

ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਤਰੱਕੀ, ਖ਼ੁਸ਼ਹਾਲੀ ਤੇ ਆਪਸੀ ਮੇਲ-ਜੋਲ ਲਈ ਵਪਾਰਕ ਵਾਹਗਾ, ਹੁਸੈਨੀਵਾਲਾ, ਕਰਤਾਰਪੁਰ ਸਾਹਿਬ ਲਾਂਘੇ ਫੈਡਰਲ ਸਰਕਾਰ ਨਾਲ ਮਿਲ ਕੇ ਡਿਪਲੋਮੈਟਿਕ ਰਸਤੇ ਭਾਰਤ ਨਾਲ ਗੱਲਬਾਤ ਰਾਹੀਂ ਖੋਲ੍ਹਣ ਲਈ ਮਰੀਅਮ ਨਵਾਜ਼ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ। ਆਰਥਿਕ, ਸਮਾਜਿਕ, ਰਾਜਨੀਤਕ, ਜ਼ਰਾਇਤ, ਸਨਅਤ ਤੇ ਵਪਾਰਕ ਪੱਖੋਂ ਅਜੋਕੇ ਅਤਿ-ਆਧੁਨਿਕ ਯੁੱਗ ਵਿਚ ਪੱਛੜੇ ਲਹਿੰਦੇ ਪੰਜਾਬ ਵਿਚ ਮੁੜ ਤੋਂ ਤਰੱਕੀ ਤੇ ਖ਼ੁਸ਼ਹਾਲੀ ਦੀ ਮਿੱਠੀ-ਮਿੱਠੀ ਖ਼ੁਸ਼ਨੁਮਾ ਪੌਣ ਰੁਮਕਣ ਦੇ ਝੋਂਕੇ ਸਾਫ਼ ਤੇ ਸਪਸ਼ਟ ਵਿਖਾਈ ਦੇਣ ਲੱਗੇ ਹਨ। ਅੱਠ ਫਰਵਰੀ 2024 ਨੂੰ ਪਾਕਿਸਤਾਨ ਵਿਚ ਹੋਈਆਂ ਆਮ ਚੋਣਾਂ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਅਗਵਾਈ ਵਾਲੇ ਗੱਠਜੋੜ ਨੇ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਿਚ 4 ਮਾਰਚ ਨੂੰ ਸਰਕਾਰ ਦਾ ਗਠਨ ਕੀਤਾ। ਲਹਿੰਦੇ ਪੰਜਾਬ ਵਿਚ ਉਸ ਦੀ ਭਤੀਜੀ, ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪੁੱਤਰੀ ਪੀਐੱਮਐੱਲ (ਨਵਾਜ਼) ਆਗੂ ਮਰੀਅਮ ਨਵਾਜ਼ ਨੇ 20ਵੇਂ ਮੁੱਖ ਮੰਤਰੀ ਵਜੋਂ 26 ਫਰਵਰੀ ਨੂੰ ਸਰਕਾਰ ਦਾ ਗਠਨ ਕੀਤਾ ਸੀ। ਲਹਿੰਦੇ ਪੰਜਾਬ ਪਹਿਲੀ ਪੜ੍ਹੀ-ਲਿਖੀ ਤਜਰਬੇਕਾਰ ਔਰਤ ਮੁੱਖ ਮੰਤਰੀ ਬਣਨ, ਸੂਬੇ ਵਿਚ ਡਬਲ ਇੰਜਣ ਸਰਕਾਰ ਗਠਿਤ ਹੋਣ ਅਤੇ ਸੂਬਾਈ ਤੇ ਫੈਡਰਲ ਸਰਕਾਰਾਂ ਦੀ ਰਾਜਨੀਤੀ ਦੇ ਧੁਨੰਤਰ ਮੀਆਂ ਨਵਾਜ਼ ਸ਼ਰੀਫ਼ ਦੀ ਸਰਪ੍ਰਸਤੀ ਹੇਠ ਚੱਲਣ ਕਰਕੇ ਲਹਿੰਦਾ ਪੰਜਾਬ ਭਰਪੂਰ ਲਾਭਕਾਰੀ ਸਥਿਤੀ ਵਿਚ ਹੈ। ਪੰਜ ਦਰਿਆਵਾਂ ਦੀ ਜਰਖੇਜ਼ ਮਿੱਟੀ ’ਤੇ ਉਸਰਿਆ ਇਹ ਪੰਜਾਬ ਸੰਨ 1947 ਵਿਚ ਭਾਰਤ ਦੀ ਵੰਡ ਤੋਂ ਪਹਿਲਾਂ 357000 ਵਰਗ ਕਿੱਲੋਮੀਟਰ ਵਿਚ ਫੈਲਿਆ ਇਕ ਵਿਸ਼ਾਲ ਸੂਬਾ ਸੀ ਜੋ ਅਜੋਕੇ ਜਰਮਨੀ ਦੇਸ਼ ਦੇ ਬਰਾਬਰ ਸੀ। ਜੇ ਭਾਰਤ ਇਕਜੁੱਟ ਰਹਿੰਦਾ ਤਾਂ ਇਸ ਦੀ ਪਾਰਲੀਮੈਂਟ ਵਿਚ ਉੱਤਰ ਪ੍ਰਦੇਸ਼ ਤੋਂ ਵੀ ਵੱਧ ਇਸ ਦੇ ਲਗਪਗ 113 ਮੈਂਬਰ ਹੁੰਦੇ। ਇਵੇਂ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ ਵਿਚ ਇਸ ਦੀ ਵੱਡੀ ਭੂਮਿਕਾ ਹੁੰਦੀ। ਵੰਡ ਵੇਲੇ ਇਸ ਦਾ 52 ਪ੍ਰਤੀਸ਼ਤ ਹਿੱਸਾ ਲਹਿੰਦੇ ਤੇ 48 ਪ੍ਰਤੀਸ਼ਤ ਚੜ੍ਹਦੇ ਪੰਜਾਬ ਵਿਚ ਵੰਡਿਆ ਗਿਆ। ਅੱਜ ਸਥਿਤੀ ਇਹ ਹੈ ਕਿ ਲਹਿੰਦਾ ਪੰਜਾਬ 42 ਜ਼ਿਲ੍ਹਿਆਂ, 11 ਡਵੀਜ਼ਨਾਂ ਆਧਾਰਤ 205344 ਵਰਗ ਕਿੱਲੋਮੀਟਰ ਰਕਬੇ ਵਿਚ ਫੈਲਿਆ ਹੋਇਆ ਹੈ ਤੇ ਇਸ ਦੀ ਆਬਾਦੀ ਪਾਕਿਸਤਾਨ ਦੇ 4 ਸੂਬਿਆਂ ਵਿੱਚੋਂ ਸਭ ਤੋਂ ਵੱਧ 127688922 ਹੈ। ਜਦਕਿ ਚੜ੍ਹਦਾ ਪੰਜਾਬ 23 ਜ਼ਿਲ੍ਹਿਆਂ ਆਧਾਰਤ 50362 ਵਰਗ ਕਿੱਲੋਮੀਟਰ ਖੇਤਰ ਵਿਚ ਸੁੰਗੜ ਚੁੱਕਾ ਹੈ। ਇਸ ਦੀ ਆਬਾਦੀ ਕਰੀਬ 31,623,274 ਹੈ। ਸੋ, ਲਹਿੰਦੇ ਪੰਜਾਬ ਵਰਗੇ ਵਿਸ਼ਾਲ ਸੂਬੇ ਦੀ ਸਰਕਾਰ, ਪ੍ਰਸ਼ਾਸਨ ਅਤੇ ਪ੍ਰਬੰਧ ਨੂੰ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਉਹ ਵੀ ਇਕ ਐਸੇ ਮਾਹੌਲ ਵਿਚ ਜਿੱਥੇ ਤਾਕਤਵਰ ਫ਼ੌਜੀ ਜਨਰਲਾਂ, ਵੱਡੇ ਜਾਗੀਰਦਾਰਾਂ, ਕਾਰਪੋਰੇਟ ਘਰਾਣਿਆਂ, ਦਕਿਆਨੂਸੀ ਮੁਲਾਣਾਵਾਦ, ਭਿ੍ਰਸ਼ਟਾਚਾਰੀ ਸਥਾਪਤ ਨਿਜ਼ਾਮ ਦਾ ਬੋਲਬਾਲਾ ਹੋਵੇ। ਮਰੀਅਮ ਨਵਾਜ਼ ਸਰੀਫ਼ ਤੋਂ ਪਹਿਲਾਂ ਇਸ ਰਾਜ ਦੇ 19 ਮੁੱਖ ਮੰਤਰੀ ਰਹੇ ਹਨ ਜਿਨ੍ਹਾਂ ਵਿੱਚੋਂ 2 ਵਾਰ ਉਨ੍ਹਾਂ ਦੇ ਪਿਤਾ ਮੀਆਂ ਨਵਾਜ਼ ਸ਼ਰੀਫ਼ ਅਤੇ ਤਿੰਨ ਵਾਰ ਚਾਚਾ ਸ਼ਾਹਬਾਜ਼ ਸ਼ਰੀਫ਼ ਰਹਿ ਚੁੱਕੇ ਹਨ। ਪਰ ਲਗਾਤਾਰ ਸਥਿਤੀਆਂ ਪੇਚੀਦਾ-ਦਰ-ਪੇਚੀਦਾ ਰਹੀਆਂ। ਮਰਜ਼ ਬੜਤਾ ਹੀ ਗਿਆ, ਜਿਉਂ ਜਿਉਂ ਦਵਾ ਕੀ। ਲਹਿੰਦੇ ਪੰਜਾਬ ਦੇ ਲੋਕ ਭ੍ਰਿਸ਼ਟਾਚਾਰ, ਮਹਿੰਗਾਈ, ਜਮ੍ਹਾਖੋਰੀ, ਬੇਰੁਜ਼ਗਾਰੀ, ਪਾਰਦਰਸ਼ਿਤਾਹੀਣਤਾ, ਜਵਾਬਦੇਹੀ ਰਹਿਤ, ਬੇਲਗਾਮੀਅਤ ਲਬਰੇਜ਼ ਨਿਜ਼ਾਮ ਤੋਂ ਤ੍ਰਾਹੀ-ਤ੍ਰਾਹੀ ਕਰ ਰਹੇ ਸਨ ਜਦੋਂ ਬੀਬਾ ਮਰੀਅਮ ਨਵਾਜ਼ ਨੇ ਸੂਬੇ ਦੀ ਵਾਗਡੋਰ ਸੰਭਾਲੀ। ਆਪਣੇ ਤਜਰਬੇਕਾਰ ਪਿਤਾ ਮੀਆਂ ਨਵਾਜ਼ ਸ਼ਰੀਫ਼ ਦੀ ਦੇਖ-ਰੇਖ ਤੇ ਸਲਾਹ ਨਾਲ ਉਸ ਨੇ ਇਸ ਸ਼ਾਨਾਂਮੱਤੇ ਸੂਬੇ ਨੂੰ ਆਧੁਨਿਕ ਤੇ ਵਿਗਿਆਨਕ ਨਵ-ਨਿਰਮਾਣ ਭਰੀਆਂ ਲੀਹਾਂ ’ਤੇ ਖੜ੍ਹਾ ਕਰਨ ਲਈ ਕੁਝ ਵਿਸ਼ੇਸ਼ ਇਨਕਲਾਬੀ ਸੁਧਾਰਵਾਦੀ ਯੋਜਨਾਵਾਂ, ਪ੍ਰਬੰਧਕੀ ਕਾਰਜਾਂ ਤੇ ਜਨਤਕ ਭਲਾਈ ਸਕੀਮਾਂ ਨੂੰ ਉਲੀਕਿਆ ਹੈ। ਉਨ੍ਹਾਂ ’ਤੇ ਇਮਾਨਦਾਰੀ ਨਾਲ ਅਮਲ ਪ੍ਰਤੀ ਵਚਨਬੱਧਤਾ ਪ੍ਰਗਟਾਈ ਹੈ। ਜਿਵੇਂ ਚੜ੍ਹਦਾ ਪੰਜਾਬ ਭਾਰਤ ਦੇ ਅੰਨ ਭੰਡਾਰ ਵਜੋਂ ਜਾਣਿਆ ਜਾਂਦਾ ਹੈ ਉਵੇਂ ਹੀ ਲਹਿੰਦਾ ਪੰਜਾਬ ਪਾਕਿਸਤਾਨ ਦੇ ਅੰਨ ਭੰਡਾਰ ਵਜੋਂ ਜਾਣਿਆ ਜਾਂਦਾ ਹੈ। ਲੇਕਿਨ ਬਦਇੰਤਜ਼ਾਮੀ, ਜ਼ਖੀਰਾਬਾਜ਼ੀ, ਅਨਾਜ ਦੀ ਸਮੱਗਲਿੰਗ, ਵਿਚੋਲਿਆਂ-ਪ੍ਰਸ਼ਾਸਨ ਤੇ ਰਾਜਨੀਤੀਵਾਨਾਂ ਦੀ ਮਿਲੀਭੁਗਤ ਕਰਕੇ ਰਸੋਈ ਸਬੰਧੀ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ’ਤੇ ਚੜ੍ਹੀਆਂ ਪਈਆਂ ਹਨ। ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਅਵਾਮ, ਝੁੱਗੀ-ਝੌਪੜੀ ਵਾਸੀਆਂ, ਦਿਹਾੜੀਦਾਰਾਂ ਦੀਆਂ ਘੱਟ ਉਜਰਤਾਂ ਅਤੇ ਵਗਾਰਬਾਜ਼ੀ ਨੇ ਲੋਕਾਂ ਦਾ ਕਚੂਮਰ ਕੱਢ ਕੇ ਰੱਖਿਆ ਹੈ। ਬੱਚੇ, ਬੁੱਢੇ, ਗਰਭਵਤੀ ਔਰਤਾਂ, ਬੇਰੁਜ਼ਗਾਰ ਲੋਕ ਬੁਰੀ ਤਰ੍ਹਾਂ ਕੁਪੋਸ਼ਣ ਦਾ ਸ਼ਿਕਾਰ ਹਨ। ਉਨ੍ਹਾਂ ਨੂੰ ਅਕਸਰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਮਰੀਅਮ ਸਰਕਾਰ ਨੇ ਸਖ਼ਤ ਕਦਮ ਉਠਾਉਂਦੇ ਹੋਏ ਰਸੋਈ ਵਸਤਾਂ ਦੀਆਂ ਕੀਮਤਾਂ ਨਿਸ਼ਚਿਤ ਕੀਤੀਆਂ ਹਨ। ਹੋਟਲਾਂ, ਢਾਬਿਆਂ, ਨੁੱਕੜ ਦੁਕਾਨਾਂ ’ਤੇ ਰੋਟੀ ਦੀ ਕੀਮਤ 16 ਰੁਪਏ ਅਤੇ ਨਾਨ ਦੀ 20 ਰੁਪਏ ਨਿਸ਼ਚਿਤ ਕੀਤੀ ਹੈ। ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਗ਼ਰੀਬੀ ਦੀ ਰੇਖਾ ਹੇਠਲੇ ਪਰਿਵਾਰਾਂ ਲਈ ਤੁਰੰਤ ਇਕ ਲੱਖ ਘਰਾਂ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਲਹਿੰਦੇ ਪੰਜਾਬ ਵਿਚ ਇਹ ਸ਼ਲਾਘਾਯੋਗ ਕਦਮ ਹੈ ਜਿੱਥੇ ਲਗਾਤਾਰ ਜਗੀਰਦਾਰੂ ਸਿਸਟਮ ਅਤੇ ਬਿ੍ਰਟਿਸ਼-ਕਾਲ ਦੀ ਅਫ਼ਸਰਸ਼ਾਹੀ ਵਾਲੀ ਜਕੜ ਕਾਇਮ ਵੇਖੀ ਜਾਂਦੀ ਹੈ। ਅਮਨ-ਕਾਨੂੰਨ ਅਤੇ ਸਮਾਜਿਕ ਸੁਰੱਖਿਆ ਬਗੈਰ ਕਿਸੇ ਵੀ ਰਾਜ ਤੇ ਸਮਾਜ ਵਿਚ ਤਰੱਕੀ ਸੰਭਵ ਨਹੀਂ। ਬੀਬਾ ਮਰੀਅਮ ਨੇ ਪੰਜਾਬ ਦੇ 21 ਪ੍ਰਮੁੱਖ ਸ਼ਹਿਰਾਂ ਵਿਚ ਅਮਨ-ਕਾਨੂੰਨ ਵਿਵਸਥਾ ਮਜ਼ਬੂਤ ਕਰਨ ਲਈ ਵਿਸ਼ੇਸ ਕਦਮ ਪੁੱਟੇ ਹਨ। ਇਮਾਨਦਾਰ ਅਫ਼ਸਰ ਡਿਪਟੀ ਕਮਿਸ਼ਨਰ ਤੇ ਪੁਲਿਸ ਮੁਖੀ ਨਿਯੁਕਤ ਕੀਤੇ ਹਨ। ਸਕੂਲੀ ਵਿੱਦਿਆ ਮੁੱਢਲਾ ਪੰਘੂੜਾ ਅਖਵਾਉਂਦੀ ਹੈ। ਸੋ, ਸਕੂਲੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਮਰੀਅਮ ਸਰਕਾਰ ਨੇ ਸੂਬੇ ਵਿਚ 49000 ਸਕੂਲਾਂ ਦਾ ਇੰਤਖਾਬ ਕੀਤਾ ਹੈ ਜਿਨ੍ਹਾਂ ਵਿਚ ਮੁਫ਼ਤ ਤੇ ਮਿਆਰੀ ਸਿੱਖਿਆ ਯਕੀਨੀ ਬਣਾਈ ਜਾਵੇਗੀ। ਲਗਪਗ 13000 ਹਜ਼ਾਰ ਅਜਿਹੇ ਸਕੂਲਾਂ ਦੇ ਕਾਇਆਕਲਪ ਦਾ ਨਿਰਣਾ ਲਿਆ ਹੈ ਜੋ ਕਬਾੜ ਬਣਨ ਦੀ ਕਗਾਰ ’ਤੇ ਸਨ। ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦੀ ਵਧੀਆ ਸਿਹਤ ਦੇ ਮੱਦੇਨਜ਼ਰ ਰੋਜ਼ਾਨਾ ਦੁੱਧ ਸਪਲਾਈ ਦਾ ਨਿਰਣਾ ਲਿਆ ਹੈ। ਸਕੂਲਾਂ ਨੂੰ ਕੰਪਿਊਟਰ ਲੈਬਾਂ, ਲਾਇਬ੍ਰੇਰੀਆਂ, ਲੈਬਾਰਟਰੀਆਂ ਤੇ ਖੇਡ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਦੂਰ-ਦੁਰਾਡਿਓਂ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਆਜ ਰਹਿਤ ਸੁਖਾਲੀਆਂ ਕਿਸ਼ਤਾਂ ’ਤੇ 20000 ਮੋਟਰ ਸਾਈਕਲ ਮੁਹੱਈਆ ਕਰਵਾਏ ਜਾਣਗੇ। ਇਹ ਸਕੀਮ ਅੱਗੇ ਵੀ ਜਾਰੀ ਰਹੇਗੀ। ਸਿਹਤਮੰਦ ਪੰਜਾਬ ਪ੍ਰੋਗਰਾਮ ਤਹਿਤ 2500 ਮੁੱਢਲੇ ਅਤੇ 300 ਦਿਹਾਤੀ ਸਿਹਤ ਕੇਂਦਰ ਅਪਗ੍ਰੇਡ ਕੀਤੇ ਜਾ ਰਹੇ ਹਨ। ਆਪਣੀ ਮਾਤਾ ਬੇਗਮ ਕੁਲਸੂਮ ਦੇ ਕੈਂਸਰ ਨਾਲ ਦਿਹਾਂਤ ਦੇ ਮੱਦੇਨਜ਼ਰ ਮੁੱਖ ਮੰਤਰੀ ਵਜੋਂ ਪਹਿਲਾ ਹੁਕਮ ਲਾਹੌਰ ਵਿਚ ਕੈਂਸਰ ਹਸਪਤਾਲ ਉਸਾਰਨ ਦਾ ਦਿੱਤਾ। ਨਵਾਜ਼ ਸ਼ਰੀਫ਼ ਕਾਰਡੀਆਲੋਜੀ ਹਸਪਤਾਲ ਸਰਗੋਧਾ, ਦੂਰ-ਦੁਰੇਡੇ ਖੇਤਰਾਂ ਵਿਚ 32 ਹਸਪਤਾਲ, ਗ਼ਰੀਬਾਂ ਤੇ ਝੁੱਗੀ-ਝੌਪੜੀ ਦਰਾਂ ’ਤੇ ਮੁਫ਼ਤ ਅਤੇ ਮਿਆਰੀ ਦਵਾਈਆਂ ਦੇਣ ਲਈ 300 ਮੋਬਾਈਲ ਕਲੀਨਿਕ ਸਥਾਪਤ ਕੀਤੇ ਹਨ। ਉੱਤਰੀ, ਦੱਖਣੀ ਅਤੇ ਕੇਂਦਰੀ ਪੰਜਾਬ ਵਿਚ ਤਿੰਨ ਮੈਡੀਕਲ ਸਿਟੀ ਉਸਾਰੇ ਜਾਣਗੇ। ਚੜ੍ਹਦੇ ਪੰਜਾਬ ਦੀ ਤਰਜ਼ ’ਤੇ ਹਾਈਵੇ ਤੇ ਦੁਰਘਟਨਾਵਾਂ ਦੇ ਸ਼ਿਕਾਰ ਲੋਕਾਂ ਨੂੰ ਮੁੱਢਲੀ ਸਹਾਇਤਾ ਤੇ ਹਸਪਤਾਲਾਂ ਵਿਚ ਭਰਤੀ ਕਰਾਉਣ ਲਈ 1122 ਐਂਬੂਲੈਂਸ ਸੇਵਾਵਾਂ ਸ਼ੁਰੂ ਕੀਤੀਆਂ ਹਨ। ਸਨਅਤ, ਵਪਾਰ ਤੇ ਆਰਥਿਕ ਤਰੱਕੀ ਲਈ ‘ਯੋਜਨਾਬੱਧ ਨਿਵੇਸ਼ ਹਮਾਇਤੀ ਕੌਂਸਲ’ ਗਠਿਤ ਕੀਤੀ ਹੈ ਤਾਂ ਕਿ ਸਥਾਨਕ, ਰਾਸ਼ਟਰੀ ਤੇ ਕੌਮਾਂਤਰੀ ਪੱਧਰ ’ਤੇ ਨਿਵੇਸ਼ਕਾਂ ਨੂੰ ਉਤਸ਼ਾਹਤ ਕੀਤਾ ਜਾਵੇ। ‘ਸੜਕਾਂ ਬਹਾਲ ਪੰਜਾਬ ਖ਼ੁਸ਼ਹਾਲ’ ਪ੍ਰੋਗਰਾਮ ਅਧੀਨ 600 ਸੜਕਾਂ, 5 ਐੱਕਸਪ੍ਰੈੱਸ ਅਤੇ ਤਿਨ ਮੋਟਰਵੇਜ਼ ਉਸਾਰਨ ਦਾ ਫ਼ੈਸਲਾ ਲਿਆ ਹੈ ਤਾਂ ਕਿ ਵਪਾਰ, ਸਨਅਤ, ਕਾਰੋਬਾਰ ਲਈ ਵਧੀਆ ਵਾਤਾਵਰਨ ਉਸਰੇ। ਸਵੱਛ ਭਾਰਤ ਦੀ ਤਰਜ਼ ’ਤੇ ਰਾਜ ਵਿਆਪੀ ਪ੍ਰੋਗਰਾਮ ਅਧੀਨ ‘ਸੁਥਰਾ ਪੰਜਾਬ’ ਸਥਾਪਤ ਕੀਤਾ ਜਾਵੇਗਾ। ਸ਼ਹਿਰਾਂ-ਦਿਹਾਤ ’ਚ ਵਧੀਆ ਸੜਕਾਂ, ਡਰੇਨੇਜ, ਸਾਫ਼ ਪਾਣੀ, ਸੀਵਰੇਜ ਯਕੀਨੀ ਬਣਾਏ ਜਾਣਗੇ। ‘ਨਯਾ ਦੌਰ ਸਾਫ਼ ਲਾਹੌਰ’ ਤਹਿਤ ਰਾਜਧਾਨੀ ਦੀ ਮਿਸਾਲੀ ਉਸਾਰੀ ਕੀਤੀ ਜਾਵੇਗੀ। ਤੁਰੰਤ 222000 ਸਟਰੀਟ ਲਾਈਟਾਂ ਅਪਗ੍ਰੇਡ ਕੀਤੀਆਂ ਹਨ। ਦੂਜੇ ਸ਼ਹਿਰ ਵੀ ਇੰਜ ਸਾਫ਼-ਸੁਥਰੇ ਉਸਾਰੇ ਜਾਣਗੇ। ਸੂਬੇ ਵਿਚ ਬਿਜਲੀ ਚੋਰੀ ਤੇ ਸਮੱਗਲਿੰਗ ਦਾ ਧੰਦਾ ਠੱਪ ਕਰਨ ਲਈ 600 ਸਮਰਪਿਤ ਇਮਾਨਦਾਰ ਪੁਲਿਸ ਟੀਮਾਂ ਗਠਿਤ ਕੀਤੀਆਂ ਹਨ। ਅਫ਼ਸਰਸ਼ਾਹੀ, ਰਾਜਨੀਤੀਵਾਨ, ਮਾਫ਼ੀਆ ਗਿਰੋਹਾਂ ਦਾ ਤਾਲਮੇਲ ਤੋੜਨ ਲਈ ਹਰ ਜ਼ਿਲ੍ਹੇ ਤੇ ਸਰਹੱਦੀ ਖੇਤਰਾਂ ਵਿਚ ਅਜਿਹੀਆਂ ਟੀਮਾਂ ਬਣਾਈਆਂ ਹਨ। ਔਰਤਾਂ ਨੂੰ ਮਰਦ ਪ੍ਰਧਾਨ ਸਮਾਜ ਵਿਚ ਬਰਾਬਰ ਅਤੇ ਸਨਮਾਨਤ ਸਥਾਨ ਪ੍ਰਦਾਨ ਕਰਨ ਲਈ ਅਜੇ ਤੱਕ ਕਿਸੇ ਵੀ ਪਾਕਿਸਤਾਨੀ ਸਰਕਾਰ ਨੇ ਢੁੱਕਵੇਂ ਕਾਨੂੰਨਾਂ, ਕਦਮਾਂ ਅਤੇ ਮਸ਼ੀਨਰੀ ਦਾ ਨਿਰਮਾਣ ਨਹੀਂ ਸੀ ਕੀਤਾ। ਬੀਬਾ ਮਰੀਅਮ ਨਵਾਜ਼ ਨੇ ਮੁੱਖ ਮੰਤਰੀ ਬਣਦੇ ਹੀ ਇਹ ਕਾਰਜ ਰਾਜਨੀਤਕ ਇੱਛਾ ਸ਼ਕਤੀ ਤੇ ਪੂਰਨ ਦਿ੍ਰੜ੍ਹਤਾ ਨਾਲ ਆਪਣੇ ਹੱਥਾਂ ’ਚ ਲਿਆ ਹੈ। ਆਪਣੀ ਅਗਵਾਈ ’ਚ ਉੱਚ ਪੱਧਰੀ ‘ਔਰਤ ਸੁਰੱਖਿਆ ਬਲ’ ਗਠਿਤ ਕੀਤਾ ਹੈ। ਹਰ ਕੂੰਜੀਵਤ ਜ਼ਿਲੇ੍ਹ ਵਿਚ ਅਜਿਹਾ ਸਪੈਸ਼ਲ ਵਿੰਗ ਸਥਾਪਤ ਕੀਤਾ ਜਾਵੇਗਾ। ਹੁਕਮ ਜਾਰੀ ਕੀਤੇ ਹਨ ਕਿ ਸੂਬੇ ਵਿਚ ਔਰਤਾਂ ਵਿਰੁੱਧ ਹਿੰਸਾ, ਜ਼ੁਲਮ, ਬੇਇਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਲਈ ਉਨ੍ਹਾਂ ਨੂੰ ਪੁਲਿਸ, ਕਾਨੂੰਨੀ, ਪ੍ਰਸ਼ਾਸਨਿਕ ਤੇ ਸਮਾਜਿਕ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੂੰ ਵਪਾਰਕ, ਸਨਅਤ, ਆਯਾਤ-ਨਿਰਯਾਤ, ਰਾਜਨੀਤੀ, ਪ੍ਰਸ਼ਾਸਨ, ਡਿਪਲੋਮੈਟਿਕ ਖੇਤਰਾਂ ਵਿਚ ਪ੍ਰਮੋਟ ਕੀਤਾ ਜਾਵੇਗਾ। ਅਜਿਹਾ ਕਾਰਜ ਇਕ ਦਿ੍ਰੜ੍ਹ ਸੰਕਲਪ ਬੀਬਾ ਮਰੀਅਮ ਵਰਗੀ ਆਗੂ ਹੀ ਕਰ ਸਕਦੀ ਹੈ। ਲਹਿੰਦਾ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਸ ਕਰ ਕੇ ਕਿਸਾਨਾਂ ਨੂੰ ਵਿਆਜ ਰਹਿਤ ਕਰਜ਼ੇ, ਬੀਜ, ਕੀੜੇਮਾਰ ਦਵਾਈਆਂ, ਖਾਦਾਂ ਖ਼ਰੀਦਣ ਲਈ ਕਿਸਾਨ ਕਾਰਡ ਸਕੀਮ ਤਹਿਤ ਜਾਰੀ ਕੀਤੇ ਜਾਣਗੇ। ਮਰੀਅਮ ਸਰਕਾਰ ਯਾਦ ਰੱਖੇ ਕਿ ਪੂਰੇ ਵਿਸ਼ਵ ਦਾ ਕਿਸਾਨ ਜਾਗ ਉੱਠਿਆ ਹੈ। ਉਹ ਕਿਸੇ ਵੀ ਸੂਰਤ ’ਚ ਇਸ ਅੱਗ ਨਾਲ ਖੇਡਣ ਤੋਂ ਬਚੇ। ਚਾਲੀ ਕਿੱਲੋ ਕਣਕ ਦਾ ਭਾਅ 3900 ਰੁਪਏ ਨਿਸ਼ਚਿਤ ਕੀਤਾ ਸੀ। ਪਰ ਦਲਾਲ-ਵਪਾਰੀ-ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਖ਼ਰੀਦ ਹੋ ਰਹੀ ਹੈ 2500 ਤੋਂ 3000 ਰੁਪਏ ਨੂੰ। ਜੇ ਕਿਸਾਨੀ ਇਤਹਾਦ ਸੰਗਠਨ ਨੇ ਲਾਹੌਰ ਵਿਖੇ ਵਿਰੋਧ ਦਾ ਨਿਰਣਾ ਲਿਆ ਤਾਂ ਉਨ੍ਹਾਂ ਨਾਲ ਹਰਿਆਣਾ ਦੀ ਖੱਟਰ ਤੇ ਭਾਰਤ ਦੀ ਮੋਦੀ ਸਰਕਾਰ ਵਾਂਗ ਵਰਤਾਅ ਕੀਤਾ। ਵਿਰੋਧੀ ਧਿਰ ਨੇ ਪੰਜਾਬ ਅਸੈਂਬਲੀ ਵਿੱਚੋਂ ਕਿਸਾਨੀ ਦੇ ਹੱਕ ਵਿਚ ਵਾਕ-ਆਊਟ ਕੀਤਾ। ਬੀਬਾ ਮਰੀਅਮ ਨੂੰ ਕਿਸਾਨੀ ਮਸਲਿਆਂ ਦਾ ਹੱਲ ਆਪਣੇ ਹੱਥ ਵਿਚ ਲੈਣਾ ਚਾਹੀਦਾ ਹੈ ਕਿਉਂਕਿ ਸਥਿਤੀ ਵਿਗੜਨ ਦਾ ਅੰਦੇਸ਼ਾ ਹੈ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਤਰੱਕੀ, ਖ਼ੁਸ਼ਹਾਲੀ ਤੇ ਆਪਸੀ ਮੇਲ-ਜੋਲ ਲਈ ਵਪਾਰਕ ਵਾਹਗਾ, ਹੁਸੈਨੀਵਾਲਾ, ਕਰਤਾਰਪੁਰ ਸਾਹਿਬ ਲਾਂਘੇ ਫੈਡਰਲ ਸਰਕਾਰ ਨਾਲ ਮਿਲ ਕੇ ਡਿਪਲੋਮੈਟਿਕ ਰਸਤੇ ਭਾਰਤ ਨਾਲ ਗੱਲਬਾਤ ਰਾਹੀਂ ਖੋਲ੍ਹਣ ਲਈ ਮਰੀਅਮ ਨਵਾਜ਼ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ। ਰੇਲ, ਬੱਸ, ਹਵਾਈ ਮਾਰਗ ਖੋਲ੍ਹ ਦੇਣੇ ਚਾਹੀਦੇ ਹਨ। ਜੇ ਤਣਾਅ ਦੇ ਬਾਵਜੂਦ ਭਾਰਤ-ਚੀਨ ਵਪਾਰ ਜਾਰੀ ਹੈ ਤਾਂ ਭਾਰਤ-ਪਾਕਿ ਵਪਾਰ ਕਿਉਂ ਜਾਰੀ ਨਹੀਂ ਰਹਿ ਸਕਦਾ? ਸਿਰਫ਼ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਹੀ ਨਹੀਂ, ਭਾਰਤ-ਪਾਕਿਸਤਾਨ ਨੂੰ ਬੀਬਾ ਮਰੀਅਮ ਨਵਾਜ਼ ਵਰਗੀ ਜ਼ਹੀਨ ਤੇ ਗਤੀਸ਼ੀਲ ਔਰਤ ਮੁੱਖ ਮੰਤਰੀ ਤੋਂ ਨਵਾਂ ਇਤਿਹਾਸ ਸਿਰਜੇ ਜਾਣ ਦੀਆਂ ਵੱਡੀਆਂ ਆਸਾਂ-ਉਮੀਦਾਂ ਹਨ।