
ਸਪਲਾਈ ਚੇਨ ਟੁੱਟਣ ਮਗਰੋਂ ਨਸ਼ੇ ਕਰਨ ਦੇ ਇਲਾਜ ਲਈ ਨਸ਼ੇ ਦੇ ਆਦੀਆਂ ਦੀ ਵਧਣ ਵਾਲੀ ਗਿਣਤੀ ਲਈ ਨਸ਼ਾ ਮੁਕਤੀ ਕੇਂਦਰਾਂ 'ਚ ਤਿਆਰ
- by Jasbeer Singh
- May 5, 2025

ਸਪਲਾਈ ਚੇਨ ਟੁੱਟਣ ਮਗਰੋਂ ਨਸ਼ੇ ਕਰਨ ਦੇ ਇਲਾਜ ਲਈ ਨਸ਼ੇ ਦੇ ਆਦੀਆਂ ਦੀ ਵਧਣ ਵਾਲੀ ਗਿਣਤੀ ਲਈ ਨਸ਼ਾ ਮੁਕਤੀ ਕੇਂਦਰਾਂ 'ਚ ਤਿਆਰੀਆਂ ਮੁਕੰਮਲ-ਡਾ. ਪ੍ਰੀਤੀ ਯਾਦਵ -ਨਸ਼ਾ ਤਸਕਰਾਂ ਦਾ ਖੁਰਾ ਖੋਜ ਮਿਟਾਉਣ ਲਈ ਪਟਿਆਲਾ ਪੁਲਿਸ ਤਤਪਰ-ਵਰੁਣ ਸ਼ਰਮਾ -ਡੀ. ਸੀ. ਤੇ ਐਸ. ਐਸ. ਪੀ. ਵੱਲੋਂ ਜ਼ਿਲ੍ਹਾ ਨਸ਼ਾ ਮੁਕਤੀ ਤੇ ਪੁਨਰਵਾਸ ਸੁਸਾਇਟੀ ਦੀ ਬੈਠਕ 'ਚ ਨਸ਼ਾ ਮੁਕਤੀ ਕੇਂਦਰਾਂ 'ਚ ਹੁਨਰ ਵਿਕਾਸ ਕੇਂਦਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰਾਂ ਪਟਿਆਲਾ, 5 ਮਈ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਹੈ ਕਿ ਨਸ਼ਿਆਂ ਦੀ ਸਪਲਾਈ ਚੇਨ ਟੁੱਟਣ ਮਗਰੋਂ ਨਸ਼ੇ ਦੇ ਆਦੀਆਂ ਦੀ ਇਲਾਜ ਕਰਵਾਉਣ ਲਈ ਵਧਣ ਵਾਲੀ ਗਿਣਤੀ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਲੋੜੀਂਦੀਆਂ ਤਿਆਰੀਆਂ ਮੁਕੰਮਲ ਹਨ। ਡਿਪਟੀ ਕਮਿਸ਼ਨਰ ਨੇ ਅੱਜ ਇੱਥੇ ਜ਼ਿਲ੍ਹਾ ਨਸ਼ਾ ਮੁਕਤੀ ਤੇ ਪੁਨਰਵਾਸ ਸੁਸਾਇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਨਸ਼ਾ ਮੁਕਤੀ ਕੇਂਦਰਾਂ ਨੂੰ ਹੁਨਰ ਵਿਕਾਸ ਦੇ ਕੇਂਦਰਾਂ ਵਜੋਂ ਵੀ ਵਿਕਸਤ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਮੌਜੂਦ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਕਿਹਾ ਕਿ ਪਟਿਆਲਾ ਪੁਲਿਸ ਨਸ਼ਾ ਤਸਕਰਾਂ ਦਾ ਖੁਰਾ ਖੋਜ ਮਿਟਾਉਣ ਲਈ ਪੂਰੀ ਤਰ੍ਹਾਂ ਤਤਪਰ ਹੈ ਤੇ ਪੁਲਿਸ ਵੱਲੋਂ ਸਪਲਾਈ ਚੇਨ ਤੋੜੇ ਜਾਣ ਕਰਕੇ ਨਸ਼ਾ ਮੁਕਤੀ ਲਈ ਵੱਧ ਲੋਕ ਅੱਗੇ ਆਉਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਮਾਮਲੇ 'ਚ ਪੂਰੀ ਸਪੱਸ਼ਟ ਹੈ ਕਿ ਨਸ਼ੇ ਛੱਡਣ ਦੇ ਚਾਹਵਾਨਾਂ ਦਾ ਉਨ੍ਹਾਂ ਦੇ ਪੁਨਰਵਾਸ ਦੇ ਅਖੀਰ ਤੱਕ ਫਾਲੋਅਪ ਕੀਤਾ ਜਾਵੇਗਾ ਤਾਂ ਕਿ ਉਹ ਦੁਬਾਰਾ ਨਸ਼ਿਆਂ ਦੀ ਦਲਦਲ 'ਚ ਨਾ ਜਾਣ। ਇਸ ਲਈ ਜ਼ਿਲ੍ਹਾ ਮੈਡੀਕਲ ਕਮਿਸ਼ਨਰ ਤੇ ਸਾਕੇਤ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਸਮੇਤ ਸਿਵਲ ਸਰਜਨ ਦੀ ਅਗਵਾਈ ਹੇਠ ਐਸ.