

ਖੁਦਕੁਸ਼ੀ ਲਈ ਨੌਜਵਾਨ ਨੂੰ ਉਕਸਾਉਣ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਨਗਰ ਕੌਂਸਲ ਧੂਰੀ ਦੇ ਮੁਲਾਜ਼ਮਾਂ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਕੱਕੜਵਾਲ ਚੌਕ ਧੂਰੀ ਵਿੱਚ ਧਰਨਾ ਲਗਾਇਆ ਗਿਆ। ਜ਼ਿਕਰਯੋਗ ਹੈੈ ਕਿ ਨਗਰ ਕੌਂਸਲ ਧੂਰੀ ਦੇ ਸੈਨੇਟਰੀ ਵਿਭਾਗ ਵਿੱਚ ਬਤੌਰ ਮੁਲਾਜ਼ਮ ਕੰਮ ਕਰਨ ਵਾਲੇ ਨੌਜਵਾਨ ਰੋਹਿਤ ਸ਼ਰਮਾ ਨੇ ਬੀਤੇ ਦਿਨੀਂ ਆਪਣੇ ਸਹੁਰੇ ਪਰਿਵਾਰ ਅਤੇ ਪਤਨੀ ਤੋਂ ਕਥਿਤ ਤੰਗ ਹੋ ਕੇ ਆਤਮਹੱਤਿਆ ਕਰ ਲਈ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਰੋਹਿਤ ਸ਼ਰਮਾ ਦੇ ਚਾਚਾ ਬਲਦੇਵ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਰੋਹਿਤ ਸ਼ਰਮਾ ਵੱਲੋਂ ਆਤਮਹੱਤਿਆ ਕਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਆਪਣੀ ਪਤਨੀ ਅਤੇ ਸੁਹਰਾ ਪਰਿਵਾਰ ’ਤੇ ਦੋਸ਼ ਲਗਾਏ ਗਏ ਸਨ ਪ੍ਰੰਤੂ ਪੁਲੀਸ ਵੱਲੋਂ ਕੇਸ ਦਰਜ ਦੇ ਬਾਵਜੂਦ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇਸ ਸਬੰਧੀ ਥਾਣਾ ਸਿਟੀ ਧੂਰੀ ਦੇ ਮੁਖੀ ਸੌਰਵ ਸੱਭਰਵਾਲ ਨੇ ਦੱਸਿਆ ਕਿ ਰੋਹਿਤ ਸ਼ਰਮਾ ਵੱਲੋਂ ਖੁਦਕੁਸ਼ੀ ਤੋਂ ਪਹਿਲਾਂ ਬਣਾਈ ਗਈ ਵੀਡੀਓ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਮ੍ਰਿਤਕ ਰੋਹਿਤ ਦੀ ਸੱਸ, ਸਹੁਰਾ ਅਤੇ ਪਤਨੀ ਦੇ ਖਿਲਾਫ ਮੁੱਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਪਤਨੀ ਦੀ ਗਿਰਫਤਾਰੀ ਬਾਕੀ ਹੈ, ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।