ਪੰਜਾਬ ਜੀ. ਐਸ. ਟੀ. ਵਿਭਾਗ ਵੱਲੋਂ 163 ਕਰੋੜ ਰੁਪਏ ਦੇ ਫਰਜ਼ੀ ਲੈਣ-ਦੇਣ ਵਾਲੇ ਜਾਅਲੀ ਬਿਲਿੰਗ ਘੁਟਾਲੇ ਦਾ ਪਰਦਾਫਾਸ਼
- by Jasbeer Singh
- December 13, 2024
ਪੰਜਾਬ ਜੀ. ਐਸ. ਟੀ. ਵਿਭਾਗ ਵੱਲੋਂ 163 ਕਰੋੜ ਰੁਪਏ ਦੇ ਫਰਜ਼ੀ ਲੈਣ-ਦੇਣ ਵਾਲੇ ਜਾਅਲੀ ਬਿਲਿੰਗ ਘੁਟਾਲੇ ਦਾ ਪਰਦਾਫਾਸ਼ ਵਿੱਤ ਮੰਤਰੀ ਚੀਮਾ ਵੱਲੋਂ ਟੈਕਸ ਚੋਰੀ ਕਰਨ ਵਾਲਿਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਦੀ ਚੇਤਾਵਨੀ ਚੰਡੀਗੜ੍ਹ, 13 ਦਸੰਬਰ : ਪੰਜਾਬ ਜੀ. ਐਸ. ਟੀ. ਵਿਭਾਗ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਲੁਧਿਆਣਾ ਵਿੱਚ ਇੱਕ ਵੱਡੇ ਜਾਅਲੀ ਬਿਲਿੰਗ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਪਿਛਲੇ ਦੋ ਸਾਲਾਂ ਦੌਰਾਨ 163 ਕਰੋੜ ਰੁਪਏ ਦੇ ਫਰਜ਼ੀ ਲੈਣ-ਦੇਣ ਕੀਤੇ ਗਏ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਬੁੱਢੇਵਾਲ ਰੋਡ, ਲੁਧਿਆਣਾ ਸਥਿਤ ਮੈਸਰਜ਼ ਮੋਂਗਾ ਬ੍ਰਦਰਜ਼ (ਯੂਨਿਟ-2) ਫਰਜ਼ੀ ਫਰਮਾਂ ਦਾ ਨੈਟਵਰਕ ਚਲਾਉਣ ਦੇ ਨਾਲ ਨਾਲ ਜਾਅਲੀ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਬਣਾ ਰਹੀ ਸੀ ਅਤੇ ਸਰਕਾਰੀ ਖਜ਼ਾਨੇ ਨੂੰ ਢਾਹ ਲਗਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਫਰਮ ਨੇ 60 ਜਾਅਲੀ ਫਰਮਾਂ ਤੋਂ ਖਰੀਦਦਾਰੀ ਕੀਤੀ ਸੀ, ਜਿਹਨਾਂ ਨੂੰ ਜਾਂ ਤਾਂ ਮੁਅੱਤਲ ਜਾਂ ਰੱਦ ਕਰ ਦਿੱਤਾ ਗਿਆ ਸੀ ਜਾਂ ਇਸ ਫਰਮ ਨੇ ਮੁਅੱਤਲ ਜਾਂ ਰੱਦ ਕੀਤੇ ਡੀਲਰਾਂ ਤੋਂ ਖਰੀਦਦਾਰੀ ਕੀਤੀ ਗਈ ਸੀ । ਮੰਤਰੀ ਨੇ ਕਿਹਾ ਕਿ ਇਨ੍ਹਾਂ 60 ਫਰਮਾਂ ਦੀ ਕੁੱਲ ਵਿਕਰੀ ਲਗਭਗ 1270 ਕਰੋੜ ਰੁਪਏ ਹੈ । ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਜੀ. ਐਸ. ਟੀ. ਵਿਭਾਗ ਨੇ ਪੰਜਾਬ ਜੀ. ਐਸ. ਟੀ. ਐਕਟ, 2017 ਦੀ ਧਾਰਾ 67 ਤਹਿਤ ਮੈਸਰਜ਼ ਮੋਂਗਾ ਬ੍ਰਦਰਜ਼ (ਯੂਨਿਟ-2) ਦੇ ਵਪਾਰਕ ਸਥਾਨਾਂ ਦੀ ਜਾਂਚ ਤੇ ਤਲਾਸ਼ੀ ਕੀਤੀ । ਸ. ਚੀਮਾ ਨੇ ਦੱਸਿਆ ਕਿ ਜਾਂਚ ਦੇ ਆਧਾਰ 'ਤੇ, ਟੈਕਸ ਕਮਿਸ਼ਨਰ, ਪੰਜਾਬ ਵੱਲੋਂ ਪੰਜਾਬ ਜੀ.ਐਸ.ਟੀ. ਐਕਟ, 2017 ਦੀ ਧਾਰਾ 69 ਅਤੇ 132 ਤਹਿਤ ਮੈਸਰਜ਼ ਮੋਂਗਾ ਬ੍ਰਦਰਜ਼ (ਯੂਨਿਟ-2) ਦੇ ਭਾਈਵਾਲਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਗਏ ਹਨ । ਕਾਰੋਬਾਰੀ ਭਾਈਚਾਰੇ ਨੂੰ ਵਿਭਾਗ ਨਾਲ ਸਹਿਯੋਗ ਕਰਨ ਅਤੇ ਬਕਾਇਆ ਟੈਕਸ ਅਦਾ ਕਰਨ ਦੀ ਅਪੀਲ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਟੈਕਸ ਚੋਰੀ ਕਰਨ ਵਾਲਿਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ । ਉਨ੍ਹਾਂ ਟੈਕਸ ਚੋਰੀ ਨੂੰ ਰੋਕਣ ਅਤੇ ਨਿਰਪੱਖ ਤੇ ਪਾਰਦਰਸ਼ੀ ਟੈਕਸ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ।
Related Post
Popular News
Hot Categories
Subscribe To Our Newsletter
No spam, notifications only about new products, updates.