post

Jasbeer Singh

(Chief Editor)

Patiala News

ਪੰਜਾਬ ਦੇ ਲੋਕ-ਕਿੱਤਿਆਂ ਵਿੱਚ ਹੋ ਰਹੇ ਪਰਿਵਰਤਨ ਬਾਰੇ ਪੰਜਾਬੀ ਯੂਨੀਵਰਸਿਟੀ ਦੀ ਖੋਜ; ਸਾਹਮਣੇ ਆਏ ਅਹਿਮ ਤੱਥ

post-img

ਪੰਜਾਬ ਦੇ ਲੋਕ-ਕਿੱਤਿਆਂ ਵਿੱਚ ਹੋ ਰਹੇ ਪਰਿਵਰਤਨ ਬਾਰੇ ਪੰਜਾਬੀ ਯੂਨੀਵਰਸਿਟੀ ਦੀ ਖੋਜ; ਸਾਹਮਣੇ ਆਏ ਅਹਿਮ ਤੱਥ -ਖੇਤੀਬਾੜੀ, ਤਰਖਾਣਾ, ਲੁਹਾਰਾ, ਘੁਮਿਆਰਾ, ਸੁਨਿਆਰਾ, ਮੋਚੀ, ਠਠਿਆਰਾ ਅਤੇ ਜੁਲਾਹਾ ਕਿੱਤੇ ਸਨ ਅਧਿਐਨ ਵਿੱਚ ਸ਼ਾਮਿਲ -ਪੰਜਾਬ ਦੇ ਲੋਕ ਕਿੱਤਿਆਂ ਨੇ ਵਾਤਾਵਰਨ ਤੇ ਟਿਕਾਊ ਵਿਕਾਸ ਪ੍ਰਤੀ ਸਾਕਾਰਾਤਮਿਕ ਅਤੇ ਹਾਂਮੁਖੀ ਪਹੁੰਚ ਵਾਲ਼ੀਆਂ ਤਕਨੀਕੀ ਜੁਗਤਾਂ ਨੂੰ ਅਪਣਾਇਆ -ਮਸ਼ੀਨੀਕਰਨ ਦੇ ਪ੍ਰਭਾਵ ਨਾਲ਼ ਕਿੱਤਿਆਂ ਵਿੱਚ ਵਰਤੇ ਜਾਂਦੇ ਰਹੇ ਸੰਦਾਂ ਅਤੇ ਔਜ਼ਾਰਾਂ ਦੇ ਸਰੂਪ ਵਿੱਚ ਵੀ ਹੋਇਆ ਤਕਨੀਕੀ ਰੂਪਾਂਤਰਨ -ਵੱਖ-ਵੱਖ ਕਿੱਤਿਆਂ ਦੀ ਆਪਸੀ ਆਤਮ-ਨਿਰਭਰਤਾ ਘਟਣ ਕਾਰਨ ਸਭਿਆਚਾਰਕ ਸਾਂਝ ਨੂੰ ਵੀ ਖੋਰਾ ਲੱਗਿਆ ਪਟਿਆਲਾ, 22 ਦਸੰਬਰ : ਪੰਜਾਬ ਦੇ ਲੋਕ-ਕਿੱਤਿਆਂ ਵਿੱਚ ਹੋ ਰਹੇ ਪਰਿਵਰਤਨ ਸੰਬੰਧੀ ਵੱਖ-ਵੱਖ ਪੱਖਾਂ ਅਤੇ ਕਾਰਨਾਂ ਨੂੰ ਸੱਭਿਆਚਾਰਕ ਦ੍ਰਿਸ਼ਟੀਕੋਣ ਤੋਂ ਜਾਣਨ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਇੱਕ ਤਾਜ਼ਾ ਅਧਿਐਨ ਰਾਹੀਂ ਅਹਿਮ ਸਿੱਟੇ ਸਾਹਮਣੇ ਆਏ ਹਨ । ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਧੀਨ ਖੋਜਾਰਥੀ ਗੁਰਜੰਟ ਸਿੰਘ ਵੱਲੋਂ ਪ੍ਰੋ. ਜਗਤਾਰ ਸਿੰਘ ਜੋਗਾ ਦੀ ਨਿਗਰਾਨੀ ਹੇਠ ਕੀਤੇ ਇਸ ਅਧਿਐਨ ਰਾਹੀਂ ਪੰਜਾਬ ਦੇ ਰਵਾਇਤੀ ਲੋਕ ਕਿੱਤਿਆਂ ਦੇ ਹੋ ਰਹੇ ਰੂਪਾਂਤਰਨ ਸੰਬੰਧੀ ਵੱਖ-ਵੱਖ ਪਾਸਾਰਾਂ ਨੂੰ ਵਾਚਿਆ ਅਤੇ ਪੜਚੋਲਿਆ ਗਿਆ ਹੈ । ਖੋਜਾਰਥੀ ਗੁਰਜੰਟ ਸਿੰਘ ਨੇ ਦੱਸਿਆ ਹੈ ਕਿ ਇਸ ਖੋਜ ਕਾਰਜ ਤਹਿਤ ਪੰਜਾਬ ਦੇ ਲੋਕ ਕਿੱਤਿਆਂ ਵਿੱਚੋਂ ਖੇਤੀਬਾੜੀ, ਤਰਖਾਣਾ, ਲੁਹਾਰਾ, ਘੁਮਿਆਰਾ, ਸੁਨਿਆਰਾ, ਮੋਚੀ, ਠਠਿਆਰਾ ਅਤੇ ਜੁਲਾਹਾ ਕਿੱਤਿਆਂ ਨੂੰ ਸ਼ਾਮਿਲ ਕੀਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕ ਕਿੱਤਿਆਂ ਦੀ ਪੰਜਾਬੀ ਲੋਕ ਸਾਹਿਤ ਵਿੱਚ ਵੱਖ-ਵੱਖ ਰੂਪਾਂ ਵਿੱਚ ਪੇਸ਼ਕਾਰੀ ਹੋਈ ਮਿਲਦੀ ਹੈ ਜਿਸ ਦੇ ਅਧਾਰ ਉੱਤੇ ਸੱਭਿਆਚਾਰ ਦੇ ਰੂਪਾਂਤਰਨ ਦੇ ਵੱਖ-ਵੱਖ ਪਹਿਲੂ ਪਛਾਣੇ ਗਏ । ਉਨ੍ਹਾਂ ਦੱਸਿਆ ਕਿ ਜਿੱਥੇ ਮਸ਼ੀਨੀਕਰਨ ਦੇ ਪ੍ਰਭਾਵ ਨਾਲ਼ ਕਿੱਤਿਆਂ ਵਿੱਚ ਵਰਤੇ ਜਾਂਦੇ ਰਹੇ ਸੰਦਾਂ ਅਤੇ ਔਜਾਰਾਂ ਦੇ ਸਰੂਪ ਵਿੱਚ ਤਕਨੀਕੀ ਰੂਪਾਂਤਰਨ ਹੋਇਆ ਹੈ ਉੱਥੇ ਹੀ ਸੱਭਿਆਚਾਰਕ ਜੀਵਨ ਦੇ ਨਿਭਾਓ ਵਿੱਚ ਵੀ ਤਬਦੀਲੀ ਆਈ ਹੈ । ਉਨ੍ਹਾਂ ਦੱਸਿਆ ਕਿ ਤਕਨੀਕ ਦੇ ਪਰਿਵਰਤਨ ਕਾਰਨ ਵੱਖ-ਵੱਖ ਕਿੱਤਿਆਂ ਦੀ ਇੱਕ ਦੂਜੇ ਉੱਤੇ ਆਪਸੀ ਆਤਮ-ਨਿਰਭਰਤਾ ਘਟਣ ਕਾਰਨ ਸੱਭਿਆਚਾਰਕ ਸਾਂਝ ਨੂੰ ਵੀ ਖੋਰਾ ਲੱਗਿਆ ਹੈ । ਤਕਨੀਕਾਂ ਦੇ ਵਿਕਾਸ ਨੇ ਰੋਜ਼ਾਨਾ ਜਨ-ਜੀਵਨ ਦੇ ਵਰਤੋਂ ਵਿਹਾਰ ਦੀਆਂ ਵਸਤਾਂ ਵਿੱਚ ਤਬਦੀਲੀ ਲਿਆਂਦੀ ਹੈ । ਉਨ੍ਹਾਂ ਦੱਸਿਆ ਕਿ ਖੋਜ ਤਹਿਤ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਇਸ ਤਰ੍ਹਾਂ ਹੋ ਰਹੇ ਸੱਭਿਆਚਾਰਕ ਪਰਿਵਰਤਨ ਦੇ ਬਾਵਜੂਦ ਲੋਕ ਕਿੱਤਿਆਂ ਦੁਆਰਾ ਬਣਾਈਆਂ ਵਸਤਾਂ ਦੀ ਨਿਰੰਤਰ ਲੋੜ ਬਣੀ ਰਹਿੰਦੀ ਹੈ, ਜਿਸ ਕਾਰਨ ਇਹਨਾਂ ਵਸਤਾਂ ਦਾ ਸੱਭਿਆਚਾਰਕ ਮੁੱਲ ਸਦਾ ਬਣਿਆ ਰਹਿੰਦਾ ਹੈ । ਉਨ੍ਹਾਂ ਦੱਸਿਆ ਕਿ ਇੱਕ ਹੋਰ ਅਹਿਮ ਪੱਖ ਸਾਹਮਣੇ ਆਇਆ ਕਿ ਪੰਜਾਬ ਦੇ ਲੋਕ ਕਿੱਤਿਆਂ ਨੇ ਉਨ੍ਹਾਂ ਤਕਨੀਕੀ ਜੁਗਤਾਂ ਨੂੰ ਅਪਣਾਇਆ ਜਿਹੜੀਆਂ ਵਾਤਾਵਰਨ ਤੇ ਟਿਕਾਊ ਵਿਕਾਸ ਪ੍ਰਤੀ ਸਾਕਾਰਾਤਮਿਕ ਅਤੇ ਹਾਂਮੁਖੀ ਪਹੁੰਚ ਰਖਦੀਆਂ ਸਨ। ਉਨ੍ਹਾਂ ਦੱਸਿਆ ਪੰਜਾਬ ਦੇ ਲੋਕ ਕਿੱਤਿਆਂ ਪ੍ਰਸੰਗ ਵਿੱਚ ਕਿੱਤਾਕਾਰੀ ਦੀ ਸੰਪੂਰਨ ਪ੍ਰਕਿਰਿਆ ਦੌਰਾਨ ਮਨੁੱਖ ਕੇਂਦਰ ਵਿੱਚ ਰਿਹਾ ਅਤੇ ਸਰਮਾਇਆ ਹਾਸ਼ੀਏ ਉੱਤੇ ਰਿਹਾ ਹੈ । ਡਾ. ਜਗਤਾਰ ਸਿੰਘ ਨੇ ਦੱਸਿਆ ਕਿ ਵਿਸ਼ਵ ਪੱਧਰ ਉੱਤੇ ਤਕਨੀਕ ਦੇ ਵਿਕਾਸ ਦਾ ਮੂਲ ਉਦੇਸ਼ ਅਜਿਹੀਆਂ ਜੁਗਤਾਂ ਨੂੰ ਖੋਜਣਾ ਅਤੇ ਲੱਭਣਾ ਹੈ ਜਿਹੜੀਆਂ ਮਨੁੱਖੀ ਊਰਜਾ ਦੀ ਘੱਟ ਤੋਂ ਘੱਟ ਵਰਤੋਂ ਦੇ ਨਾਲ਼-ਨਾਲ਼ ਵਧੇਰੇ ਸੁਖਦਾਇਕ ਸਹੂਲਤਾਂ ਪ੍ਰਦਾਨ ਕਰਨ । ਇਸ ਹਵਾਲੇ ਨਾਲ਼ ਲਗਾਤਾਰ ਬਦਲਦੀਆਂ ਪਰਿਸਥਿਤੀਆਂ ਦੇ ਸੰਦਰਭ ਵਿੱਚ ਸੱਭਿਆਚਾਰਕ ਤੌਰ ’ਤੇ ਪੰਜਾਬ ਦੇ ਲੋਕ ਕਿੱਤਿਆਂ ਵਿੱਚ ਵੀ ਪਰਿਵਰਤਨ ਹੋਇਆ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ-ਕਿੱਤਿਆਂ ਦੇ ਰੂਪਾਂਤਰਨ ਨੇ ਸਭਿਆਚਾਰ ਦੀ ਤੱਤ ਸਮੱਗਰੀ ਅਤੇ ਕਾਰਜ ਵਿਧੀ ਨੂੰ ਬਦਲਿਆ ਹੈ । ਪੰਜਾਬ ਦੇ ਲੋਕ-ਕਿੱਤਿਆਂ ਦੇ ਰੂਪਾਂਤਰਨ ਰਾਹੀਂ ਲੋਕਾਂ ਦੇ ਰਹਿਣ-ਸਹਿਣ, ਪਹਿਰਾਵਾ, ਖਾਣ-ਪੀਣ, ਜੀਵਨ-ਜਾਚ, ਵਰਤੋਂ ਵਿਹਾਰ, ਮਨੋਰੰਜਨ ਅਤੇ ਲੋਕਧਾਰਾਈ ਸਮੱਗਰੀ ਵਿੱਚ ਪਰਿਵਰਤਨਸ਼ੀਲਤਾ ਸਾਹਮਣੇ ਆਈ ਹੈ । ਉਨ੍ਹਾਂ ਦੱਸਿਆ ਕਿ ਅਧਿਐਨ ਰਾਹੀਂ ਇਹ ਵੀ ਸਾਹਮਣੇ ਆਇਆ ਕਿ ਤਕਨੀਕ ਦੇ ਵਿਕਾਸ ਦੇ ਨਾਲ਼-ਨਾਲ਼ ਮਨੁੱਖੀ ਸੋਹਜ ਦਾ ਵਿਕਾਸ ਵੀ ਹੁੰਦਾ ਗਿਆ ਜਿਸ ਨਾਲ਼ ਸਧਾਰਨ ਕਿੱਤਾਕਾਰ ਹੌਲੀ-ਹੌਲੀ ਕਲਾਤਮਿਕ ਕਿੱਤਾਕਾਰਾਂ ਵਿੱਚ ਬਦਲਦੇ ਗਏ। ਉਨ੍ਹਾਂ ਕਿਹਾ ਕਿ ਤਕਨੀਕੀ ਜੁਗਤਾਂ ਦੇ ਨਿਰੰਤਰ ਪਰਿਵਰਤਨ ਨੇ ਜਿਹੜੀ ਤਕਨੀਕੀ ਤਬਦੀਲੀ ਕਿੱਤਿਆਂ ਵਿੱਚ ਲਿਆਂਦੀ ਉਸ ਨੇ ਪੰਜਾਬੀ ਸੱਭਿਆਚਾਰ ਦਾ ਰੂਪਾਂਤਰਨ ਕੀਤਾ ਹੈ । ਉਨ੍ਹਾਂ ਕਿਹਾ ਕਿ ਲੋਕ ਕਿੱਤਿਆਂ ਦੀ ਇਸ ਰੂਪਾਂਤਰਨ ਪ੍ਰਕਿਰਿਆ ਨਾਲ਼ ਪੰਜਾਬੀ ਸਭਿਆਚਾਰ ਦੇ ਵੱਖ-ਵੱਖ ਪਹਿਲੂਆਂ ਅਤੇ ਅੰਗਾਂ ਵਿੱਚ ਲਗਾਤਾਰ ਪਰਿਵਰਤਨ ਵਾਪਰਦਾ ਗਿਆ ਤੇ ਰਹੇਗਾ । ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਵੱਲੋਂ ਇਸ ਖੋਜ ਕਾਰਜ ਦੀ ਸ਼ਲਾਘਾ ਕਰਦਿਆਂ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਗਈ । ਉਨ੍ਹਾਂ ਕਿਹਾ ਕਿ ਸਮਾਜ ਵਿਚ ਆਏ ਕਿਸੇ ਵੀ ਤਰ੍ਹਾਂ ਦੇ ਪਰਿਵਰਤਨ ਅਤੇ ਉਨ੍ਹਾਂ ਦੇ ਕਾਰਨਾਂ ਨੂੰ ਇਸ ਤਰ੍ਹਾਂ ਬਰੀਕੀ ਨਾਲ਼ ਸਮਝਣਾ ਸਮਾਜ ਦੀ ਬਿਹਤਰੀ ਲਈ ਜ਼ਰੂਰੀ ਹੁੰਦਾ ਹੈ। ਇਸ ਲਿਹਾਜ਼ ਨਾਲ਼ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਇਹ ਅਧਿਐਨ ਆਪਣਾ ਵਿਸ਼ੇਸ਼ ਮਹੱਤਵ ਰੱਖਦਾ ਹੈ ।

Related Post