ਪਟਿਆਲਾ, 29 ਮਾਰਚ (ਜਸਬੀਰ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੂਚਨਾ ਕਮਿਸ਼ਨਰ ਸੰਜੀਵ ਗਰਗ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਪੰਜਾਬ ਭਾਜਪਾ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪਟਿਆਲਾ ਦੀ ਐਮ. ਪੀ. ਪ੍ਰਨੀਤ ਕੌਰ ਨੇ ਭਾਜਪਾ ਵਿਚ ਸ਼ਾਮਲ ਕਰਵਾਇਆ। ਸੰਜੀਵ ਗਰਗ ਪਟਿਆਲਾ ਦੇ ਪਹਿਲੇ ਐਮ. ਪੀ. ਸਵ. ਰਾਮ ਪ੍ਰਤਾਪ ਗਰਗ ਦੇ ਸਪੁੱਤਰ ਹਨ। ਰਾਮ ਪ੍ਰਤਾਪ ਗਰਗ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈ ਲੋਕ ਸਭਾ ਦੀ ਚੋਣ ਵਿਚ 1952 ਤੋਂ 1957 ਤੱਕ ਪਟਿਆਲਾ ਦੇ ਲੋਕ ਸਭਾ ਦੇ ਐਮ. ਪੀ. ਰਹੇ। ਇਸ ਤੋਂ ਬਾਅਦ ਸ਼੍ਰੀ ਗਰਗ 1962 ਤੋਂ 1967 ਤੱਕ ਪਟਿਆਲਾ ਦੇ ਵਿਧਾਇਕ ਰਹੇ। ਸਵ. ਗਰਗ 1964 ਤੋਂ 1966 ਤੱਕ ਮੁੱਖ ਸੰਸਦੀ ਸਕੱਤਰ, 1982 ਤੋਂ 1986 ਤੱਕ ਸਟੇਟ ਬੈਂਕ ਆਫ ਪਟਿਆਲਾ ਦੇ ਡਾਇਰੈਕਟਰ ਅਤੇ ਪਨਸਪ ਦੇ ਚੇਅਰਮੈਨ ਵੀ ਰਹੇ। ਪਟਿਆਲਾ ਦੇ ਇਸ ਨਾਮੀ ਪਰਿਵਾਰ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਵੱਡੀ ਮਜਬੂਤੀ ਮਿਲੀ ਹੈ। ਸੰਜੀਵ ਗਰਗ ਜਿਥੇ 2017 ਤੋਂ 2022 ਤੱਕ ਪੰਜਾਬ ਦੇ ਸੂਚਨਾ ਕਮਿਸ਼ਨਰ ਰਹੇ, ਉਥੇ ਹੀ 2003 ਤੋਂ ਲੈ ਕੇ 2007 ਤੱਕ ਉਹ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ, 2015 ਤੋਂ 2017 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹਿਊਮਨ ਰਾਈਟਸ ਸੈਲ ਦੇ ਸੂਬਾ ਚੇਅਰਮੈਨ ਰਹੇ। ਇਸ ਤੋਂ ਇਲਾਵਾ ਉਹ ਆਲ ਇੰਡੀਆ ਵੈਸ਼ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ, ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਚੇਅਰਮੈਨ, ਪੰਜਾਬ ਕਾਂਗਰਸ ਦੇ ਸੰਗਠਨ ਸਕੱਤਰ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਤੋਂ ਇਲਾਵਾ ਹੋਰ ਕਈ ਅਹਿਮ ਅਹੁਦਿਆਂ ’ਤੇ ਰਹਿ ਚੁੱਕੇ ਹਨ। ਸੰਜੀਵ ਗਰਗ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਾਂ ਅਤੇ ਇਸ ਪਾਰਟੀ ਵਲੋਂ ਦੇਸ਼ ਦਾ ਨਾਮ ਸੰਸਾਰ ਭਰ ਵਿਚ ਚਮਕਾਉਣ ਅਤੇ ਦੇਸ਼ ਦਾ ਇਤਿਹਾਸਕ ਵਿਕਾਸ ਕਰਨ ਕਰਕੇ ਇਸ ਪਾਰਟੀ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਛੱਡਿਆ ਹੈ। ਸੰਜੀਵ ਗਰਗ ਨੇ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇਕ ਕਰਨਗੇ। ਉਨ੍ਹਾਂ ਦੇ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਹਨ, ਸਭ ਨੂੰ ਭਾਜਪਾ ਵਿਚ ਸ਼ਾਮਲ ਕਰਨਗੇ। ਸੰਜੀਵ ਗਰਗ ਨੇ ਕਿਹਾਕਿ ਭਾਰਤੀ ਜਨਤਾ ਪਾਰਟੀ ਨੇ ਇਸ ਦੇਸ਼ ਵਿਚ ਇਤਿਹਾਸਕ ਕੰਮ ਕੀਤੇ ਹਨ। ਭਗਵਾਨ ਸ੍ਰੀ ਰਾਮ ਦਾ ਮੰਦਿਰ ਬਣਾਉਣਾ, ਧਾਰਾ 370 ਖਤਮ ਕਰਨਾ, ਟਿ੍ਰਪਲ ਤਲਾਕ ਖਤਮ ਕਰਨ ਤੋਂ ਇਲਾਵਾ ਦੇਸ਼ ਵਿਚ ਨੈਸ਼ਨਲ ਹਾਈਵੇ, ਸੜਕਾਂ ਅਤੇ ਪੁਲਾਂ ਦੇ ਜਾਲ ਬਿਛਾਉਣ ਤੋਂ ਇਲਾਵਾ ਹਰ ਖੇਤਰ ਵਿਚ ਇਤਿਹਾਸਕ ਕੰਮ ਕੀਤੇ ਹਨ। ਮੋਦੀ ਸਰਕਾਰ ਨੇ ਆਪਣੇ 10 ਸਾਲ ਦੇ ਕਾਰਜਕਾਲ ਵਿਚ ਭਾਰਤ ਨੂੰ ਸੰਸਾਰ ਦੀ ਵੱਡੀ ਸ਼ਕਤੀ ਬਣਾ ਦਿੱਤਾ ਹੈ। ਆਉਣ ਵਾਲੇ ਸਮੇਂ ਵਿਚ ਭਾਰਤ ਵਿਸ਼ਵ ਦੀ ਵੱਡੀ ਤਾਕਤ ਬਣੇਗਾ। ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਸੰਜੀਵ ਗਰਗ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਬਹੁਤ ਵੱਡਾ ਲਾਭ ਮਿਲੇਗਾ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.