ਸਮਾਂ ਆਉਣ `ਤੇ ਪ੍ਰਿਅੰਕਾ ਬਣੇਗੀ ਪ੍ਰਧਾਨ ਮੰਤਰੀ : ਰਾਬਰਟ ਵਾਢਰਾ
- by Jasbeer Singh
- December 24, 2025
ਸਮਾਂ ਆਉਣ `ਤੇ ਪ੍ਰਿਅੰਕਾ ਬਣੇਗੀ ਪ੍ਰਧਾਨ ਮੰਤਰੀ : ਰਾਬਰਟ ਵਾਢਰਾ ਨਵੀਂ ਦਿੱਲੀ, 24 ਦਸੰਬਰ 2025 : ਕਾਰੋਬਾਰੀ ਰਾਬਰਟ ਵਢੇਰਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਪ੍ਰਿਅੰਕਾ ਗਾਂਧੀ ਵਢੇਰਾ ਦਾ ਸਿਆਸਤ ਵਿਚ ਭਵਿੱਖ ਉੱਜਵਲ ਹੈ ਅਤੇ ਇਕ ਸਮਾਂ ਆਵੇਗਾ ਜਦੋਂ ਲੋਕ ਉਸਨੂੰ ਉੱਚ ਅਹੁਦੇ `ਤੇ ਦੇਖਣਾ ਚਾਹੁਣਗੇ । ਉਹ ਉਨ੍ਹਾਂ ਰਿਪੋਰਟਾਂ `ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਨ੍ਹਾਂ ਵਿਚ ਕਾਂਗਰਸ ਸੰਸਦ ਮੈਂਬਰ ਇਮਰਾਨ ਮਸੂਦ ਨੇ ਬੰਗਲਾਦੇਸ਼ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਪ੍ਰਿਅੰਕਾ ਗਾਂਧੀ ਆਪਣੀ ਦਾਦੀ ਇੰਦਰਾ ਗਾਂਧੀ ਵਾਂਗ ਇਕ ਮਜ਼ਬੂਤ ਪ੍ਰਧਾਨ ਮੰਤਰੀ ਸਾਬਤ ਹੋਵੇਗੀ। ਮਸੂਦ ਦੀ ਟਿੱਪਣੀ ਬਾਰੋ ਰਾਬਰਟ ਵਾਢਰਾ ਨੇ ਕੀ ਦਿੱਤਾ ਜਵਾਬ ਮਸੂਦ ਦੀ ਟਿੱਪਣੀ ਬਾਰੇ ਪੁੱਛੇ ਜਾਣ `ਤੇ ਵਾਢਰਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪ੍ਰਿਅੰਕਾ ਨੇ ਵੀ ਆਪਣੀ ਦਾਦੀ (ਇੰਦਰਾ ਗਾਂਧੀ), ਆਪਣੇ ਪਿਤਾ (ਰਾਜੀਵ ਗਾਂਧੀ), ਸੋਨੀਆ ਜੀ ਅਤੇ ਆਪਣੇ ਭਰਾ (ਰਾਹੁਲ ਗਾਂਧੀ) ਤੋਂ ਵੀ ਬਹੁਤ ਕੁਝ ਸਿੱਖਿਆ ਹੈ। ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹਨ। ਲੋਕ ਦੇਖਦੇ ਹਨ ਕਿ ਉਸ ਵਿਚ ਕੀ ਹੈ ਜਦੋਂ ਉਹ ਬੋਲਦੀ ਹੈ ਤਾਂ ਦਿਲ ਤੋਂ ਬੋਲਦੀ ਹੈ। ਉਹ ਉਨ੍ਹਾਂ ਵਿਸ਼ਿਆਂ `ਤੇ ਬੋਲਦੀ ਹੈ ਜਿਨ੍ਹਾਂ ਨੂੰ ਅਸਲ ਵਿਚ ਸੁਣਨ ਦੀ ਲੋੜ ਹੈ ਅਤੇ ਉਹ ਉਨ੍ਹਾਂ `ਤੇ ਬਹਿਸ ਕਰਦੀ ਹੈ । ਕਾਂਗਰਸ ਦੇ ਇਕ ਵਰਗ ਵਲੋਂ ਕੀਤੀ ਜਾਂਦੀ ਰਹੀ ਹੈ ਪ੍ਰਿਅੰਕਾ ਲਈ ਵੱਡੀ ਭੂਮਿਕਾ ਦੀ ਮੰਗ ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਿਆਸਤ ਵਿਚ ਉਸਦਾ ਭਵਿੱਖ ਉੱਜਵਲ ਹੈ ਅਤੇ ਇਸ ਦੇਸ਼ ਵਿਚ ਜ਼ਮੀਨੀ ਪੱਧਰ `ਤੇ ਲੋੜੀਂਦੀ ਤਬਦੀਲੀ ਲਿਆਉਣ ਵਿਚ ਵੀ ਉਸਦਾ ਭਵਿੱਖ ਉੱਜਵਲ ਹੈ। ਮੈਨੂੰ ਇਹ ਵੀ ਲੱਗਦਾ ਹੈ ਕਿ ਇਹ ਸਮਾਂ ਆਉਣ ’ਤੇ ਹੋਵੇਗਾ, ਇਹ ਪੱਕਾ ਹੈ । ਚੋਣਾਂ ਵਿਚ ਕਾਂਗਰਸ ਦੀ ਲਗਾਤਾਰ ਹਾਰ ਕਾਰਨ ਕਾਂਗਰਸ ਦੇ ਇਕ ਵਰਗ ਵੱਲੋਂ ਅਕਸਰ ਪ੍ਰਿਅੰਕਾ ਗਾਂਧੀ ਲਈ ਵੱਡੀ ਭੂਮਿਕਾ ਦੀ ਮੰਗ ਕੀਤੀ ਜਾਂਦੀ ਰਹੀ ਹੈ। ਪ੍ਰਿਅੰਕਾ ਨੂੰ ਪ੍ਰਧਾਨ ਮੰਤਰੀ ਬਣਾ ਕੇ ਵੇਖੋ, ਬੰਗਲਾਦੇਸ਼ `ਤੇ ਮੋਦੀ ਵਾਂਗ ਚੁੱਪ ਨਹੀਂ ਰਹੇਗੀ : ਇਮਰਾਨ ਮਸੂਦ ਕਾਂਗਰਸ ਸੰਸਦ ਮੈਂਬਰ ਇਮਰਾਨ ਮਸੂਦ ਨੇ ਬੰਗਲਾਦੇਸ਼ ਦੀ ਸਥਿਤੀ ਨੂੰ ਲੈ ਕੇ ਕੇਂਦਰ ਸਰਕਾਰ `ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇ ਪ੍ਰਿਅੰਕਾ ਗਾਂਧੀ ਪ੍ਰਧਾਨ ਮੰਤਰੀ ਬਣੀ ਤਾਂ ਉਹ ਨਰਿੰਦਰ ਮੋਦੀ ਵਾਂਗ ਚੁੱਪ ਨਹੀਂ ਰਹੇਗੀ, ਸਗੋਂ ਇੰਦਰਾ ਗਾਂਧੀ ਵਾਂਗ ਕਾਰਵਾਈ ਕਰੇਗੀ । ਭਾਜਪਾ ਨੇ ਮਸੂਦ ਦੇ ਇਸ ਬਿਆਨ ਨੂੰ ਲੈ ਕੇ ਵਿਅੰਗ ਕੱਸਿਆ ਅਤੇ ਕਿਹਾ ਕਿ ਹੁਣ ਰਾਹੁਲ ਗਾਂਧੀ `ਤੇ ਕਾਂਗਰਸ ਦੇ ਲੋਕਾਂ ਨੂੰ ਹੀ ਭਰੋਸਾ ਨਹੀਂ ਹੈ। ਹਾਲਾਂਕਿ, ਬਿਆਨ `ਤੇ ਵਿਵਾਦ ਵਧਣ ਤੋਂ ਬਾਅਦ ਇਮਰਾਨ ਮਸੂਦ ਨੇ ਸਫਾਈ ਦਿੱਤੀ। ਉਨ੍ਹਾਂ ਨੇ ਆਪਣੀ ਗੱਲ ਸਪੱਸ਼ਟ ਕਰਦੇ ਹੋਏ ਕਿਹਾ ਕਿ ਭਾਜਪਾ ਕੋਲ ਕੋਈ ਠੋਸ ਮੁੱਦਾ ਨਹੀਂ ਹੈ, ਇਸ ਲਈ ਉਹ ਬੇਵਜ੍ਹਾ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ ।ਉਨ੍ਹਾਂ ਸਾਫ਼ ਕਿਹਾ ਕਿ ਕਾਂਗਰਸ `ਚ ਉਨ੍ਹਾਂ ਦੀ ਲੀਡਰਸਿ਼ਪ ਸਪੱਸ਼ਟ ਹੈ ਅਤੇ ਕਿਸੇ ਤਰ੍ਹਾਂ ਦਾ ਭੁਲੇਖਾ ਪੈਦਾ ਕਰਨ ਦੀ ਕੋਸਿ਼ਸ਼ ਗਲਤ ਹੈ।
