
ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤਾ ਸਰਕਾਰੀ ਖਜ਼ਾਨੇ ਨੂੰ ਖ਼ੋਰਾ ਲਾਉਣ ਵਾਲਾ ਭਗੌੜਾ ਠੇਕੇਦਾਰ ਨੂੰ ਕਾਬੂ
- by Jasbeer Singh
- December 17, 2024

ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤਾ ਸਰਕਾਰੀ ਖਜ਼ਾਨੇ ਨੂੰ ਖ਼ੋਰਾ ਲਾਉਣ ਵਾਲਾ ਭਗੌੜਾ ਠੇਕੇਦਾਰ ਨੂੰ ਕਾਬੂ ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਬਿਊਰੋ ਵੱਲੋਂ ਦਰਜ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਅੰਮ੍ਰਿਤਸਰ ਦੇ ਇੱਕ ਭਗੌੜੇ ਪ੍ਰਾਈਵੇਟ ਠੇਕੇਦਾਰ ਵਿਕਾਸ ਖੰਨਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਮੁਲਜ਼ਮ ਨੇ ਕਈ ਵਾਰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ, (ਏ. ਆਈ. ਟੀ.) ਅੰਮ੍ਰਿਤਸਰ ਵਿੱਚ ਨਿਧਾਰਿਤ ਕੀਮਤ ਤੋਂ ਬਹੁਤ ਘੱਟ ਰੇਟ ‘ਤੇ ਪਲਾਟ ਅਲਾਟ ਕਰਵਾਇਆ ਸੀ ਅਤੇ ਧੋਖੇ ਨਾਲ ਸਰਕਾਰੀ ਟੈਂਡਰ ਵੀ ਪ੍ਰਾਪਤ ਕੀਤੇ ਸਨ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਜਾਂਚ ਦੌਰਾਨ ਵਿਜੀਲੈਂਸ ਬਿਊਰੋ ਨੂੰ ਪਤਾ ਲੱਗਾ ਹੈ ਕਿ ਮੁਲਜ਼ਮ ਠੇਕੇਦਾਰ ਨੇ ਏ. ਆਈ. ਟੀ. ਦੇ ਤਤਕਾਲੀ ਚੇਅਰਮੈਨ ਦੀ ਮਿਲੀਭੁਗਤ ਨਾਲ 200 ਵਰਗ ਗਜ਼ ਦਾ ਪਲਾਟ ਮਾਰਕੀਟ ਰੇਟ ਤੋਂ ਬਹੁਤ ਘੱਟ ਕੀਮਤ ‘ਤੇ ਆਪਣੇ ਨਾਮ ‘ਤੇ ਅਲਾਟ ਕਰਵਾਇਆ ਸੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ ਸੀ । ਇਹ ਵੀ ਧਿਆਨ ਵਿੱਚ ਆਇਆ ਹੈ ਕਿ ਮੁਲਜ਼ਮ ਨੇ ਧੋਖੇ ਨਾਲ ਆਪਣੀ ਫਰਮ ਨੂੰ ਉਕਤ ਟਰੱਸਟ ਵਿੱਚ ਦਰਜ ਕਰਵਾਇਆ ਸੀ ਅਤੇ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ਕਰਕੇ ਸਰਕਾਰੀ ਟੈਂਡਰ ਪ੍ਰਾਪਤ ਕੀਤੇ ਸਨ । ਇਸ ਤੋਂ ਇਲਾਵਾ ਮੁਲਜ਼ਮ ਨੇ ਧੋਖੇ ਨਾਲ ਵੇਰਕਾ ਮਿਲਕ ਬੂਥ ਵੀ ਆਪਣੇ ਨਾਂ ’ਤੇ ਮਨਜ਼ੂਰ ਕਰਵਾਇਆ ਸੀ । ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਪੜਤਾਲ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਥਾਣਾ, ਅੰਮ੍ਰਿਤਸਰ ਰੇਂਜ ਵਿਖੇ ਐਫ. ਆਈ. ਆਰ. ਮਿਤੀ 06.07.2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 409, 201, 120-ਬੀ ਤੇ 13(2) ਅਤੇ 7 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਮੁਲਜ਼ਮ ਭਗੌੜਾ ਸੀ ਅਤੇ ਟ੍ਰਾਇਲ ਕੋਰਟ ਦੁਆਰਾ ਉਸਨੂੰ ਭਗੌੜਾ ਐਲਾਨਿਆ ਗਿਆ ਸੀ । ਵਿਜੀਲੈਂਸ ਬਿਊਰੋ ਦੀਆਂ ਟੀਮਾਂ ਨੇ ਮੁਲਜ਼ਮ ਨੂੰ ਫੜਨ ਲਈ ਕਈ ਛਾਪੇਮਾਰੀ ਕੀਤੀਆਂ ਸਨ, ਜਿਸ ਕਾਰਨ ਉਸਨੂੰ ਆਤਮ ਸਮਰਪਣ ਕਰਨ ਲਈ ਮਜ਼ਬੂਰ ਹੋਣਾ ਪਿਆ । ਮੁਲਜ਼ਮ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਇਸ ਕੇਸ ਦੇ ਸਾਰੇ ਪਹਿਲੂਆਂ ਬਾਰੇ ਹੋਰ ਪੁੱਛਗਿੱਛ ਕਰਨ ਲਈ ਅਦਾਲਤ ਤੋਂ ਇੱਕ ਦਿਨ ਦਾ ਰਿਮਾਂਡ ਵੀ ਲੈ ਲਿਆ ਗਿਆ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.