
ਮੀਡੀਆ ਜਗਤ ਦੀ ਮਸ਼ਹੂਰ ਹਸਤੀ ਰਾਮੋਜੀ ਰਾਓ ਦਾ ਦੇਹਾਂਤ
- by Aaksh News
- June 9, 2024

ਮੀਡੀਆ ਜਗਤ ਦੀ ਮਸ਼ਹੂਰ ਹਸਤੀ ਅਤੇ ਖ਼ਬਰਾਂ ਤੇ ਮਨੋਰੰਜਨ ਦੀ ਦੁਨੀਆ ’ਚ ਵੱਡੀ ਤਬਦੀਲੀ ਲਿਆਉਣ ਵਾਲੇ ਰਾਮੋਜੀ ਸਮੂਹ ਦੇ ਪ੍ਰਧਾਨ ਰਾਮੋਜੀ ਰਾਓ ਦਾ ਅੱਜ ਸਵੇਰੇ ਇੱਥੋਂ ਦੇ ਇੱਕ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਅਖ਼ਬਾਰ ‘ਇਨਾਡੂ’ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਰਾਓ ਨੂੰ ਸਾਹ ਲੈਣ ’ਚ ਤਕਲੀਫ ਹੋਣ ਕਾਰਨ ਪੰਜ ਜੂਨ ਨੂੰ ਇੱਥੋਂ ਦੇ ਇੱਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਅੱਜ ਸਵੇਰੇ 4.50 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਰਾਮੋਜੀ ਨੇ ਰੋਜ਼ਾਨਾ ਅਖ਼ਬਾਰ ਇਨਾਡੂ ਤੇ ਈਟੀਵੀ ਚੈਨਲ ਸਮੂਹ ਦੀ ਸ਼ੁਰੂਆਤ ਕਰਕੇ ਮੀਡੀਆ ਸੰਸਾਰ ’ਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ। ਉਨ੍ਹਾਂ ਨੂੰ ਪਦਮ ਵਿਭੂਸ਼ਨ ਨਾਲ ਵੀ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ, ਚੰਦਰ ਬਾਬੂ ਨਾਇਡੂ, ਏ ਰੇਵੰਤ ਰੈੱਡੀ, ਐੱਮਕੇ ਸਟਾਲਿਨ, ਮਮਤਾ ਬੈਨਰਜੀ ਤੇ ਆਰਐੱਸਐੱਸ ਦੇ ਜਨਰਲ ਸਕੱਤਰ ਦੱਤਾਤ੍ਰੇਅ ਹੋਸਾਬਲੇ ਨੇ ਰਾਮੋਜੀ ਰਾਓ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ।