
ਡਰਾਈਵਰ/ਕੰਡਕਟਰ ਯੂਨੀਅਨਾਂ ਨਾਲ 15 ਦਿਨਾਂ 'ਚ ਸਾਂਝੀ ਕੀਤੀ ਜਾਵੇਗੀ ਸੇਵਾਵਾਂ ਨਿਯਮਤ ਕਰਨ ਸਬੰਧੀ ਖਰੜੇ ਦੀ ਮੁਢਲੀ ਕਾਪੀ:
- by Jasbeer Singh
- January 2, 2025

ਡਰਾਈਵਰ/ਕੰਡਕਟਰ ਯੂਨੀਅਨਾਂ ਨਾਲ 15 ਦਿਨਾਂ 'ਚ ਸਾਂਝੀ ਕੀਤੀ ਜਾਵੇਗੀ ਸੇਵਾਵਾਂ ਨਿਯਮਤ ਕਰਨ ਸਬੰਧੀ ਖਰੜੇ ਦੀ ਮੁਢਲੀ ਕਾਪੀ: ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਵਲੋਂ ਅਧਿਕਾਰੀਆਂ ਨੂੰ ਸੇਵਾਵਾਂ ਰੈਗੂਲਰ ਕਰਨ ਬਾਰੇ ਸਮਾਂਬੱਧ ਪਹੁੰਚ ਅਪਨਾਉਣ 'ਤੇ ਜ਼ੋਰ ਸਰਕਾਰੀ ਬੱਸਾਂ ਦੀ ਤਰਜ਼ 'ਤੇ ਪ੍ਰਾਈਵੇਟ ਬੱਸਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ ਵਾਹਨ ਟ੍ਰੈਕਿੰਗ ਸਿਸਟਮ ਰੋਡਵੇਜ਼ ਦੀਆਂ ਵਰਕਸ਼ਾਪਾਂ ਵਿੱਚ ਲੋੜੀਂਦਾ ਸਪੇਅਰ ਪਾਰਟ ਜਲਦ ਮੁੱਹਈਆ ਕਰਵਾਉਣ ਦੇ ਹੁਕਮ ਵੱਖ-ਵੱਖ ਰੂਟਾਂ 'ਤੇ ਚਲ ਰਹੀਆਂ ਨਾਜਾਇਜ਼ ਬੱਸਾਂ ਨੂੰ ਜ਼ਬਤ ਕਰਨ ਦੇ ਆਦੇਸ਼ ਚੰਡੀਗੜ੍ਹ, 2 ਜਨਵਰੀ: ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਠੇਕਾ ਆਧਾਰਿਤ ਅਤੇ ਆਊਟਸੋਰਸ ਡਰਾਈਵਰ/ਕੰਡਕਟਰ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਸੇਵਾਵਾਂ ਨਿਯਮਤ ਕਰਨ ਸਬੰਧੀ ਖਰੜੇ ਦੀ ਮੁਢਲੀ ਕਾਪੀ 15 ਦਿਨਾਂ ਵਿੱਚ ਉਨ੍ਹਾਂ ਨਾਲ ਸਾਂਝੀ ਕੀਤੀ ਜਾਵੇਗੀ । ਇਥੇ ਪੰਜਾਬ ਭਵਨ ਵਿਖੇ ਵੱਖ-ਵੱਖ ਯੂਨੀਅਨਾਂ ਦੀ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਠੇਕੇ 'ਤੇ ਰੱਖਣ ਸਬੰਧੀ ਵਿਭਾਗ ਵੱਲੋਂ ਰੂਲ ਤਿਆਰ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ । ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਸਮਾਂਬੱਧ ਪਹੁੰਚ ਅਪਨਾਉਣ ਅਤੇ ਇਸ ਕਾਰਜ ਨੂੰ ਛੇਤੀ ਤੋਂ ਛੇਤੀ ਨੇਪਰੇ ਚਾੜ੍ਹਨ । ਟਰਾਂਸਪੋਰਟ ਮੰਤਰੀ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰੋਡਵੇਜ਼ ਦੀਆਂ ਵਰਕਸ਼ਾਪਾਂ ਵਿੱਚ ਲੋੜੀਂਦਾ ਸਪੇਅਰ ਪਾਰਟ ਜਲਦ ਮੁੱਹਈਆ ਕਰਵਾਇਆ ਜਾਵੇ ਤਾਂ ਜੋ ਵਿਭਾਗ ਨੂੰ ਬੱਸਾਂ ਨਾ ਚਲਣ ਕਾਰਨ ਪੈਣ ਵਾਲੇ ਵਿੱਤੀ ਘਾਟੇ ਤੋਂ ਬਚਾਇਆ ਜਾ ਸਕੇ । ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਨੀਲਾਮੀ ਸਬੰਧੀ ਪ੍ਰੀਕਿਰਿਆ ਨੂੰ ਸੁਖਾਲਾ ਬਣਾ ਕੇ ਕੰਡਮ ਬੱਸਾਂ ਦੀ ਨੀਲਾਮੀ ਦਾ ਕਾਰਜ ਛੇਤੀ ਨੇਪਰੇ ਚਾੜ੍ਹਿਆ ਜਾਵੇ । ਇਸ ਦੇ ਨਾਲ ਹੀ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਰੀਕਵਰੀ ਟਰੱਕਾਂ ਸਬੰਧੀ ਖ਼ਰੀਦ ਪ੍ਰੀਕਿਰਿਆ ਨੂੰ ਤੇਜ਼ ਕਰਨ ਲਈ ਵੀ ਕਿਹਾ । ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਰਾਜ ਦੇ ਕਈ ਰੂਟਾਂ 'ਤੇ ਗ਼ੈਰ-ਕਾਨੂੰਨੀ ਬੱਸ ਸਰਵਿਸ ਹਾਲੇ ਵੀ ਚਲ ਰਹੀ ਹੈ ਜਿਸ ਵਿਚਿ ਮੁੱਖ ਤੌਰ 'ਤੇ ਜਲੰਧਰ ਅਤੇ ਅੰਮ੍ਰਿਤਸਰ ਰੂਟ ਸ਼ਾਮਲ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੱਸ ਅੱਡਿਆਂ ਦੇ 500 ਮੀਟਰ ਦੇ ਦਾਇਰੇ ਵਿੱਚ ਨਾਜਾਇਜ਼ ਬੱਸਾਂ ਦੇ ਆਪ੍ਰੇਸ਼ਨ ਸਬੰਧੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਚੈਕਿੰਗ ਮੁਹਿੰਮ ਅਰੰਭੀ ਜਾਵੇ ਅਤੇ ਜੇਕਰ ਕੋਈ ਨਜਾਇਜ਼ ਤੌਰ 'ਤੇ ਸਵਾਰੀਆਂ ਉਤਾਰ ਜਾ ਚੜ੍ਹਾਅ ਰਿਹਾ ਹੈ ਤਾਂ ਉਸ ਬੱਸ ਆਪ੍ਰੇਟਰ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਬੱਸ ਨੂੰ ਜ਼ਬਤ ਕੀਤਾ ਜਾਵੇ । ਉਨ੍ਹਾਂ ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੂੰ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਸਰਕਾਰੀ ਬੱਸਾਂ ਵਿੱਚ ਲਾਗੂ ਕੀਤੇ ਗਏ ਵਾਹਨ ਟ੍ਰੈਕਿੰਗ ਸਿਸਟਮ ਨੂੰ ਪ੍ਰਾਈਵੇਟ ਬੱਸਾਂ ਵਿੱਚ ਵੀ ਲਾਗੂ ਕੀਤਾ ਜਾਵੇ । ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ ਨਾ ਹੋਣ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਬਾਰੇ ਵੀ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਭਾਗ ਵਿੱਚ ਹਰ ਪੱਧਰ 'ਤੇ ਹੋਣ ਵਾਲੀਆਂ ਤਰੱਕੀਆਂ ਸਬੰਧੀ ਕਾਰਜ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਤਰਸ ਦੇ ਆਧਾਰ 'ਤੇ ਜਿਨ੍ਹਾਂ ਆਸ਼ਰਿਤਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣੀਆਂ ਹਨ, ਉਨ੍ਹਾਂ ਨੂੰ ਤਰਜੀਹ ਦਿੱਤੀ ਜਾਵੇ । ਮੀਟਿੰਗ ਦੌਰਾਨ ਵਧੀਕ ਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਡੀ. ਕੇ. ਤਿਵਾੜੀ, ਪੀ. ਆਰ. ਟੀ. ਸੀ. ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ, ਐਸ. ਟੀ. ਸੀ. ਜਸਪ੍ਰੀਤ ਸਿੰਘ, ਐਮ. ਡੀ. ਪਨਬੱਸ ਸ੍ਰੀ ਰਾਜੀਵ ਕੁਮਾਰ ਗੁਪਤਾ, ਐਮ. ਡੀ. ਪੀ. ਆਰ. ਟੀ. ਸੀ. ਬਿਕਰਮਜੀਤ ਸਿੰਘ ਸ਼ੇਰਗਿੱਲ, ਡਿਪਟੀ ਡਾਇਰੈਕਟਰ ਪਰਨੀਤ ਸਿੰਘ ਮਿਨਹਾਸ, ਏ. ਡੀ. ਓ. ਪਨਬੱਸ ਰਾਜੀਵ ਦੱਤਾ, ਜੀ. ਐਮ. ਪੀ. ਆਰ. ਟੀ. ਸੀ. ਸ. ਮਨਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.