਾਨ ਸਰਕਾਰ ਕਿ ਯੋਜਨਾ ਸਵੈੱਛਿਕ ਹੈ, ਪਰ LAAR ਕਲੌਜ਼ ਰਾਹੀਂ ਜ਼ਮੀਨ ਜ਼ਬਰਨ ਲੈਣ ਦੀ ਤਿਆਰੀ ਹੈ: ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ · ਭਗਵੰਤ ਮਾਨ ਦੀ ਜ਼ਮੀਨ ਹੜਪ ਯੋਜਨਾ 'ਤੇ ਬਲਬੀਰ ਸਿੰਘ ਸਿੱਧੂ ਦਾ ਹਮਲਾ, ਕਿਹਾ - ਅਸੀਂ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਮੋਹਾਲੀ, 21 ਜੁਲਾਈ: ਸਰਕਾਰ ਦੀ “ਲੈਂਡ ਪੁਲਿੰਗ” ਨੀਤੀ ਦੇ ਵਿਰੋਧ ‘ਚ ਕਾਂਗਰਸ ਵੱਲੋਂ ਅੱਜ ਮੋਹਾਲੀ ‘ਚ ਗਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ (GMADA) ਦਫ਼ਤਰ ਸਾਹਮਣੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ । ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਹਜ਼ਾਰਾਂ ਵਰਕਰਾਂ ਨੇ ਵੱਡੀ ਗਿਣਤੀ ‘ਚ ਹਾਜ਼ਰੀ ਭਰੀ। ਸੀਨੀਅਰ ਆਗੂਆਂ ਦੇ ਨਾਲ ਮਿਲਕੇ ਵਿਰੋਧੀਆਂ ਨੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੈਂਡ ਪੁਲਿੰਗ ਨੀਤੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਵੜਿੰਗ ਨੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਚਾਲ ਹੈ ਜੋ ਕਿਸਾਨਾਂ ਦੀ ਕੀਮਤੀ ਜ਼ਮੀਨ ਨੂੰ ਲੁੱਟਣ ਲਈ ਬਣਾਈ ਗਈ ਹੈ। "ਇਹ ਲੈਂਡ ਪੁਲਿੰਗ ਨਹੀਂ, ਲੈਂਡ ਲੁੱਟਣ ਦੀ ਨੀਤੀ ਹੈ। ਦੱਸੋ ਕੌਣ ਆਪਣੀ ਇੱਕ ਏਕੜ ਕੀਮਤੀ ਜ਼ਮੀਨ ਸਿਰਫ਼ 1000 ਗਜ਼ ਦੇ ਬਦਲੇ ਦੇਵੇਗਾ?" ਵੜਿੰਗ ਨੇ ਭਗਵੰਤ ਮਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਿੱਖਣਾ ਚਾਹੀਦਾ ਸੀ, ਜਿਨ੍ਹਾਂ ਨੂੰ ਆਖ਼ਰਕਾਰ ਕਿਸਾਨਾਂ ਦੇ ਦਬਾਅ ਹੇਠ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ। ਉਨ੍ਹਾਂ ਕਿਹਾ, "ਕਿਸਾਨ ਆਪਣੀ ਜ਼ਮੀਨ ਨੂੰ ਬਚਾਉਣ ਲਈ ਕੁਝ ਵੀ ਕਰ ਸਕਦਾ ਹੈ ਅਤੇ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ‘ਚ ਪੂਰੀ ਤਰ੍ਹਾਂ ਖੜੀ ਹੈ । ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, "ਭਗਵੰਤ ਮਾਨ ਦੀ ਸਰਕਾਰ ਲੋਕਾਂ ਨੂੰ ਠੱਗ ਰਹੀ ਹੈ ਕਿ ਇਹ ਲੈਂਡ ਪੁਲਿੰਗ ਨੀਤੀ ਸਵੈੱਛਿਕ ਹੈ, ਜਦ ਕਿ ਅਸਲ ਚ ‘LAAR’ ਨਾਂ ਦੀ ਇੱਕ ਕਲੌਜ਼ ਜੋੜੀ ਗਈ ਹੈ, ਜਿਸ ਰਾਹੀਂ ਸਰਕਾਰ ਜ਼ਮੀਨ ਜ਼ਬਰਨ ਵੀ ਲੈ ਸਕਦੀ ਹੈ । ਉਨ੍ਹਾਂ ਕਿਹਾ ਕਿ ਇਹ ਨੀਤੀ ਸਿਰਫ਼ "ਲੈਂਡ ਲੂਟ" ਹੈ, ਅਤੇ ਇਸਦੀ ਕੋਈ ਲੋੜ ਹੀ ਨਹੀਂ ਸੀ। ਕਾਂਗਰਸ ਵੱਲੋਂ ਮੁੱਖ ਮੰਤਰੀ ਨੂੰ ਸੰਬੋਧਿਤ ਇੱਕ ਮੈਮੋਰੈਂਡਮ GMADA ਦੇ ਐਡਮਿਨਿਸਟਰੇਟਰ ਨੂੰ ਦਿੱਤਾ ਗਿਆ, ਜਿਸ ‘ਚ ਮੰਗ ਕੀਤੀ ਗਈ ਕਿ ਇਸ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ। ਮੈਮੋਰੈਂਡਮ ਵਿੱਚ ਲਿਖਿਆ ਕਿ ਇਹ ਨੀਤੀ ਪੰਜਾਬ ਲਈ ਵਾਤਾਵਰਣਕ ਤੇ ਆਰਥਿਕ ਤੌਰ ‘ਤੇ ਤਬਾਹੀ ਲਿਆਉਣ ਵਾਲੀ ਹੈ । ਜਨਤਾ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ, "ਸਾਨੂੰ ਚਾਹੇ ਕੋਈ ਵੀ ਲੜਾਈ ਲੜਨੀ ਪਵੇ, ਅਸੀਂ ਸਰਕਾਰ ਨੂੰ ਕਿਸਾਨਾਂ ਦੀ ਜ਼ਮੀਨ ਜ਼ਬਰਦਸਤੀ ਹੜਪਣ ਨਹੀਂ ਦਿਆਂਗੇ। ਅਸੀਂ ਇਹ ਜ਼ੁਲਮ ਰੋਕਣ ਲਈ ਖੂਨ ਤੱਕ ਦੇਣ ਨੂੰ ਤਿਆਰ ਹਾਂ। ਭਗਵੰਤ ਮਾਨ ਕਹਿ ਰਿਹਾ ਕਿ ਇਹ ਯੋਜਨਾ ਸਵੈੱਛਿਕ ਹੈ ਜੋਕਿ ਸਿੱਧਾ ਸਫ਼ੈਦ ਝੂਠ ਹੈ। ਸਰਕਾਰ ਨੇ ਕਿਸਾਨਾਂ ਨੂੰ ਇੰਨੀ ਮਜਬੂਰੀ ‘ਚ ਪਾ ਦਿਤਾ ਹੈ ਕਿ ਹੁਣ ਉਹ ਨਾ ਤਾਂ ਜ਼ਮੀਨ ਵੇਚ ਸਕਦੇ ਹਨ, ਨਾ ਹੀ ਉਸਤੇ ਲੋਨ ਲੈ ਸਕਦੇ ਹਨ । ਉਨ੍ਹਾਂ ਅੱਗੇ ਕਿਹਾ, "ਮੁੱਖ ਮੰਤਰੀ ਨੇ ਆਪਣੇ ਸਾਰੇ ਅਧਿਕਾਰ ਦਿੱਲੀ ਮੂਹਰੇ ਗਹਿਣੇ ਰੱਖ ਦਿਤੇ ਹਨ ਅਤੇ ਆਪਣੀ ਕੁਰਸੀ ਬਚਾਉਣ ਲਈ ਹੁਣ ਕਿਸਾਨਾਂ ਨਾਲ ਧੋਖਾ ਕਰ ਰਿਹਾ ਹੈ । ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਸਭ ਤੋਂ ਵੱਧ ਫ਼ਾਇਦਾ ਤਦ ਮਿਲਿਆ ਸੀ ਜਦ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਲੈਂਡ ਐਕੁਇਜ਼ੀਸ਼ਨ ਐਕਟ ਲੈ ਕੇ ਆਏ ਸਨ, ਜਿਸ ‘ਚ ਇਹ ਯਕੀਨੀ ਬਣਾਇਆ ਗਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਲਈ ਬਣਦਾ ਮੁਆਵਜ਼ਾ ਮਿਲਦਾ ਸੀ । ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਕਾਲੀ-ਭਾਜਪਾ ਗੱਠਜੋੜ ਦੇ ਬਿਆਨ ‘ਤੇ ਵੜਿੰਗ ਨੇ ਕਿਹਾ ਕਿ ਇਹ ਦੋਵੇਂ ਤਾਂ ਪਹਿਲਾਂ ਹੀ ਮਿਲੇ ਹੋਏ ਸਨ। ਹੁਣ ਜਦ ਜ਼ਮੀਨ ਹੇਠੋਂ ਫ਼ਿਸਲ ਗਈ ਹੈ ਤਾਂ ਇਕ ਦੂਜੇ ਦਾ ਹੱਥ ਫੜਨ ਲੱਗ ਪਏ ਹਨ । ਉਨ੍ਹਾਂ ਤਿੱਖਾ ਹਮਲਾ ਕਰਦਿਆਂ ਕਿਹਾ, "ਜੇ ਮਿਲ ਵੀ ਜਾਣ ਤਾਂ ਵੀ ਕੋਈ ਵੱਡਾ ਅਸਰ ਨਹੀਂ ਪਵੇਗਾ, ਕਿਉਂਕਿ ਦੋਵੇਂ ਧਿਰਾਂ ਪੰਜਾਬ ‘ਚ ਆਪਣੀ ਜ਼ਮੀਨ ਗਵਾ ਚੁੱਕੀਆਂ ਹਨ। ਜ਼ੀਰੋ ‘ਚ ਜ਼ੀਰੋ ਜੋੜੋ, ਨਤੀਜਾ ਫਿਰ ਵੀ ਜ਼ੀਰੋ ਹੀ ਆਉਂਦਾ ਹੈ । ਇਸ ਮੌਕੇ ਕਾਂਗਰਸ ਦੇ ਕਈ ਸੀਨੀਅਰ ਆਗੂ ਸ਼ਾਮਲ ਸਨ ਜਿਨ੍ਹਾਂ ਵਿੱਚ AICC ਸਚਿਵ ਰਵਿੰਦਰ ਡਲਵੀ, ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਬਲਬੀਰ ਸਿੰਘ ਸਿੱਧੂ, ਕੈਪਟਨ ਸੰਦੀਪ ਸੰਧੂ, ਗੁਰਕੀਰਤ ਕੋਟਲੀ, ਕਾਕਾ ਰਣਦੀਪ ਨਾਭਾ, ਸਾਧੂ ਸਿੰਘ ਧਰਮਸੋਤ, ਜਸਬੀਰ ਡਿੰਪਾ, ਹਰਮਿੰਦਰ ਗਿੱਲ, ਕੁਲਜੀਤ ਨਾਗਰਾ, ਨਵਤੇਜ ਚੀਮਾ, ਕੁਲਦੀਪ ਵੈਦ, ਗਗਨਦੀਪ ਸਿੰਘ ਬੌਬੀ, ਗੁਰਸ਼ਰਨ ਕੌਰ ਰੰਧਾਵਾ, ਮੋਹਿਤ ਮੋਹਿੰਦਰਾ, ਅਮਰਜੀਤ ਸਿੰਘ ਜੀਤੀ ਅਤੇ ਹੋਰ ਸ਼ਾਮਿਲ ਸਨ।