
ਤੰਦੂਰ ਵਾਂਗ ਤਪਿਆ ਪੰਜਾਬ, ਪਾਰਾ 47 ਤੋਂ ਪਾਰ, ਸੂਬੇ ’ਚ ਸਭ ਤੋਂ ਵੱਧ ਗਰਮ ਰਿਹਾ ਫ਼ਾਜ਼ਿਲਕਾ
- by Aaksh News
- June 14, 2024

ਪੰਜਾਬ ’ਚ ਗਰਮੀ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼ੁੱਕਰਵਾਰ ਨੂੰ ਵੀ ਸਾਰਾ ਸੂਬਾ ਤੰਦੂਰ ਵਾਂਗ ਤਪਿਆ। ਲੁਧਿਆਣਾ, ਅੰਮ੍ਰਤਸਰ, ਪਟਿਆਲਾ, ਚੰਡੀਗੜ੍ਹ ਤੇ ਬਠਿੰਡਾ ’ਚ ਸਾਰਾ ਦਿਨ ਲੂ ਚੱਲਦੀ ਰਹੀ। ਉੱਥੇ ਹੀ ਰਾਤ ਵੇਲੇ ਵੀ ਕਾਫੀ ਗਰਮੀ ਰਹੀ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਫ਼ਾਜ਼ਿਲਕਾ ਸੂਬੇ ’ਚ ਸਭ ਤੋਂ ਵੱਧ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 47.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪਠਾਨਕੋਟ 46.7 ’ਚ, ਲੁਧਿਆਣਾ ’ਚ 46.9, ਚੰਡੀਗੜ੍ਹ ’ਚ 44.6, ਅੰਮ੍ਰਿਤਸਰ ’ਚ 44.8, ਪਟਿਆਲੇ ’ਚ 45.2, ਪਠਾਨਕੋਟ ’ਚ 44.5, ਗੁਰਦਾਸਪੁਰ ’ਚ 45.5, ਬਠਿੰਡੇ ’ਚ 45.2, ਫ਼ਰੀਦਕੋਟ ’ਚ 44.3 ਤੇ ਫ਼ਤਿਹਗੜ੍ਹ ਸਾਹਿਬ ’ਚ 43.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਓਧਰ ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ’ਚ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕੌਰ ਕਿੰਗਰਾ ਮੁਤਾਬਕ 19 ਜੂਨ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। 20 ਜੂਨ ਤੋਂ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।