
ਪੰਜਾਬੀ ਯੂਨੀਵਰਸਿਟੀ ਅਤੇ ਈ. ਐੱਮ. ਆਰ. ਸੀ. ਵੱਲੋਂ ਸਕੂਲੀ ਪਾਠਕ੍ਰਮ ਵਿੱਚ ਨਸ਼ਾ ਜਾਗਰੂਕਤਾ ਸਬੰਧੀ ਸਮੱਗਰੀ ਦੇ ਨਿਰਮਾਣ
- by Jasbeer Singh
- March 8, 2025

ਪੰਜਾਬੀ ਯੂਨੀਵਰਸਿਟੀ ਅਤੇ ਈ. ਐੱਮ. ਆਰ. ਸੀ. ਵੱਲੋਂ ਸਕੂਲੀ ਪਾਠਕ੍ਰਮ ਵਿੱਚ ਨਸ਼ਾ ਜਾਗਰੂਕਤਾ ਸਬੰਧੀ ਸਮੱਗਰੀ ਦੇ ਨਿਰਮਾਣ ਲਈ ਪੰਜਾਬ ਪੁਲਿਸ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨਾਲ਼ ਕੀਤਾ ਗਿਆ ਇਕਰਾਰਨਾਮਾ ਪਟਿਆਲਾ, 8 ਮਾਰਚ : ਪੰਜਾਬੀ ਯੂਨੀਵਰਸਿਟੀ ਅਤੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਪਟਿਆਲਾ ਵੱਲੋਂ ਚੰਡੀਗੜ੍ਹ ਵਿਖੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਫ਼ਤਰ ਵਿੱਚ ਪੁਲਿਸ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐੱਨ.ਟੀ.ਐੱਫ.)ਨਾਲ਼ ਅਹਿਮ ਇਕਰਾਰਨਾਮਾ (ਐੱਮ. ਓ. ਯੂ.) ਕੀਤਾ ਗਿਆ ਹੈ । ਇਸ ਇਕਰਾਰਨਾਮੇ ਤਹਿਤ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਯੂਨੀਵਰਸਿਟੀ ਵੱਲੋਂ ਇੱਕ ਪਾਠ ਪੁਸਤਕ ਦੇ ਨਾਲ਼-ਨਾਲ਼ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਡਿਜੀਟਲ ਵਿਜ਼ੂਅਲ ਸਮੱਗਰੀ ਦਾ ਨਿਰਮਾਣ ਕੀਤਾ ਜਾਣਾ ਹੈ । ਯੂਨੀਵਰਸਿਟੀ ਦਾ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ. ਆਰ. ਸੀ.) ਇਸ ਇਕਰਾਰਨਾਮੇ ਤਹਿਤ ਡੀ. ਆਈ. ਜੀ., ਏ. ਐੱਨ. ਟੀ. ਐੱਫ., ਪੰਜਾਬ ਪੁਲਸ ਦੇ ਸਹਿਯੋਗ ਨਾਲ਼ ਇਸ ਸਮੱਗਰੀ ਦੇ ਨਿਰਮਾਣ ਲਈ ਕੰਮ ਕਰੇਗਾ । ਇਹ ਇਕਰਾਰਨਾਮਾ ਡੀ. ਜੀ.ਪੀ., ਪੰਜਾਬ ਸ੍ਰੀ ਗੌਰਵ ਯਾਦਵ ਦੀ ਹਾਜ਼ਰੀ ਵਿੱਚ ਹੋਇਆ, ਜਿਸ ਉੱਤੇ ਏ. ਐੱਨ. ਟੀ. ਐੱਫ. ਵੱਲੋਂ ਐਡੀਸ਼ਨਲ ਡੀ. ਜੀ. ਪੀ. ਨੀਲਾਭ ਕਿਸ਼ੋਰ, ਪੰਜਾਬੀ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਅਤੇ ਈ. ਐੱਮ. ਆਰ. ਸੀ. ਵੱਲੋਂ ਡਾਇਰੈਕਟਰ ਦਲਜੀਤ ਅਮੀ ਨੇ ਹਸਤਾਖ਼ਰ ਕੀਤੇ । ਇਸ ਇਕਰਾਰਨਾਮੇ ਤਹਿਤ, ਪੰਜਾਬੀ ਯੂਨੀਵਰਸਿਟੀ ਵੱਲੋਂ ਈ. ਐੱਮ. ਆਰ. ਸੀ. ਪਟਿਆਲਾ ਨੂੰ ਸਹੂਲਤ ਪ੍ਰਦਾਨ ਕੀਤੀ ਜਾਵੇਗੀ, ਜਿੱਥੇ ਕਿ ਇੱਕ ਢਾਂਚਾਗਤ ਡਰੱਗ ਜਾਗਰੂਕਤਾ ਕੋਰਸ ਲਈ ਡਿਜੀਟਲ ਸਮੱਗਰੀ ਦਾ ਨਿਰਮਾਣ ਕੀਤਾ ਜਾਵੇਗਾ। ਏ. ਐੱਨ. ਟੀ. ਐੱਫ. ਪੰਜਾਬ ਵੱਲੋਂ ਅਕਾਦਮਿਕ, ਮੈਡੀਕਲ ਅਤੇ ਕਾਨੂੰਨੀ ਪਿਛੋਕੜ ਵਾਲੇ ਮਾਹਰਾਂ ਦੇ ਸਹਿਯੋਗ ਨਾਲ਼ ਇਸ ਤਿਆਰ ਕੀਤੀ ਸਮੱਗਰੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ । ਇੱਕ ਸੰਪਾਦਕੀ ਬੋਰਡ ਇਸ ਸਮੱਗਰੀ ਦੀ ਸਿਰਜਣਾ ਸਬੰਧੀ ਨਿਗਰਾਨੀ ਕਰੇਗਾ। ਇਹ ਕੋਰਸ, ਜੋ ਕਿ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਵਰਤੋਂ ਦੇ ਖ਼ਤਰਿਆਂ ਤੋਂ ਜਾਣੂ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ, ਸਕੂਲਾਂ ਵਿੱਚ ਲਾਗੂ ਕੀਤਾ ਜਾਵੇਗਾ। ਸ਼ੁਰੂਆਤੀ ਪੜਾਅ ਉੱਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਲਈ ਇਹ ਕੋਰਸ ਲਾਗੂ ਹੋਵੇਗਾ। ਫਿਰ ਇਹ ਕੋਰਸ ਨੌਵੀਂ ਜਮਾਤ ਦੇ ਪਾਠਕ੍ਰਮ ਦਾ ਇੱਕ ਨਿਯਮਤ ਹਿੱਸਾ ਬਣ ਜਾਵੇਗਾ । ਇਸ ਪ੍ਰੋਗਰਾਮ ਵਿੱਚ ਦਸ ਘੰਟੇ ਦੀ ਵੀਡੀਓ ਸਮੱਗਰੀ ਸ਼ਾਮਲ ਹੋਵੇਗੀ ਜੋ ਵੀਹ ਮਾਡਿਊਲਜ਼ ਵਿੱਚ ਵੰਡੀ ਹੋਵੇਗੀ, ਜਿਸ ਦੇ ਨਾਲ਼ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਇੱਕ ਕਿਤਾਬਚਾ ਵੀ ਸ਼ਾਮਿਲ ਹੋਵੇਗਾ । ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਅਕਾਦਮਿਕ ਅਤੇ ਪ੍ਰਸ਼ਾਸਨ ਵਿਚਕਾਰ ਆਪਸੀ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਉੱਚ-ਗੁਣਵੱਤਾ ਵਾਲ਼ੀ ਸਮੱਗਰੀ ਦੇ ਨਿਰਮਾਣ ਨੂੰ ਯਕੀਨੀ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ ਦੀ ਵਚਨਬੱਧਤਾ ਬਾਰੇ ਗੱਲ ਕੀਤੀ । ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ 'ਨਸ਼ਿਆਂ ਵਿਰੁੱਧ ਜੰਗ' ਮੁਹਿੰਮ ਨਾਲ ਮੇਲ ਖਾਂਦੀ ਹੈ । ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਇਸ ਕਦਮ ਦੀ ਸ਼ਲਾਘਾ ਕਰਦਿਆਂ ਇਸ ਨੂੰ ਵਿੱਦਿਅਕ ਅਦਾਰਿਆਂ ਦੀ ਸਮਾਜਿਕ ਪ੍ਰਤੀਬੱਧਤਾ ਦੇ ਅਮਲ ਦੀ ਚੰਗੀ ਮਿਸਾਲ ਕਰਾਰ ਦਿੱਤਾ । ਡੀ. ਜੀ. ਪੀ. ਸ੍ਰੀ ਗੌਰਵ ਯਾਦਵ ਨੇ ਇਸ ਪਹਿਲਕਦਮੀ ਨੂੰ ਪੰਜਾਬ ਵਿੱਚ ਡਰੱਗਜ਼ ਦੀ ਦੁਰਵਰਤੋਂ ਵਿਰੁੱਧ ਲੜਾਈ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ ਅਤੇ ਜਾਗਰੂਕਤਾ ਪੱਖੋਂ ਇਸਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਸਪਲਾਈ ਚੇਨ ਟੁੱਟਣ ਤੋਂ ਬਾਅਦ ਨਸ਼ਿਆਂ ਦੀ ਲਤ ਵਿਰੁੱਧ ਮੁਹਿੰਮ ਨੂੰ ਕਾਇਮ ਰੱਖਣ ਲਈ ਸਿੱਖਿਆ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ । ਵਧੀਕ ਡੀ. ਜੀ. ਪੀ. ਨੀਲਾਭ ਕਿਸ਼ੋਰ ਨੇ ਦੱਸਿਆ ਕਿ ਇਹ ਕੋਰਸ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਸਕੂਲਾਂ ਵਿੱਚ ਸ਼ੁਰੂ ਕੀਤਾ ਜਾਵੇਗਾ ਜੋ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਵਿਦਿਆਰਥੀਆਂ ਨੂੰ ਨਸ਼ਿਆਂ ਨਾਲ ਜੁੜੇ ਜੋਖਮਾਂ ਬਾਰੇ ਬਿਹਤਰ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ਼ ਸਿੱਖਿਆ ਮਿਲ ਸਕੇ । ਈ. ਐੱਮ. ਆਰ. ਸੀ. ਵੱਲੋਂ ਡਾਇਰੈਕਟਰ ਦਲਜੀਤ ਅਮੀ ਨੇ ਕਿਹਾ ਕਿ ਇਹ ਭਾਈਵਾਲੀ ਜਿੱਥੇ ਈ. ਐੱਮ. ਆਰ. ਸੀ. ਦੀ ਭੂਮਿਕਾ ਦਾ ਵਿਸਥਾਰ ਕਰੇਗੀ, ਉਥੇ ਹੀ ਜਨਤਕ ਸੰਸਥਾਵਾਂ ਦਰਮਿਆਨ ਇੱਕ ਪ੍ਰਭਾਵਸ਼ਾਲੀ ਰਾਬਤਾ ਕਾਇਮ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਰੇਗੀ ਅਤੇ ਵਿਦਿਅਕ ਸੰਸਥਾਵਾਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਮੈਡੀਕਲ ਪੇਸ਼ੇਵਰਾਂ ਅਤੇ ਸਮਾਜਿਕ ਸੰਗਠਨਾਂ ਲਈ ਨਸ਼ਾ ਜਾਗਰੂਕਤਾ ਸਰੋਤਾਂ ਨੂੰ ਵੱਡੇ ਪੱਧਰ 'ਤੇ ਪਹੁੰਚਯੋਗ ਬਣਾਏਗੀ । ਮਨੋਵਿਗਿਆਨ ਵਿਭਾਗ ਤੋਂ ਪ੍ਰੋ. ਮਮਤਾ ਸ਼ਰਮਾ, ਜੋ ਕਿ 2017 ਤੋਂ ਏ. ਐਨ. ਟੀ. ਐਫ. ਨਾਲ ਜੁੜੇ ਹੋਏ ਹਨ ਅਤੇ ਨਸ਼ਾ ਮੁੜ ਵਸੇਬੇ ਦੇ ਯਤਨਾਂ ਵਿੱਚ ਤਜਰਬੇਕਾਰ ਹਨ, ਨੇ ਇਸ ਸਮਝੌਤੇ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾਲ ਨਜਿੱਠਣ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਕਾਰਜ ਦਾ ਵਿਸਥਾਰ ਮੰਨਿਆ । ਏ. ਐਨ. ਟੀ. ਐਫ. ਦੇ ਡੀ. ਆਈ. ਜੀ. ਐੱਸ. ਕੇ. ਰਾਮਪਾਲ ਨੇ ਕਿਹਾ ਕਿ ਨਸ਼ਿਆਂ ਦੀ ਲਤ ਵਿਰੁੱਧ ਲੜਾਈ ਵਿੱਚ ਸਫਲ ਹੋਣ ਲਈ ਸੁਹਿਰਦ ਪੁਲਿਸ-ਜਨਤਕ ਇੰਟਰਫੇਸ ਮਹੱਤਵਪੂਰਨ ਹੈ । ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋ. ਮਨਦੀਪ ਕੌਰ ਵੀ ਇਸ ਪ੍ਰੋਜੈਕਟ ਨਾਲ ਜੁੜੇ ਹੋਏ ਹਨ । ਚੰਡੀਗੜ੍ਹ ਵਿੱਚ ਇਸ ਇਕਰਾਰਨਾਮੇ ਦੀ ਰਸਮ ਮੌਕੇ ਅਮਰਦੀਪ ਸਿੰਘ ਰਾਏ, ਆਈ. ਪੀ. ਐੱਸ., ਏ. ਡੀ. ਜੀ. ਪੀ. ਟ੍ਰੈਫਿਕ ਅਤੇ ਤਰਵਿੰਦਰ ਸਿੰਘ, ਡੀ. ਐੱਸ. ਪੀ. ਏ. ਐਨ. ਟੀ. ਐਫ. ਨੇ ਵੀ ਸ਼ਿਰਕਤ ਕੀਤੀ ।
Related Post
Popular News
Hot Categories
Subscribe To Our Newsletter
No spam, notifications only about new products, updates.