post

Jasbeer Singh

(Chief Editor)

Patiala News

ਪਰਾਲੀ ਨੂੰ ਖ਼ੁਦ ਅੱਗ ਨਾ ਲਗਾਉਣ ਵਾਲੇ ਅਗਾਂਹਵਧੂ ਕਿਸਾਨਾਂ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਬਿਨ੍ਹਾਂ ਅੱਗ ਲਾਏ ਕਰਨ ਦਾ ਸੱ

post-img

ਪਰਾਲੀ ਨੂੰ ਖ਼ੁਦ ਅੱਗ ਨਾ ਲਗਾਉਣ ਵਾਲੇ ਅਗਾਂਹਵਧੂ ਕਿਸਾਨਾਂ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਬਿਨ੍ਹਾਂ ਅੱਗ ਲਾਏ ਕਰਨ ਦਾ ਸੱਦਾ -ਜਮੀਨ ਨੂੰ ਚਿਰਸਦੀਵੀ ਉਪਜਾਊ ਰੱਖਣ ਤੇ ਫ਼ਸਲ ਵਧੀਆ ਲੈਣ ਲਈ ਪਰਾਲੀ ਨੂੰ ਜਮੀਨ 'ਚ ਮਿਲਾਉਣ ਦੀ ਅਪੀਲ ਪਟਿਆਲਾ,  27 ਸਤੰਬਰ 2025 : ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਵਾਲੇ ਕਿਸਾਨਾਂ ਹਰੀ ਸਿੰਘ ਦੌਣਕਲਾਂ, ਗੁਰਮੁੱਖ ਸਿੰਘ ਚੂਹੜਪੁਰ, ਜੋਰਾ ਸਿੰਘ ਜਾਹਲਾਂ, ਹਰਸ਼ ਸਿੰਘ ਢੀਂਡਸਾ ਦੌਣਕਲਾਂ ਤੇ ਸਰਬਜੀਤ ਸਿੰਘ ਮੁਹੱਬਤਪੁਰ ਸਮੇਤ ਹੋਰ ਅਗਾਂਹਵਧੂ ਕਿਸਾਨਾਂ ਨੇ ਹੋਰਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵੀ ਸਾਡੇ ਵਾਤਾਵਰਣ ਅਤੇ ਜਮੀਨ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਪਰਾਲੀ ਨੂੰ ਅੱਗ ਨਾ ਲਗਾਉਣ । ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਖ਼ੁਦ ਦੀ ਵੀ ਜਮੀਨ ਹੈ ਅਤੇ ਇਸਦੇ ਨਾਲ ਹੀ ਉਹ ਜਮੀਨ ਠੇਕੇ ਉਪਰ ਲੈਕੇ ਵੀ ਖੇਤੀ ਕਰਦੇ ਹਨ, ਪਰੰਤੂ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਅਤੇ ਪਰਾਲੀ ਦੀ ਸੰਭਾਲ ਕਰਦੇ ਹੋਏ ਇਨਸੀਟੂ ਤਕਨੀਕਾਂ ਵਰਤਦੇ ਹਨ । ਇਨ੍ਹਾਂ ਕਿਸਾਨਾਂ ਨੇ ਕਿਹਾ ਹੈ ਕਿ ਜਮੀਨ ਨੂੰ ਚਿਰਸਦੀਵੀ ਉਪਜਾਊ ਰੱਖਣ ਅਤੇ ਫ਼ਸਲ ਵਧੀਆ ਲੈਣ ਲਈ ਪਰਾਲੀ ਨੂੰ ਜਮੀਨ ਵਿੱਚ ਹੀ ਮਿਲਾ ਦਿੱਤਾ ਜਾਵੇ । ਕਿਸਾਨਾਂ ਨੇ ਕਿਹਾ ਕਿ ਉਹ ਪੰਜਾਬ ਖੇਤੀਬਾੜੀ ਤੇ ਕਿਸਾਨ ਵਿਕਾਸ ਵਿਭਾਗ ਦੀ ਗੱਲ ਮੰਨਕੇ ਅਤੇ ਸਰਬੱਤ ਦੇ ਭਲੇ ਲਈ ਪਰਾਲੀ ਤੇ ਫੂਸ ਨੂੰ ਜਮੀਨ ਵਿੱਚ ਵੀ ਮਿਲਾਉਂਦੇ ਰਹੇ ਹਨ, ਸੁਪਰ ਸੀਡਰ ਨਾਲ ਕਣਕ ਵੀ ਸਿੱਧੀ ਬਿਜਾਈ ਕਰਦੇ ਸਨ, ਅਤੇ ਹੁਣ ਨਵੀਆਂ ਤਕਨੀਕਾਂ ਨਾਲ ਇਸਨੂੰ ਗੱਠਾਂ ਬਣਾ ਕੇ ਬਿਜਲੀ ਉਤਪਾਦਨ ਲਈ ਭੇਜਿਆ ਜਾਂਦਾ ਹੈ । ਕਿਸਾਨਾਂ ਨੇ ਕਿਹਾ ਕਿ ਇਨਸਾਨ ਦੇ ਬਿਮਾਰ ਹੋਣ ਦਾ ਇਕਦਮ ਪਤਾ ਚੱਲਦਾ ਹੈ ਪਰੰਤੂ ਜਮੀਨ ਤੇ ਵਾਤਾਵਰਣ ਦੇ ਬਿਮਾਰ ਹੋਣ ਦਾ ਪਤਾ ਦੇਰ ਬਾਅਦ ਚਲਦਾ ਹੈ ਪਰੰਤੂ ਉਦੋਂ ਤੱਕ ਬਹੁਤ ਨੁਕਸਾਨ ਹੋ ਜਾਂਦਾ ਹੈ, ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਰਾਲੀ ਨੂੰ ਅੱਗ ਲਗਾਉਣੀ, ਜੋ ਕਿ ਬਹੁਤ ਨੁਕਸਾਨਦੇਹ ਹੈ, ਨੂੰ ਬੰਦ ਕਰਨ, ਕਿਉਂਕਿ ਪੰਜਾਬ ਦੀ ਜਮੀਨ ਦੀ ਉਪਜਾਊ ਸ਼ਕਤੀ ਚਿਰਸਦੀਵੀ ਬਣਾਈ ਰੱਖਣ ਲਈ ਪਰਾਲੀ ਨੂੰ ਜਮੀਨ ਦੇ ਵਿੱਚ ਹੀ ਮਿਲਾਉਣ । ਉਨ੍ਹਾਂ ਕਿਹਾ ਕਿ ਵਾਤਾਵਰਣ ਤਬਦੀਲੀ ਤੇ ਜਮੀਨ ਦੇ ਖਰਾਬ ਹੋਣ ਦੇ ਬਹੁਤ ਗੰਭੀਰ ਸਿੱਟੇ ਨਿਕਲ ਰਹੇ ਹਨ । ਇਸੇ ਦੌਰਾਨ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਪ੍ਰਸ਼ਾਸਨ ਇਸ਼ਾ ਸਿੰਗਲ ਨੇ ਪਿੰਡ ਆਲੋਵਾਲ ਵਿਖੇ ਅਗਾਂਹਵਧੂ ਕਿਸਾਨਾਂ ਨਾਲ ਮੁਲਾਕਾਤ ਕਰਦਿਆਂ ਅਪੀਲ ਕੀਤੀ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਉਪਲਬੱਧ ਕਰਵਾਈ ਜਾਵੇਗੀ । ਇਸ ਮੌਕੇ ਉਨ੍ਹਾਂ ਦੇ ਨਾਲ ਖੇਤੀਬਾੜੀ ਵਿਸਥਾਰ ਅਫ਼ਸਰ ਰਵਿੰਦਰਪਾਲ ਸਿੰਘ ਚੱਠਾ ਵੀ ਮੌਜੂਦ ਸਨ । ਐਸ. ਡੀ. ਐਮ. ਪਾਤੜਾਂ ਅਸ਼ੋਕ ਕੁਮਾਰ ਸਮੇਤ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਵੀ ਖੇਤਾਂ ਵਿੱਚ ਜਾ ਕੇ ਕਿਸਾਨਾਂ ਨਾਲ ਮੁਲਾਕਾਤ ਕਰਦੇ ਹੋਏ ਇਨ-ਸੀਟੂ ਤੇ ਐਕਸ-ਸੀਟੂ ਤਕਨੀਕਾਂ ਅਪਣਾ ਕੇ ਪਰਾਲੀ ਦੀ ਸੰਭਾਲ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਨਾਲ ਹੀ ਅਜਿਹੀਆਂ ਵਿਧੀਆਂ ਅਪਣਾਉਣ ਵਾਲਿਆਂ ਦੀ ਸ਼ਲਾਘਾ ਵੀ ਕੀਤੀ ।

Related Post