post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਵੱਲੋਂ ਕੰਪਿਊਟਰ ਨਾਲ਼ ਸੰਬੰਧਤ ਪੁਸਤਕਾਂ ਪੰਜਾਬੀ ਭਾਸ਼ਾ ਵਿੱਚ ਪ੍ਰਕਾਸ਼ਿਤ ਕਰਨ ਦੀ ਲੜੀ ਸ਼ੁਰੂ

post-img

ਪੰਜਾਬੀ ਯੂਨੀਵਰਸਿਟੀ ਵੱਲੋਂ ਕੰਪਿਊਟਰ ਨਾਲ਼ ਸੰਬੰਧਤ ਪੁਸਤਕਾਂ ਪੰਜਾਬੀ ਭਾਸ਼ਾ ਵਿੱਚ ਪ੍ਰਕਾਸ਼ਿਤ ਕਰਨ ਦੀ ਲੜੀ ਸ਼ੁਰੂ -ਪਹਿਲੀਆਂ ਤਿੰਨ ਪੁਸਤਕਾਂ ਛਪ ਕੇ ਆਈਆਂ ਸਾਹਮਣੇ ਪਟਿਆਲਾ, 2 ਦਸੰਬਰ : ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਵਿਭਾਗ ਵੱਲੋਂ ਕੰਪਿਊਟਰ ਨਾਲ਼ ਸੰਬੰਧਤ ਗਿਆਨ ਸਮੱਗਰੀ ਨੂੰ ਆਸਾਨ ਪੰਜਾਬੀ ਭਾਸ਼ਾ ਵਿੱਚ ਸਮਝਾਉਣ ਲਈ ਵਿਸ਼ੇਸ਼ ਪੁਸਤਕ ਪ੍ਰਕਾਸ਼ਨ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ । ਇਹ ਕਾਰਜ ਕੰਪਿਊਟਰ ਵਿਗਿਆਨ ਵਿਭਾਗ ਦੇ ਪ੍ਰੋ. ਵਿਸ਼ਾਲ ਗੋਇਲ ਦੀ ਅਗਵਾਈ ਵਿੱਚ ਇੱਕ ਖੋਜਾਰਥੀ ਟੀਮ ਵੱਲੋਂ ਅਰੰਭਿਆ ਗਿਆ ਹੈ । ਇਸ ਲੜੀ ਦੀਆਂ ਪਹਿਲੀਆਂ ਤਿੰਨ ਪੁਸਤਕਾਂ ਪ੍ਰਕਾਸਿ਼ਤ ਹੋ ਗਈਆਂ ਹਨ । 'ਡਾਟਾ ਸਟਰਕਰਚਰਸ (ਇੱਕ ਸੌਖੇ ਤਰੀਕੇ ਨਾਲ ਪੇਸ਼ਕਾਰੀ)' ਨਾਮਕ ਪਹਿਲੀ ਪੁਸਤਕ ਡਾ. ਅਨੂੰ ਰਾਣੀ, ਗੁਰਦੀਪ ਸਿੰਘ, ਡਾ. ਮੁਖਤਿਆਰ ਸਿੰਘ ਅਤੇ ਡਾ. ਵਿਸ਼ਾਲ ਗੋਇਲ ਵੱਲੋਂ ਲਿਖੀ ਗਈ ਹੈ । ਇਹ ਪੁਸਤਕ ਡੀ. ਪੀ. ਐੱਸ. ਪਬਲਿਸਿ਼ੰਗ ਹਾਊਸ ਦਿੱਲੀ ਨੇ ਪ੍ਰਕਾਸਿ਼ਤ ਕੀਤੀ ਹੈ । ਮਦਾਨ ਪਬਲਿਸਿ਼ੰਗ ਹਾਊਸ, ਪਟਿਆਲਾ ਵੱਲੋਂ ਪ੍ਰਕਾਸਿ਼ਤ 'ਸੀ ਭਾਸ਼ਾ ਵਿੱਚ ਪ੍ਰੋਗਰਾਮਿੰਗ' ਨਾਮਕ ਦੂਜੀ ਕਿਤਾਬ ਦੇ ਲੇਖਕ ਗੁਰਦੀਪ ਸਿੰਘ, ਡਿੰਪਲ ਰਾਣੀ, ਡਾ. ਕਪਿਲ ਦੇਵ ਗੋਇਲ ਅਤੇ ਡਾ. ਵਿਸ਼ਾਲ ਗੋਇਲ ਹਨ । ਮਦਾਨ ਪਬਲਿਸਿ਼ੰਗ ਹਾਊਸ, ਪਟਿਆਲਾ ਵੱਲੋਂ ਪ੍ਰਕਾਸਿ਼ਤ ਇੱਕ ਹੋਰ ਪੁਸਤਕ 'ਓਪਰੇਟਿੰਗ ਸਿਸਟਮ' ਡਾ. ਮੁਖਤਿਆਰ ਸਿੰਘ, ਗੁਰਦੀਪ ਸਿੰਘ, ਡਾ. ਅਨੂੰ ਰਾਣੀ ਅਤੇ ਡਾ. ਵਿਸ਼ਾਲ ਗੋਇਲ ਨੇ ਲਿਖੀ ਹੈ । ਪ੍ਰੋ. ਵਿਸ਼ਾਲ ਗੋਇਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਿਊਟਰ ਨਾਲ਼ ਸੰਬੰਧਤ ਬੁਨਿਆਦੀ ਅਤੇ ਅਗਲੇਰੇ ਪੱਧਰ ਦੀ ਗਿਆਨ ਸਮੱਗਰੀ ਨੂੰ ਪੰਜਾਬੀ ਭਾਸ਼ਾ ਵਿੱਚ ਪ੍ਰਕਾਸਿ਼ਤ ਕਰਨ ਨਾਲ਼ ਅਜਿਹੇ ਸਭ ਵਿਦਿਆਰਥੀਆਂ ਲਈ ਕੰਪਿਊਟਰ ਦੀ ਪੜ੍ਹਾਈ ਕਰਨਾ ਆਸਾਨ ਹੋ ਜਾਂਦਾ ਹੈ ਜੋ ਕੰਪਿਊਟਰ ਦੇ ਖੇਤਰ ਵਿੱਚ ਅੱਗੇ ਵਧਣ ਲਈ ਇੱਛੁਕ ਅਤੇ ਯੋਗ ਤਾਂ ਹੁੰਦੇ ਹਨ ਪਰ ਅੰਗਰੇਜ਼ੀ ਭਾਸ਼ਾ ਉਨ੍ਹਾਂ ਦੇ ਰਾਹ ਦੀ ਮੁਸੀਬਤ ਬਣ ਜਾਂਦੀ ਹੈ। ਪ੍ਰੋ. ਵਿਸ਼ਾਲ ਨੇ ਦੱਸਿਆ ਕਿ ਉਹ ਕੰਪਿਊਟਰ ਖੇਤਰ ਦੇ ਹੋਰ ਮਾਹਿਰਾਂ ਨੂੰ ਵੀ ਸੱਦਾ ਦੇ ਰਹੇ ਹਨ ਕਿ ਉਹ ਇਸ ਟੀਮ ਨਾਲ ਜੁੜ ਕੇ ਇਸ ਨੇਕ ਕਾਰਜ ਦੇ ਭਾਗੀਦਾਰ ਬਣਨ । ਉਨ੍ਹਾਂ ਦੱਸਿਆ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਇਹ ਇਸ ਨਾਲ਼ ਸੌਖ ਹੋ ਜਾਵੇਗੀ ਕਿਉਂਕਿ ਉਹ ਆਪਣੀ ਮਾਤ ਭਾਸ਼ਾ ਰਾਹੀਂ ਕੰਪਿਊਟਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ । ਉਨ੍ਹਾਂ ਕਿਹਾ ਕਿ ਇਹ ਕਦਮ 2020 ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਅਨੁਸਾਰ ਸਥਾਨਕ ਭਾਸ਼ਾ ਵਿੱਚ ਗਿਆਨ ਮੁੱਹਈਆ ਕਰਨ ਦੇ ਉਦੇਸ਼ਾਂ ਨੂੰ ਵੀ ਪੂਰਾ ਕਰਦਾ ਹੈ । ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਉਨ੍ਹਾਂ ਆਪਣੇ ਖੋਜਾਰਥੀਆਂ ਦੀ ਇੱਕ ਟੀਮ ਦਾ ਗਠਨ ਕੀਤਾ ਸੀ, ਜਿਸ ਵਿੱਚ ਡਾ. ਕਪਿਲ ਦੇਵ ਗੋਇਲ, ਡਾ. ਅਨੂੰ ਰਾਣੀ, ਡਾ. ਮੁਖਤਿਆਰ ਸਿੰਘ, ਗੁਰਦੀਪ ਸਿੰਘ, ਡਿੰਪਲ ਰਾਣੀ, ਧਰਮਜੀਤ ਸਿੰਘ, ਡਾ. ਮੋਨਿਕਾ ਬਾਂਸਲ, ਡਾ. ਮੀਨਾਕਸ਼ੀ ਅਤੇ ਡਾ. ਨੀਤਿਕਾ ਸ਼ਾਮਿਲ ਸਨ । ਉਨ੍ਹਾਂ ਦੱਸਿਆ ਕਿ ਇਸ ਲੜੀ ਦੀਆਂ ਅਗਲੀਆਂ ਦੋ ਪੁਸਤਕਾਂ 'ਸੂਚਨਾ ਤਕਨਾਲੌਜੀ ਦੇ ਬੁਨਿਆਦੀ ਤੱਤ' ਅਤੇ 'ਡਾਟਾਬੇਸ ਮੈਨੇਜਮੈਂਟ ਸਿਸਟਮ' ਵੀ ਜਲਦੀ ਹੀ ਛਪ ਕੇ ਸਾਹਮਣੇ ਆਉਣਗੀਆਂ । ਵਾਈਸ ਚਾਂਸਲਰ ਪ੍ਰੋ. ਕੇ. ਕੇ. ਯਾਦਵ, ਆਈ. ਏ. ਐੱਸ. ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਵੱਲੋਂ ਇਸ ਟੀਮ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦਿਆਂ ਇਸ ਨੂੰ ਮਹੱਤਵਪੂਰਨ ਕਦਮ ਦੱਸਿਆ ਗਿਆ ।

Related Post