ਐਮ.ਓਜ ਦੀਆਂ ਟੀਮਾਂ ਪੂਰੀ ਲਗਨ ਨਾਲ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 7 ਮਈ ਤੋਂ ਕੱਢੀ ਜਾ ਰਹੀ ਨਸ਼ਾ ਮੁਕਤੀ ਯਾਤਰਾ ਪਿੰਡ-ਪਿੰਡ ਤੱਕ ਲਿਜਾਈ ਜਾਵੇਗੀ। ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਤਿੰਨ ਸਰਕਾਰੀ ਮਾਡਲ ਨਸ਼ਾ ਮੁਕਤੀ ਕੇਂਦਰਾਂ, ਸਾਕੇਤ ਹਸਪਤਾਲ, ਮਾਡਲ ਡੀ ਐਡਿਕਸ਼ਨ ਸੈਂਟਰ ਰਾਜਿੰਦਰਾ ਹਸਪਤਾਲ ਤੇ ਸਿਵਲ ਹਸਪਤਾਲ ਰਾਜਪੁਰਾ, 7 ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ਸਮੇਤ ਰੈਡ ਕਰਾਸ ਦੇ ਸਾਕੇਤ ਪੁਨਰਵਾਸ ਕੇਂਦਰ, 9 ਪ੍ਰਾਈਵੇਟ ਪੁਨਰਵਾਸ ਕੇਂਦਰਾਂ ਅਤੇ 32 ਓਟ ਕਲੀਨਿਕਾਂ ਦੀ ਕਾਰਗੁਜ਼ਾਰੀ ਦਾ ਵੀ ਮੁਲੰਕਣ ਵੀ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰਾਂ ਵਿਖੇ ਕੋਈ ਬੈਡ ਖਾਲੀ ਨਾ ਹੋਵੇ ਤਾਂ ਪ੍ਰਾਈਵੇਟ ਫੈਸਿਲਟੀ ਨਾਲ ਸੰਪਰਕ ਕਰਕੇ ਬੈਡ ਮੁਹਈਆ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਲੋਕ ਨਸ਼ਿਆਂ ਬਾਰੇ ਸੁਚੇਤ ਰਹਿਣ ਤੇ ਲੋੜ ਪੈਣ 'ਤੇ ਸਾਕੇਤ ਹਸਪਤਾਲ ਦੀ ਸਹਿਯੋਗੀ ਹੈਲਪਲਾਈਨ 0175-2213385 ਨਾਲ ਸੰਪਰਕ ਕਰਕੇ ਲੋਕ ਇਸ ਤੋਂ ਵੀ ਮਦਦ ਲੈ ਸਕਦੇ ਹਨ। ਇਸ ਮੌਕੇ ਏ.ਡੀ.ਸੀ. ਇਸ਼ਾ ਸਿੰਗਲ, ਐਸ.ਪੀ ਵੈਭਵ ਚੌਧਰੀ, ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ, ਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਸਾਕੇਤ ਹਸਪਤਾਲ ਦੇ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ, ਡੈਡੀਕੇਟਿਡ ਬ੍ਰਦਰਜ਼ ਦੇ ਸਕੱਤਰ ਹਰਪ੍ਰੀਤ ਸਿੰਘ ਸੰਧੂ, ਜਨ ਹਿਤ ਸੰਮਤੀ ਤੋਂ ਵਿਨੋਦ ਸ਼ਰਮਾ ਤੇ ਵੀ.ਐਸ ਆਹਲੂਵਾਲੀਆ, ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਗੋਇਲ, ਡਾ. ਸਿਖ਼ਾ ਗੋਇਲ, ਡਾ. ਰੂਬੀ ਗੁਪਤਾ, ਡਾ. ਅਭਿਨਵ ਸ਼ਰਮਾ, ਇੰਸਪੈਕਟਰ ਸਰਪ੍ਰੀਤ ਕੌੜਾ ਤੇ ਹੋਰ ਅਧਿਕਾਰੀ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.