ਪੰਜਾਬ ਸਰਕਾਰ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ ਸੇਵਾਵਾਂ ਦੀ ਸ਼ੁਰੂਆਤ
- by Jasbeer Singh
- July 28, 2025
ਪੰਜਾਬ ਸਰਕਾਰ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ ਸੇਵਾਵਾਂ ਦੀ ਸ਼ੁਰੂਆਤ ਲੋਕਾਂ ਨੂੰ ਮਿਲੇਗਾ ਘਰ ਬੈਠੇ ਸਹੂਲਤ ਦਾ ਲਾਭ ਪਟਿਆਲਾ 28 ਜੁਲਾਈ 2025 : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਜੀ ਰਜਿਸਟ੍ਰੇਸ਼ਨ ਅਤੇ ਸਰਟੀਫਿਕੇਟ ਸਬੰਧੀ ਅਨੇਕ ਸੇਵਾਵਾਂ ਨੂੰ ਪੂਰੀ ਤਰ੍ਹਾਂ ਆਨਲਾਈਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪਟਿਆਲਾ ਦੇ ਪਾਤੜਾਂ ਸਬ-ਡਿਵੀਜ਼ਨ ਦੇ ਐਸ.ਡੀ.ਐਮ. ਨੇ ਜਾਣਕਾਰੀ ਦਿੰਦਿਆਂ ਕਿਹਾ ਕਿ “ਈਜ਼ੀ ਰਜਿਸਟਰੇਸ਼ਨ ਪ੍ਰੋਜੈਕਟ” ਤਹਿਤ ਹੁਣ ਵਸੀਕੇ ਰਜਿਸਟਰ ਕਰਵਾਉਣ ਤੋਂ ਲੈ ਕੇ ਜਮਾਂਬੰਦੀ, ਫਰਦ, ਇੰਤਕਾਲ ਅਤੇ ਹੋਰ ਮੁੱਖ ਦਸਤਾਵੇਜ਼ ਸੰਬੰਧੀ ਸੇਵਾਵਾਂ ਆਮ ਨਾਗਰਿਕ ਘਰ ਬੈਠੇ ਆਪਣੇ ਮੋਬਾਇਲ ਜਾਂ ਕੰਪਿਊਟਰ ਰਾਹੀਂ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਹੈ ਕਿ ਪ੍ਰਸ਼ਾਸਨ ਨੂੰ ਆਮ ਲੋਕਾਂ ਦੇ ਦਰਵਾਜ਼ੇ ਤੱਕ ਲਿਜਾਇਆ ਜਾਵੇ। ਜਿਸ ਤਹਿਤ ਹੁਣ ਵਟਸਐਪ ਰਾਹੀਂ ਜਮਾਂਬੰਦੀ ਦੀ ਕਾਪੀ ਲੈਣ ਤੋਂ ਲੈ ਕੇ ਵਿਰਾਸਤ ਜਾਂ ਵਸੀਕੇ ਦੇ ਅਧਾਰ 'ਤੇ ਇੰਤਕਾਲ ਦੀ ਅਰਜ਼ੀ ਦੇਣ, ਫਰਦ ਬਦਲਵਾਉਣ ਜਾਂ ਰੋਜ਼ਨਾਮਚਾ ਪਾਉਣ ਤੱਕ ਸਾਰੀਆਂ ਪ੍ਰਕਿਰਿਆਵਾਂ ਆਨਲਾਈਨ ਹੋ ਗਈਆਂ ਹਨ। ਇਸ ਤੋਂ ਇਲਾਵਾ, ਜਾਤੀ, ਆਮਦਨ, ਬੈਕਵਰਡ ਏਰੀਆ ਅਤੇ ਰਿਹਾਇਸ਼ੀ ਸਰਟੀਫਿਕੇਟਾਂ ਲਈ ਵੀ ਕੋਈ ਵੀ ਨਾਗਰਿਕ ਬਿਨਾਂ ਦਫਤਰ ਆਏ, ਆਸਾਨੀ ਨਾਲ ਅਰਜ਼ੀ ਦੇ ਸਕਦਾ ਹੈ। ਇਹ ਸਾਰੀਆਂ ਸੇਵਾਵਾਂ ਪੰਜਾਬ ਸਰਕਾਰ ਦੀ ਅਧਿਕਾਰਤ ਵੈਬਸਾਈਟ hhttps://jamabandi.punjab.gov.in/ ਤੇ ਉਪਲਬਧ ਹਨ। ਉਹਨਾਂ ਇਹ ਵੀ ਦੱਸਿਆ ਕਿ "ਡੋਰ ਟੂ ਡੋਰ" ਸਕੀਮ ਤਹਿਤ, 1076 ਨੰਬਰ 'ਤੇ ਅਪਾਇੰਟਮੈਂਟ ਬੁੱਕ ਕਰਵਾ ਕੇ ਸੇਵਾ ਸਹਾਇਕ ਦੁਆਰਾ ਘਰ ਬੈਠੇ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਨਾਲ ਨਾ ਸਿਰਫ ਸਮਾਂ ਬਚਦਾ ਹੈ, ਸਗੋਂ ਲੰਬੀਆਂ ਲਾਈਨਾਂ ਅਤੇ ਦਫਤਰਾਂ ਦੇ ਚੱਕਰਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਐਸ. ਡੀ. ਐਮ. ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਡਿਜੀਟਲ ਪ੍ਰਣਾਲੀ ਦੀ ਵਰਤੋਂ ਕਰਕੇ ਆਪਣਾ ਸਮਾਂ, ਪੈਸਾ ਅਤੇ ਮਿਹਨਤ ਬਚਾਉਣ। ਇਹ ਸੇਵਾਵਾਂ ਸਿੱਧਾ ਲੋਕਾਂ ਨੂੰ ਪ੍ਰਭਾਵੀ ਢੰਗ ਨਾਲ ਪ੍ਰਸ਼ਾਸਨ ਨਾਲ ਜੋੜਦੀਆਂ ਹਨ, ਜੋ ਇੱਕ ਨਵੇਂ ਅਤੇ ਸੁਚੱਜੇ ਪੰਜਾਬ ਵੱਲ ਵਧਣ ਦਾ ਸੰਕੇਤ ਹਨ । ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਸਿਰਫ ਤਕਨੀਕੀ ਤਰੱਕੀ ਨਹੀਂ, ਸਗੋਂ ਲੋਕਤੰਤਰੀ ਸਹਿਭਾਗਤਾ ਦੀ ਅਸਲੀ ਪਰਿਭਾਸ਼ਾ ਹੈ ।

