
ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਸੰਗਰੂਰ ਜ਼ਿਲ੍ਹਾ ਜੇਲ੍ਹ ਦਾ ਦੌਰਾ
- by Jasbeer Singh
- November 20, 2024

ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਸੰਗਰੂਰ ਜ਼ਿਲ੍ਹਾ ਜੇਲ੍ਹ ਦਾ ਦੌਰਾ ਮਹਿਲਾਵਾਂ ਦੇ ਸੁਨਿਹਰੀ ਭਵਿੱਖ ਲਈ ਸਮਾਜਕ ਸੁਧਾਰਾਂ ਨੂੰ ਲਾਗੂ ਕਰਨ ਲਈ ਸੰਜੀਦਗੀ ਨਾਲ ਕੀਤੇ ਜਾਣ ਉਪਰਾਲੇ : ਚੇਅਰਪਰਸਨ ਰਾਜ ਲਾਲੀ ਗਿੱਲ ਸੰਗਰੂਰ, 20 ਨਵੰਬਰ : ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਅੱਜ ਜ਼ਿਲ੍ਹਾ ਜੇਲ੍ਹ ਸੰਗਰੂਰ ਦਾ ਦੌਰਾ ਕੀਤਾ ਗਿਆ । ਇਸ ਮੌਕੇ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਬੰਦੀ ਅਤੇ ਕੈਦੀ ਮਹਿਲਾਵਾਂ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਗੱਲਬਾਤ ਕੀਤੀ ਗਈ । ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਅੱਜ ਦੇ ਉਨ੍ਹਾਂ ਦੇ ਜ਼ਿਲ੍ਹਾ ਜੇਲ੍ਹ ਦੇ ਦੌਰੇ ਦਾ ਮੁੱਖ ਮਕਸਦ ਵੱਖ-ਵੱਖ ਕੇਸਾਂ ਵਿੱਚ ਬੰਦ ਮਹਿਲਾਵਾਂ ਦਾ ਭਵਿੱਖ ਸੁਧਾਰਨ ਲਈ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਬਾਰੇ ਜਾਣਕਾਰੀ ਹਾਸਲ ਕਰਨਾ ਹੈ ਤਾਂ ਕਿ ਇਸ ਲਈ ਲੋੜੀਂਦੇ ਕਾਰਜਾਂ ‘ਤੇ ਅਮਲ ਨੂੰ ਯਕੀਨੀ ਬਣਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਇਨ੍ਹਾਂ ਬੰਦੀ ਜਾਂ ਕੈਦੀ ਮਹਿਲਾਵਾਂ ਨੂੰ ਸਿਹਤ, ਖਾਣੇ, ਕਾਨੂੰਨੀ ਸਹਾਇਤਾ ਸਬੰਧੀ ਆ ਰਹੀਆਂ ਸਮੱਸਿਆਵਾਂ ਦਾ ਢੱਕਵਾਂ ਹੱਲ ਵੀ ਯਕੀਨੀ ਬਣਾਉਣਾ ਹੈ । ਚੇਅਰਪਰਸਨ ਵੱਲੋਂ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਸਮਾਜਕ ਸੁਧਾਰਾਂ ਨੂੰ ਲਾਗੂ ਕਰਨ ਲਈ ਸੰਜੀਦਗੀ ਨਾਲ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ । ਉਨ੍ਹਾਂ ਕਿਹਾ ਕਿ ਸਮਾਜ ਸੁਧਾਰਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਐਨ. ਜੀ. ਓਜ਼. ਦੀ ਮਦਦ ਲਈ ਜਾਵੇ ਤਾਂ ਜੋ ਪਿਛੜੇ ਵਰਗਾਂ ਦੀ ਹਰ ਇੱਕ ਮਹਿਲਾ ਅਤੇ ਬੱਚੇ ਤੱਕ ਪਹੁੰਚ ਯਕੀਨੀ ਬਣਾਈ ਜਾ ਸਕੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ. ਡੀ. ਐਮ. ਚਰਨਜੋਤ ਸਿੰਘ ਵਾਲੀਆ, ਸੁਪਰਡੈਂਟ ਜ਼ਿਲ੍ਹਾ ਜੇਲ੍ਹ ਨਵਇੰਦਰ ਸਿੰਘ, ਡਿਪਟੀ ਡਾਇਰੈਕਟਰ ਸੁਮਨਦੀਪ ਕੌਰ, ਐਸ. ਪੀ. ਪਲਵਿੰਦਰ ਸਿੰਘ ਚੀਮਾ, ਡੀ. ਐਸ. ਪੀ. ਸੁਖਦੇਵ ਸਿੰਘ, ਡਿਪਟੀ ਜੇਲ੍ਹ ਸੁਪਰਡੈਂਟ ਜਸਪ੍ਰੀਤ ਸਿੰਘ ਥਿੰਦ ਡੀ. ਐਸ. ਪੀ. ਜੇਲ੍ਹ ਸੁਰੱਖਿਆ ਆਦਰਸ਼ਪਾਲ ਸਿੰਘ ਤੂਰ ਵੀ ਹਾਜ਼ਰ ਸਨ ।