July 6, 2024 00:36:02
post

Jasbeer Singh

(Chief Editor)

Latest update

ਟਰੂਡੋ ਲਈ ਮੁਸੀਬਤ ਬਣੇ ਪਰਵਾਸੀ

post-img

ਕੋਈ ਵੀ ਸਰਕਾਰ ਆਪਣੇ ਦੇਸ਼ ਵਿਚ ਆਉਣ ਲਈ ਇਸ ਲਈ ਵੀਜ਼ੇ ਨਹੀਂ ਦਿੰਦੀ ਕਿ ਉਹ ਆ ਕੇ ਗੋਲ਼ੀਬਾਰੀ, ਚੋਰੀ-ਡਕੈਤੀ ਕਰੇ, ਕਾਰਾਂ ਦੀ ਚੋਰੀ ਕਰੇ, ਡਰੱਗ ਸਮਗਲਿੰਗ ਕਰੇ ਜਾਂ ਪਲਾਜ਼ਿਆਂ ਤੇ ਸੜਕਾਂ ’ਤੇ ਕਿਰਪਾਨਾਂ, ਸਟਿੱਕਸ ਨਾਲ ਲੜਾਈ-ਝਗੜੇ ਕਰ ਕੇ ਦੇਸ਼ ਅਤੇ ਸਰਕਾਰ ਦਾ ਨਾਂ ਮਿੱਟੀ ਵਿਚ ਮਿਲਾ ਦੇਵੇ। ਕੈਨੇਡਾ ਦੇ ਬਹੁਪੱਖੀ ਵਿਕਾਸ ਲਈ ਪਰਵਾਸੀਆਂ ਨੇ ਭਰਪੂਰ ਯੋਗਦਾਨ ਪਾਇਆ ਹੈ। ਇਸੇ ਲਈ ਕੈਨੇਡਾ ਸਰਕਾਰ ਨੇ ਪਰਵਾਸੀਆਂ ਨੂੰ ਦਿਲ ਖੋਲ੍ਹ ਕੇ ਵੀਜ਼ੇ ਦਿੱਤੇ ਸਨ। ਇਸ ਦੇ ਬਾਵਜੂਦ ਕਈ ਗ਼ੈਰ-ਸਮਾਜੀ ਪਰਵਾਸੀਆਂ ਨੇ ਗ਼ਲਤ ਕਾਰਵਾਈਆਂ ਕਰ ਕੇ ਆਪਣੇ ਦੇਸ਼ ਦਾ ਨਾਂ ਬਦਨਾਮ ਕੀਤਾ ਹੈ। ਕੋਈ ਵੀ ਸਰਕਾਰ ਆਪਣੇ ਦੇਸ਼ ਵਿਚ ਆਉਣ ਲਈ ਇਸ ਲਈ ਵੀਜ਼ੇ ਨਹੀਂ ਦਿੰਦੀ ਕਿ ਉਹ ਆ ਕੇ ਗੋਲ਼ੀਬਾਰੀ, ਚੋਰੀ-ਡਕੈਤੀ ਕਰੇ, ਕਾਰਾਂ ਦੀ ਚੋਰੀ ਕਰੇ, ਡਰੱਗ ਸਮਗਲਿੰਗ ਕਰੇ ਜਾਂ ਪਲਾਜ਼ਿਆਂ ਤੇ ਸੜਕਾਂ ’ਤੇ ਕਿਰਪਾਨਾਂ, ਸਟਿੱਕਸ ਨਾਲ ਲੜਾਈ-ਝਗੜੇ ਕਰ ਕੇ ਦੇਸ਼ ਅਤੇ ਸਰਕਾਰ ਦਾ ਨਾਂ ਮਿੱਟੀ ਵਿਚ ਮਿਲਾ ਦੇਵੇ। ਜ-ਕੱਲ੍ਹ ਅਜਿਹੇ ਹਾਲਾਤ ਹੀ ਕੈਨੇਡਾ ਦੇ ਬਣੇ ਹੋਏ ਹਨ ਜਿੱਥੇ ਲੋਕ ਸਰਕਾਰ ਨੂੰ ਦੋਸ਼ ਦੇ ਰਹੇ ਹਨ ਕਿ ਟਰੂਡੋ ਨੇ ਇਮੀਗ੍ਰਾਂਟਾਂ ਲਈ ਦਰਵਾਜ਼ੇ ਖੋਲ੍ਹੇ ਜਿਨ੍ਹਾਂ ਨੇ ਇੱਥੇ ਆ ਕੇ ਇੱਥੋਂ ਦਾ ਮਾਹੌਲ ਖ਼ਰਾਬ ਕਰ ਦਿੱਤਾ। ਪਰ ਸਵਾਲ ਉੱਠਦਾ ਹੈ ਕਿ ਕੀ ਟਰੂਡੋ ਨੇ ਇਨ੍ਹਾਂ ਲੋਕਾਂ ਨੂੰ ਵੀਜ਼ੇ ਇਸ ਲਈ ਦਿੱਤੇ ਸਨ ਕਿ ਆਓ ਤੇ ਕੈਨੇਡਾ ’ਚ ਕਾਰਾਂ ਚੋਰੀ ਕਰੋ, ਡਰੱਗਜ਼ ਦੇ ਧੰਦੇ ਕਰੋ, ਸੋਨੇ ਦੀ ਚੋਰੀ ਕਰੋ, ਮਾਰ-ਕੁਟਾਈ ਕਰੋ ਤੇ ਮੇਰਾ ਅਤੇ ਲਿਬਰਲ ਪਾਰਟੀ ਦਾ ਨਾਂ ਮਿੱਟੀ ਵਿਚ ਮਿਲਾ ਦਿਉ। ਹਰਗਿਜ਼ ਨਹੀਂ। ਭਾਰਤੀ ਪਰਵਾਸੀ ਕੈਨੇਡਾ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਦਾ ਮਹੱਤਵਪੂਰਨ ਹਿੱਸਾ ਹਨ। ਭਾਰਤ ਤੋਂ ਕੈਨੇਡਾ ਲਈ ਪਰਵਾਸ ਦਾ ਲੰਬਾ ਇਤਿਹਾਸ ਹੈ। ਭਾਰਤੀ ਪਰਵਾਸੀਆਂ ਨੇ ਵੱਖ-ਵੱਖ ਖੇਤਰਾਂ ਵਿਚ ਕੈਨੇਡੀਅਨ ਸਮਾਜ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਬਹੁਤ ਸਾਰੇ ਭਾਰਤੀ ਪਰਵਾਸੀਆਂ ਨੂੰ ਕੈਨੇਡਾ ਵਿਚ ਸਫਲਤਾ ਅਤੇ ਸਵੀਕਿ੍ਰਤੀ ਮਿਲੀ ਹੈ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਅਨੁਭਵ ਵਿਅਕਤੀਆਂ ਲਈ ਵੱਖੋ-ਵੱਖਰੇ ਹੋ ਸਕਦੇ ਹਨ ਅਤੇ ਭਾਸ਼ਾ ਦੀ ਮੁਹਾਰਤ , ਸਿੱਖਿਆ ਤੇ ਸੱਭਿਆਚਾਰਕ ਅਨੁਕੂਲਤਾ ਵਰਗੇ ਕਾਰਕਾਂ ਦੁਆਰਾ ਪ੍ਰਭਾਵਿਤ ਹੋ ਸਕਦੇ ਹਨ। ਕੈਨੇਡਾ ਵਿਚ ਸਮਾਨਤਾ ਨੂੰ ਉਤਸ਼ਾਹਤ ਕਰਨ ਤੇ ਵਿਤਕਰੇ ਨੂੰ ਰੋਕਣ ਲਈ ਕਾਨੂੰਨ ਤੇ ਨੀਤੀਆਂ ਹਨ ਤੇ ਪਰਵਾਸੀਆਂ ਦੀ ਏਕੀਕਰਨ ਪ੍ਰਕਿਰਿਆ ਵਿਚ ਸਹਾਇਤਾ ਕਰਨ ਲਈ ਸੰਸਥਾਵਾਂ ਅਤੇ ਸਰੋਤ ਉਪਲਬਧ ਹਨ। ਪਰ ਕੁਝ ਸਾਲਾਂ ਤੋਂ ਭਾਰਤੀਆਂ ਦੁਆਰਾ ਕੈਨੇਡੀਅਨ ਪਛਾਣ ਨੂੰ ਤਬਾਹ ਕੀਤਾ ਜਾ ਰਿਹਾ ਹੈ। ਖ਼ਾਸ ਤੌਰ ’ਤੇ ਸਾਡੇ ਕੁਝ ਪੰਜਾਬੀ ਲੋਕ ਜੋ ਰਾਤੋ-ਰਾਤ ਅਮੀਰ ਬਣਨ ਲਈ ਗ਼ਲਤ ਕੰਮਾਂ ਵਿਚ ਪੈ ਕੇ ਆਪਣੀ ਜ਼ਿੰਦਗੀ ਜੇਲ੍ਹਾਂ ਵਿਚ ਖ਼ਰਾਬ ਕਰ ਰਹੇ ਹਨ। ਕਾਰਾਂ, ਸੋਨੇ ਦੀ ਚੋਰੀ, ਡਰੱਗ ਦੇ ਧੰਦੇ, ਮਰਨ-ਮਰਾਉਣ ਦੇ ਕੰਮ, ਪਾਰਕਾਂ ਵਿਚ ਸ਼ਰਾਬਾਂ ਪੀ ਕੇ ਹੁੱਲੜਬਾਜ਼ੀ, ਕੋਈ ਤਿਉਹਾਰ ਹੋਵੇ ਜਿਵੇਂ ਦੀਵਾਲੀ ਤਾਂ ਪਟਾਕੇ ਚਲਾ-ਚਲਾ ਕੇ ਪਾਰਕਾਂ, ਪਲਾਜ਼ਿਆਂ ਵਿਚ ਗੰਦ ਪਾ ਦੇਣਾ। ਜੇਕਰ ਕੋਈ ਕੰਮ ਦੀ ਗੱਲ ਇਨ੍ਹਾਂ ਨੂੰ ਕਹਿਣ ਦੀ ਕੋਸ਼ਿਸ਼ ਕਰਦਾ ਹੈ, ਸਮਝਾਉਣ ਦਾ ਯਤਨ ਕਰਦਾ ਹੈ ਤਾਂ ਉਸ ਦੇ ਹੀ ਗਲ ਪੈ ਜਾਂਦੇ ਹਨ। ਮਾਰਨ-ਕੁੱਟਣ ਲਈ ਤਿਆਰ ਹੋ ਜਾਂਦੇ ਹਨ। ਅਠਾਈ ਅਪ੍ਰੈਲ ਦੀ ਪੁਲਿਸ ਰਿਲੀਜ਼ ਮੁਤਾਬਕ 27 ਮਾਰਚ ਤੋਂ ਲੈ ਕੇ 27 ਅਪ੍ਰੈਲ ਤੱਕ ਸਿਰਫ਼ ਮਿਸੀਸਾਗਾ ਅਤੇ ਬਰੈਂਪਟਨ ਵਿੱਚੋਂ 5 ਮੋਟਰਸਾਈਕਲਾਂ ਸਮੇਤ 497 ਗੱਡੀਆਂ ਚੋਰੀ ਹੋਈਆਂ ਭਾਵ ਕਿ 16 