
ਪ੍ਰੋ. ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਲਿਖਿਆ ਪੱਤਰ
- by Jasbeer Singh
- August 21, 2025

ਪ੍ਰੋ. ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਲਿਖਿਆ ਪੱਤਰ ਪਟਿਆਲਾ, 21 ਅਗਸਤ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ 150 ਕਰੋੜ ਦੇ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਕੋ ਵਾਰ ਸਪੈਸ਼ਲ ਗਰਾਂਟ ਦੇ ਕੇ ਕਰਜਾ ਮੁੱਕਤ ਕਰਵਾਉਣ ਵਿੱਚ ਯੋਗਦਾਨ ਪਾਇਆ ਜਾਵੇ, ਕਿਉਂਕਿ ਪਿਛਲੇ ਕਈ ਦਿਨ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਰਮਚਾਰੀ ਤਨਖਾਹ ਨਾ ਮਿਲਣ ਕਾਰਨ ਧਰਨਾ ਲਗਾ ਰਹੇ ਹਨ, ਇਨ੍ਹਾਂ ਧਰਨਿਆਂ ਨਾਲ ਪੰਜਾਬ ਦੇ ਅਕੱਸ਼ ਨੂੰ ਆਂਚ ਆਉਂਦੀ ਹੈ ਅਤੇ ਇਨ੍ਹਾਂ ਦਿਨਾਂ ਵਿਚ ਹੋ ਰਹੇ ਵਿਦਿਆਰਥੀਆਂ ਦੇ ਦਾਖਲਿਆਂ ਉਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ । ਪ੍ਰੋ. ਬਡੂੰਗਰ ਨੇ ਕਿਹਾ ਕਿ 19 ਜੁਲਾਈ ਨੂੰ ਪੰਜਾਬ ਦੇ ਰਾਜਪਾਲ ਜੋ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਯੂਨੀਵਰਸਿਟੀ ਸਮਾਗਮ ਵਿਚ ਸ਼ਮੂਲੀਅਤ ਕਰਕੇ ਗਏ ਸਨ, ਪਰੰਤੂ ਵਿਤੀ ਸੰਕਟ ਬਾਰੇ ਕੁਝ ਵੀ ਨਹੀਂ ਕਹਿ ਕੇ ਗਏ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਰਮਚਾਰੀਆਂ ਦੀਆਂ ਤਨਖਾਹ ਦੀ ਵਾਰ ਵਾਰ ਹੋ ਰਹੀ ਸਮੱਸਿਆਵਾਂ ਦਾ ਕਾਰਨ, ਯੂਨੀਵਰਸਿਟੀ ਸਿਰ 150 ਕਰੋੜ ਦਾ ਕਰਜਾ ਹੈ, ਜਿਸ ਕਰਜੇ ਉਤੇ ਭਾਰੀ ਵਿਆਜ ਵੀ ਪੈ ਰਿਹਾ ਹੈ ਜੋ ਯੂਨੀਵਰਸਿਟੀ ਦੇ ਵਿਤੀ ਸੰਕਟ ਨੂੰ ਹੋਰ ਗਹਿਰਾ ਕਰੀ ਜਾਂਦਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਉਹ ਅਪੀਲ ਕਰਦਿਆਂ ਕਿਹਾ ਕਿ ਪੰਜਾਬੀਆਂ ਵੱਲੋਂ ਯੂਨੀਵਰਸਿਟੀ ਬਣਾਉਣ ਲਈ ਲੰਮੇ ਸਮੇਂ ਤੋਂ ਕੀਤੀ ਗਈ ਮੰਗ ਦੀ ਪੂਰਤੀ ਲਈ 30 ਅਪ੍ਰੈਲ 1962 ਨੂੰ ਇਸ ਦੀ ਸਥਾਪਨਾ ਹੋਈ ਸੀ। ਇਸ ਸਮੇਂ ਦੌਰਾਨ ਪੰਜਾਬੀ ਯੂਨੀਵਰਸਿਟੀ ਨੇ ਹਰ ਖੇਤਰ ਭਾਵ ਵਿਦਿਅਕ, ਖੋਜ਼, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਖੇਡਾਂ ਵਿਚ ਬਹੁਤ ਨਾਮਣਾ ਖੱਟਕੇ ਯੂਨੀਵਰਸਿਟੀ ਅਤੇ ਸਮੇਂ ਦੀਆਂ ਸਰਕਾਰਾਂ ਦੀ ਵਿਸ਼ਵ ਪੱਧਰ ਉਤੇ ਵਾਰ ਵਾਰ ਪਛਾਣ ਵੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਹ ਵੀ ਵਾਲੀ ਗੱਲ ਹੈ ਕਿ ਇਸ ਸਮੇਂ ਪੰਜਾਬ ਵਿਧਾਨ ਸਭਾ ਦੇ ਸਪੀਕਰ, ਪੰਜਾਬ ਦੇ ਮੁੱਖ ਮੰਤਰੀ, ਖਜ਼ਾਨਾ ਮੰਤਰੀ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੰਤਰੀ, ਯੂਨੀਵਰਸਿਟੀ ਦੇ ਮੌਜੂਦਾ ਉਪ-ਕੁਲਪਤੀ ਸਾਰੇ ਹੀ ਮਾਲਵਾ ਖੇਤਰ ਨਾਲ ਹੀ ਸਬੰਧ ਰਖਦੇ ਹਨ, ਜੋ ਯੂਨੀਵਰਸਿਟੀ ਦੀ ਲੋਕਪ੍ਰੀਅਤਾ, ਪ੍ਰਬੰਧਨ ਅਤੇ ਇਲਾਕੇ ਦੇ ਲੋਕਾਂ ਦੀ ਮੰਗ ਅਨੁਸਾਰ ਯੂਨੀਵਰਸਿਟੀ ਨੂੰ ਪ੍ਰਫੁੱਲਤ ਕਰਨ ਲਈ ਭਾਵਨਾ ਨੂੰ ਚੰਗੀ ਤਰ ਸਮਝਦੇ ਹਨ । ਪ੍ਰੋ. ਬਡੂੰਗਰ ਨੇ ਕਿਹਾ ਕਿ ਇਸ ਯੂਨੀਵਰਸਿਟੀ ਵਿੱਚ ਉਹ ਖੁਦ, ਉਨ੍ਹਾਂ ਦੇ ਬੇਟੇ-ਬੇਟੀਆਂ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਸਭ ਇਸ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਹਨ। ਸਭ ਨੇ ਇਥੋਂ ਹੀ ਐਮ. ਏ./ਐਮ. ਫਿਲ, ਪੀ/ਐਚ.ਡੀ. ਦੀ ਉੱਚ ਕੋਟੀ ਦੀ ਵਿਦਿਆ ਪ੍ਰਾਪਤ ਕੀਤੀ ਹੈ, ਜਿਸ ਕਾਰਨ ਉਨ੍ਹਾਂ ਵਰਗੇ ਲੱਖਾਂ ਹੀ ਵਿਦਿਆਰਥੀਆਂ ਦਾ ਯੂਨੀਵਰਸਿਟੀ ਨਾਲ ਨਿਜੀ ਮੋਹ ਵੀ ਹੈ ਅਤੇ ਅਸੀਂ ਹਮੇਸਾਂ ਹੀ ਇਸ ਮਹਾਨ ਵਿਦਿਅਕ ਸੰਸਥਾ ਦੀ ਤਰੱਕੀ ਅਤੇ ਬਿਹਤਰੀ ਲਈ ਕਾਮਨਾ ਕਰਦੇ ਹਨ। ਪ੍ਰੋ. ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨੂੰ ਇਕੋ ਵਾਰ ਸਪੈਸ਼ਲ ਗਰਾਂਟ ਦੇਕੇ ਇਸ ਨੂੰ ਕਰਜਾ ਮੁੱਕਤ ਕਰਵਾਉਣ ਵਿੱਚ ਯੋਗਦਾਨ ਪਾਇਆ ਜਾਵੇ।