July 6, 2024 01:31:55
post

Jasbeer Singh

(Chief Editor)

Latest update

ਨਹਿਰੀ ਪਾਣੀ ਦੀ ਚੋਰੀ ਖ਼ਿਲਾਫ਼ ਬਲਜਿੰਦਰ ਕੌਰ ਦੀ ਰਿਹਾਇਸ਼ ਅੱਗੇ ਧਰਨਾ

post-img

ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੇ ਪਿੰਡ ਜਗਾ ਰਾਮ ਤੀਰਥ ਕੋਲੋਂ ਲੰਘਦੇ ਰਜਵਾਹੇ ਵਿੱਚੋਂ ਕਥਿਤ ਨਹਿਰੀ ਪਾਣੀ ਚੋਰੀ ਕਰਨ ਦੇ ਮਕਸਦ ਨਾਲ ਉਕਤ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਨਾਜਾਇਜ਼ ਤੌਰ ’ਤੇ ਪਾਈਪਾਂ ਪਾਈਆਂ ਹੋਈਆਂ ਹਨ ਜਿਨ੍ਹਾਂ ਨੂੰ ਅੱਜ ਪਿੰਡਾਂ ਬਹਿਮਣ ਕੌਰ ਸਿੰਘ, ਬਹਿਮਣ ਜੱਸਾ ਸਿੰਘ ਅਤੇ ਹਰਿਆਣਾ ਦੇ ਪਿੰਡ ਸਿੰਘਪੁਰਾ ਦੇ ਕਿਸਾਨਾਂ ਨੇ ਫੜ ਲਿਆ। ਉਪਰੰਤ ਕਿਸਾਨਾਂ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਵਿਧਾਇਕਾ ਦੇ ਘਰ ਅੱਗੇ ਧਰਨਾ ਲਾ ਦਿੱਤਾ। ਧਰਨੇ ਵਿੱਚ ਸ਼ਾਮਲ ਗੁਰਤੇਜ ਸਿੰਘ ਬਹਿਮਣ ਜੱਸਾ, ਨਛੱਤਰ ਸਿੰਘ ਬਹਿਮਣ ਕੌਰ ਸਿੰਘ, ਅੰਮ੍ਰਿਤਪਾਲ ਸਿੰਘ ਸਿੰਘਪੁਰਾ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੱਛੇ ਰਜਵਾਹੇ ਵਿੱਚੋਂ ਨਾਜਾਇਜ਼ ਮੋਘੇ ਲਾ ਕੇ ਨਹਿਰੀ ਪਾਣੀ ਚੋਰੀ ਹੋਣ ਦਾ ਪਤਾ ਲੱਗਾ ਸੀ। ਇਸ ਕਰਕੇ ਕੱਲ੍ਹ ਉਕਤ ਪਿੰਡਾਂ ਦੇ ਕਿਸਾਨਾਂ ਨੇ ਇਸ ਰਜਵਾਹੇ ’ਤੇ ਗੇੜਾ ਮਾਰਿਆ ਤਾਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੇ ਪਿੰਡ ਜਗਾ ਰਾਮ ਤੀਰਥ ਦੇ ਕੁਝ ਲੋਕਾਂ ਵੱਲੋਂ ਰਜਵਾਹੇ ਵਿੱਚੋਂ ਨਾਜਾਇਜ਼ ਤੌਰ ’ਤੇ ਤਿੰਨ ਪਾਈਪਾਂ ਦੱਬ ਕੇ 14 ਇੰਚ ਦੇ ਕਰੀਬ ਪਾਣੀ ਚੋਰੀ ਕੀਤਾ ਜਾ ਰਿਹਾ ਸੀ। ਨਹਿਰੀ ਵਿਭਾਗ ਦੇ ਅਧਿਕਾਰੀਆਂ ਤੇ ਡੀਐੱਸਪੀ ਤਲਵੰਡੀ ਸਾਬੋ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਤੇ ਪਾਈਪਾਂ ਪੁੱਟ ਕੇ ਕਬਜ਼ੇ ਵਿੱਚ ਲਈਆਂ ਗਈਆਂ ਸਨ। ਪਿੰਡ ਦੇ ਇੱਕ ਕਿਸਾਨ ਨੇ ਵਿਧਾਇਕਾ ਦੇ ਇੱਕ ਪਰਿਵਾਰਕ ਮੈਂਬਰ ਵੱਲੋਂ ਕਹਿਣ ’ਤੇ ਉਕਤ ਪਾਇਪਾਂ ਦੱਬਣ ਬਾਰੇ ਕਿਹਾ ਸੀ ਜਿਸ ਤੋਂ ਭੜਕੇ ਉਕਤ ਪਿੰਡਾਂ ਦੇ ਕਿਸਾਨਾਂ ਨੇ ਪਿੰਡ ਜਗਾ ਰਾਮ ਤੀਰਥ ਵਿਚ ਵਿਧਾਇਕਾ ਦੇ ਰਿਹਾਇਸ਼ ਅੱਗੇ ਧਰਨਾ ਦੇ ਕੇ ਕਥਿਤ ਪਾਣੀ ਚੋਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਰਜਵਾਹੇ ਦੀ ਟੇਲ ’ਤੇ ਪੈਂਦੇ ਹਨ। ਪਿੱਛੇ ਵੱਡੇ ਪੱਧਰ ’ਤੇ ਪਾਣੀ ਚੋਰੀ ਹੋਣ ਕਰਕੇ ਉਨ੍ਹਾਂ ਨੂੰ ਨਾ ਪੀਣ ਲਈ ਅਤੇ ਨਾ ਸਿੰਚਾਈ ਲਈ ਪਾਣੀ ਮਿਲਦਾ ਹੈ। ਇਸ ਮੌਕੇ ਪੁੱਜੇ ਡੀਐੱਸਪੀ ਤਲਵੰਡੀ ਸਾਬੋ ਅਤੇ ਨਹਿਰੀ ਵਿਭਾਗ ਦੇ ਐੱਸਡੀਓ ਵੱਲੋਂ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ 18 ਜੂਨ ਤੱਕ ਉਕਤ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ।

Related Post