ਗੱਡੀਆਂ ਰੋਜ਼ ਦੀਆਂ। ਜਿਨ੍ਹਾਂ ਵਿੱਚੋਂ 7 ਮਾਮਲੇ ਪੁਲਿਸ ਵੱਲੋਂ ਹੱਲ ਕੀਤੇ ਗਏ ਜਿਨ੍ਹਾਂ ਵਿਚ ਭਾਰਤੀ ਪਹਿਲੇ ਨੰਬਰ ’ਤੇ ਹਨ ਜੋ ਇਨ੍ਹਾਂ ਚੋਰੀਆਂ ਵਿਚ ਸ਼ਾਮਲ ਹਨ। ਪਿਛਲੇ ਹਫ਼ਤੇ ਦੀ ਖ਼ਬਰ ਮੁਤਾਬਕ ਮਿਸੀਸਾਗਾ ਸ਼ਹਿਰ ਵਿਚ ਕਤਲ ਕਰਕੇ ਫਰਾਰ ਹੋਏ ਚਾਰ ਲੋਕਾਂ ਦੇ ਨਾਂ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿਚ ਮਨਜੀਤ ਕੰਗ, ਧਰਮ ਸਿੰਘ ਧਾਲੀਵਾਲ, ਮਨਜੀਤ ਸਿੰਘ ਤੇ ਜਮਾਇਕਾ ਮੂਲ ਦੇ ਰੀਕੋ ਹੇਲ ਦੇ ਨਾਂ ਵਰਣਨਯੋਗ ਹਨ। ਇਨ੍ਹਾਂ ਵਿੱਚੋਂ ਬੀਤੇ ਦਿਨੀਂ ਧਰਮ ਸਿੰਘ ਧਾਲੀਵਾਲ ਨੂੰ ਕੈਨੇਡਾ ਦੇ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ ਤੇ ਉਸ ਦੇ ਗਿ੍ਰਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਗਏ ਹਨ। ਪਰ ਕੈਨੇਡਾ ਦਾ ਕਾਨੂੰਨ ਬਹੁਤ ਲਚਕੀਲਾ ਹੈ। ਫੜੇ ਜਾਣ ’ਤੇ ਸ਼ਾਮ ਤੱਕ ਜਾਂ ਦੂਜੇ ਦਿਨ ਹੀ ਜ਼ਮਾਨਤ ’ਤੇ ਛੱਡ ਦਿੱਤਾ ਜਾਂਦਾ ਹੈ ਜਿਸ ਬਾਰੇ ਆਏ ਦਿਨ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਪ੍ਰੀਮੀਅਰਜ਼, ਅਤੇ ਸ਼ਹਿਰਾਂ ਦੇ ਮੇਅਰਜ਼ ਵੱਲੋਂ ਅਕਸਰ ਪ੍ਰਧਾਨ ਮੰਤਰੀ ਟਰੂਡੋ ਨੂੰ ਖ਼ਤ ਲਿਖ ਕੇ ਕਾਨੂੰਨ ਨੂੰ ਸਖ਼ਤ ਕਰਨ ਲਈ ਕਿਹਾ ਹੈ ਪਰ ਮੇਰੇ ਹਿਸਾਬ ਨਾਲ ਜਦੋਂ ਉਹ ਅਜਿਹਾ ਅਪਰਾਧ ਕਰਦੇ ਹਨ ਤਾਂ ਉਨ੍ਹਾਂ ਨੂੰ ਵਾਪਸ ਉਸੇ ਦੇਸ਼ ਵਿਚ ਭੇਜਿਆ ਜਾਣਾ ਚਾਹੀਦਾ ਹੈ ਜਿਸ ਦੇਸ਼ ਤੋਂ ਉਹ ਆਏ ਹੁੰਦੇ ਹਨ। ਟਰੂਡੋ ਵੱਲੋਂ ਬਹੁਤ ਗ਼ਲਤੀਆਂ ਕੀਤੀਆਂ ਗਈਆਂ ਹਨ। ਇਹ ਨਹੀਂ ਕਿ ਉਹ ਦੁੱਧ ਧੋਤਾ ਹੈ। ਹਰ ਸਮੇਂ ਪ੍ਰੀਮੀਅਰ, ਸੰਸਦ ਮੈਂਬਰ, ਕਾਲਮਨਵੀਸ ਅਤੇ ਪੀਅਰੇ ਪੋਇਲੀਵਰ ਨਾਅਰਿਆਂ ਅਤੇ ਇੱਥੋਂ ਤੱਕ ਕਿ ਕਈ ਵਾਰ ਸਿੱਧੇ ਲਫ਼ਜ਼ਾਂ ਵਿਚ ਟਰੂਡੋ ਨੂੰ ਲੰਮੇ ਹੱਥੀਂ ਲੈਂਦੇ ਹਨ। ਕੈਨੇਡੀਅਨਾਂ ਦਾ ਝੁਕਣ ਦਾ ਲੰਮਾ ਇਤਿਹਾਸ ਹੈ ਪਰ ਟੁੱਟਣ ਦਾ ਨਹੀਂ। ਇਹ ਉਹ ਚੀਜ਼ ਹੈ ਜਿਸ ਦੀ ਦੁਨੀਆ ਨੇ ਸਾਲਾਂ ਦੌਰਾਨ ਸਾਡੀ ਪ੍ਰਸ਼ੰਸਾ ਕੀਤੀ ਹੈ। ਇਹ ਕੁਝ ਅਜਿਹਾ ਹੈ ਜੋ ਮੈਨੂੰ ਯਕੀਨ ਹੈ ਕਿ ਜਾਰੀ ਰਹੇਗਾ। ਹਾਲ ਹੀ ਦੇ ਇਕ ਸਰਵੇ ਮਤਾਬਕ ਕੈਨੇਡਾ ਦੁਨੀਆ ਦਾ ਸਭ ਤੋਂ ਉੱਤਮ ਦੇਸ਼ ਹੈ ਸੈਰ ਕਰਨ ਲਈ। ਚੰਗੇ ਆਰਥਿਕ ਸਮੇਂ ਵਿਚ ਕੈਨੇਡਾ ਸਰਕਾਰ ਨੂੰ ਬਜਟ ਵਿਚ ਸੰਤੁਲਨ ਬਣਾਉਣਾ ਚਾਹੀਦਾ ਸੀ ਜੋ 2015 ਤੋਂ ਸ਼ੁਰੂਆਤ ਹੋਈ। ਘਾਟੇ ਨੂੰ ਖ਼ਤਮ ਕਰਨਾ ਚਾਹੀਦਾ ਸੀ ਅਤੇ ਰਾਸ਼ਟਰੀ ਕਰਜ਼ੇ ਦਾ ਭੁਗਤਾਨ ਕਰਨਾ ਚਾਹੀਦਾ ਸੀ। ਇਸ ਦੀ ਬਜਾਏ ਟਰੂਡੋ ਐਂਡ ਕੰਪਨੀ ਨੇ ਸ਼ਰਾਬੀ ਮਲਾਹਾਂ ਵਾਂਗ ਪੈਸਾ ਖ਼ਰਚਿਆ ਅਤੇ ਕਰਜ਼ੇ ਨੂੰ ਇਤਿਹਾਸਕ ਪੱਧਰ ਤੱਕ ਪਹੁੰਚਾਇਆ। ਕੀ ਸਾਡੇ ਆਦਿਵਾਸੀਆਂ ਕੋਲ ਵਾਅਦੇ ਮੁਤਾਬਕ ਸਾਫ਼ ਪਾਣੀ ਤੇ ਰਹਿਣ ਦੀਆਂ ਬਿਹਤਰ ਸਥਿਤੀਆਂ ਹਨ? ਕੀ ਸਾਡੇ ਪੁਰਾਣੇ ਸ਼ਹਿਰਾਂ ਨੂੰ ਅਪਡੇਟ ਕਰਨ ਲਈ ਕੋਈ ਵਿਆਪਕ ਬੁਨਿਆਦੀ ਢਾਂਚਾ ਪ੍ਰੋਗਰਾਮ ਹੈ? ਕੀ ਫੈਡਰਲ ਸਰਕਾਰ ਨੇ ਸੂਬਿਆਂ ਨੂੰ ਸਿਹਤ ਭੁਗਤਾਨਾਂ ’ਚ ਵਾਧਾ ਕੀਤਾ ਹੈ? ਕੀ ਜਲਵਾਯੂ ਤਬਦੀਲੀ, ਆਲਮੀ ਤਪਸ਼ ਤੇ ਨਵਿਆਉਣਯੋਗ ਊਰਜਾ ’ਤੇ ਅੱਗੇ ਵਧਣ ਲਈ ਕੋਈ ਵਿਆਪਕ ਯੋਜਨਾ ਹੈ? ਟਰੂਡੋ ਸਿਵਲ ਸੇਵਕਾਂ ਨੂੰ ਵੀ ਸਹੀ ਢੰਗ ਨਾਲ ਭੁਗਤਾਨ ਨਹੀਂ ਕਰ ਸਕਦਾ ਹੈ ਅਤੇ ਇਸ ਨੂੰ ਠੀਕ ਕਰਨ ਦੀ ਹਰ ਕੋਸ਼ਿਸ਼ ਪਹਿਲਾਂ ਨਾਲੋਂ ਵੀ ਮਾੜੀ ਹੁੰਦੀ ਗਈ। ਸਰਕਾਰ ਸਾਬਕਾ ਸੈਨਿਕਾਂ ਨੂੰ ਸਹੂਲਤਾਂ ਦੇਣ ਲਈ ਸਾਲਾਂਬੱਧੀ ਪਿੱਛੇ ਹੈ। ਸੰਨ 2024 ਵਿਚ ਜਦ ਟਰੂਡੋ ਹਰ ਪਾਸੇ ਤੋਂ ਨਿਰਾਸ਼ ਹੋਇਆ, ਉਸ ਦੀ ਪਾਰਟੀ ਅਤੇ ਉਸ ਦਾ ਗ੍ਰਾਫ ਹੇਠਾਂ ਡਿੱਗ ਪਿਆ ਤਾਂ ਉਸ ਵੱਲੋਂ ਭਾਰਤੀ ਵਿਦਿਆਰਥੀਆਂ ਤੇ ਮਾਂ-ਬਾਪ ਦੇ ਕੈਨੇਡਾ ਆਉਣ ਦਾ ਕੋਟਾ ਬਹੁਤ ਘਟਾ ਦਿੱਤਾ ਗਿਆ ਹੈ। ਅਜਿਹਾ ਇਸ ਲਈ ਕੀਤਾ ਕਿਉਂਕਿ ਲੋਕਾਂ ਨੇ ਲਚਕੀਲੀ ਪਰਵਾਸ ਨੀਤੀ ਦਾ ਵਿਰੋਧ ਕੀਤਾ ਕਿਉਂਕਿ ਕਾਫ਼ੀ ਸਾਰੇ ਕੈਨੇਡੀਅਨ ਲੋਕਾਂ ਕੋਲ ਕੰਮਕਾਰ ਨਹੀਂ ਹਨ, ਰਹਿਣ ਲਈ ਘਰ ਨਹੀਂ ਹਨ। ਜੇ ਉਸ ਨੂੰ ਕੁਝ ਦਿਸ ਰਿਹਾ ਸੀ ਤਾਂ ਉਹ ਇਹ ਕਿ ਕੈਨੇਡਾ ਨੂੰ ਇਮੀਗ੍ਰਾਂਟਸ ਨਾਲ ਭਰ ਲਓ। ਉਨ੍ਹਾਂ ਵੱਲੋਂ ਪੈਸਾ ਲਗਾ ਕੇ ਕੈਨੇਡਾ ਵਿਚ ਦਾਖ਼ਲ ਹੋਇਆ ਜਾਂਦਾ ਹੈ, ਉਸ ਨੂੰ ਪੈਸੇ ਨਾਲ ਕੈਨੇਡਾ ਦੀ ਇਕਾਨਮੀ ਚਲਾਈ ਜਾਓ। ਪਿਛਲੇ ਹਫ਼ਤੇ ਹੀ ਟਰੂਡੋ ਸਰਕਾਰ ਵੱਲੋਂ 2024 ਦਾ ਬਜਟ ਪੇਸ਼ ਕੀਤਾ ਗਿਆ ਜਿਸ ਨੂੰ ਚੋਣ ਬਜਟ ਵੀ ਕਿਹਾ ਜਾ ਸਕਦਾ ਹੈ। ਇਸ ਵਿਚ ਲੋਕਾਂ ਨੂੰ ਖ਼ੁਸ਼ ਕਰਨ ਲਈ ਬਹੁਤ ਕੁਝ ਕੀਤਾ ਗਿਆ ਹੈ ਪਰ ਲੋਕ ਵੀ ਹੁਣ ਸਿਆਣੇ ਹੋ ਚੁੱਕੇ ਹਨ। ਉਹ ਉਸ ਦੇ ਝੂਠੇ ਵਾਅਦਿਆਂ ਵਿਚ ਨਹੀਂ ਆ ਰਹੇ। ਕੈਨੇਡਾ ਦੀ ਇਕ ਟਾਪ ਸਰਵੇ ਸੰਸਥਾ ਵੱਲੋਂ ਕਰਵਾਏ ਸਰਵੇ ਤੋਂ ਪਤਾ ਲੱਗਾ ਹੈ ਕਿ ਕੈਨੇਡੀਅਨ ਆਪਣਾ ਮਨ ਬਣਾ ਚੁੱਕੇ ਹਨ ਕਿ ਉਹ 2025 ਵਿਚ ਹੋਣ ਜਾ ਰਹੀਆਂ ਚੋਣਾਂ ਵਿਚ ਟਰੂਡੋ ਦਾ ਤਖਤਾ ਪਲਟ ਕੇ ਰਹਿਣਗੇ। ਅਫ਼ਸੋਸਨਾਕ ਗੱਲ ਇਹ ਹੈ ਕਿ ਕੈਨੇਡਾ ਅਤੇ ਟਰੂਡੋ ਦਾ ਅਕਸ ਵਿਗਾੜਨ ਵਿਚ ਪਰਵਾਸੀਆਂ ਦਾ ਬਹੁਤ ਵੱਡਾ ਹੱਥ ਹੈ। ਜਿਨ੍ਹਾਂ ਨੇ ਇੱਥੇ ਆ ਕੇ ਕੁਝ ਸਿੱਖਣਾ ਸੀ, ਆਪਣੇ ਹੁਨਰ ਦਿਖਾਉਣੇ ਸਨ, ਚੰਗੀ ਜ਼ਿੰਦਗੀ ਜਿਊਣੀ ਸੀ, ਉਨ੍ਹਾਂ ਨੇ ਕੈਨੇਡਾ ਵਿਚ ਆ ਕੇ ਕ੍ਰਾਈਮ ਤੇ ਗ਼ਲਤ ਧੰਦਿਆਂ ਵਿਚ ਪੈ ਕੇ ਕੈਨੇਡਾ ਦੇ ਹਾਲਾਤ ਹੀ ਖ਼ਰਾਬ ਕਰ ਦਿੱਤੇ ਜਿਸ ਦਾ ਖ਼ਮਿਆਜ਼ਾ ਟਰੂਡੋ ਨੂੰ 2025 ਦੀਆਂ ਚੋਣਾਂ ’ਚ ਭੁਗਤਣਾ ਪਵੇਗਾ।

Related Post