
ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸੰਵਾਦ ਰਚਾਇਆ
- by Jasbeer Singh
- May 8, 2025

ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸੰਵਾਦ ਰਚਾਇਆ -ਨਸ਼ਾ ਵਿਰੋਧੀ ਮੁਹਿੰਮ ਤਹਿਤ ਹੋਈ ਚਰਚਾ; ਜਾਗਰੂਕਤਾ ਮੁਹਿੰਮ ਵਿੱਚ ਭੂਮਿਕਾ ਨਿਭਾਉਣਗੇ ਵਿਦਿਆਰਥੀ ਪਟਿਆਲਾ, 8 ਮਈ : ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੰਜਾਬੀ ਯੂਨੀਵਰਸਿਟੀ ਵਿਖੇ ਮਨੋਵਿਗਿਆਨ ਦੇ ਵਿਦਿਆਰਥੀਆਂ ਨਾਲ਼ ਸੰਵਾਦ ਰਚਾਇਆ ਗਿਆ। ਸਿਹਤ ਮੰਤਰੀ, ਪੰਜਾਬ ਡਾ. ਬਲਬੀਰ ਸਿੰਘ ਦੇ ਵਿਸ਼ੇਸ਼ ਡਿਊਟੀ ਅਧਿਕਾਰੀ (ਓ. ਐੱਸ. ਡੀ. ) ਸ਼੍ਰੀ ਸ਼ਾਲੀਨ ਮਿੱਤਰਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ਼ ਸੰਵਾਦ ਰਚਾਇਆ। ਯੂਨੀਵਰਸਿਟੀ ਵਿਖੇ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਮਮਤਾ ਸ਼ਰਮਾ, ਡਾ. ਮਨਦੀਪ ਕੌਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੌਂਸਲਰ ਡਾ. ਰੂਬੀ ਗੁਪਤਾ ਨੇ ਇਸ ਸੈਸ਼ਨ ਦੇ ਆਯੋਜਨ ਅਤੇ ਸੰਵਾਦ ਰਚਾਉਣ ਵਿੱਚ ਭੂਮਿਕਾ ਨਿਭਾਈ। ਇਸ ਮੌਕੇ ਜ਼ਿਲ੍ਹਾ ਪੱਧਰੀ ਪਹਿਲਕਦਮੀਆਂ ਲਈ ਚੁਣੇ ਗਏ ਮਨੋਵਿਗਿਆਨ ਵਿਭਾਗ ਦੇ ਪੀ-ਐੱਚ. ਡੀ. ਖੋਜਾਰਥੀ, ਪੀ.ਜੀ.ਡੀ.ਸੀ.ਪੀ. ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਹਾਜ਼ਰ ਰਹੇ ਜੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਭਵਿੱਖ ਵਿੱਚ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਵਿੱਚ ਸਹਾਇਤਾ ਪ੍ਰਦਾਨ ਕਰਨਗੇ। ਇਹ ਵਿਦਿਆਰਥੀ ਸੂਬਾ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੌਂਸਲਿੰਗ ਸੇਵਾਵਾਂ ਅਤੇ ਪੁਨਰਵਾਸ ਦੇ ਯਤਨ ਵਿੱਚ ਵੱਖ-ਵੱਖ ਮਾਹਿਰਾਂ ਦੀ ਨਿਗਰਾਨੀ ਹੇਠ ਸੇਵਾਵਾਂ ਦੇਣਗੇ। ਇਹ ਵਿਦਿਆਰਥੀ ਆਪਣੇ ਜ਼ਿਲਿ੍ਹਆਂ ਵਿੱਚ ਵਿਚਰਦਿਆਂ ਜਾਗਰੂਕਤਾ ਫੈਲਾਉਣ ਦਾ ਕਾਰਜ ਕਰਨਗੇ। ਇਸ ਮੌਕੇ ਅਧਿਕਾਰੀਆਂ ਵੱਲੋਂ ਪ੍ਰੋ. ਮਮਤਾ ਸ਼ਰਮਾ ਅਤੇ ਪ੍ਰੋ. ਮਨਦੀਪ ਕੌਰ ਵੱਲੋਂ ਇਸ ਮੁਹਿੰਮ ਵਿੱਚ ਪਾਏ ਯੋਗਦਾਨ ਅਤੇ ਸਮਾਜਿਕ ਪਹਿਲਕਦਮੀਆਂ ਵਿੱਚ ਨਿਰੰਤਰ ਭਾਗੀਦਾਰੀ ਦੀ ਸ਼ਲਾਘਾ ਕੀਤੀ ਗਈ।