
ਆਰ. ਟੀ. ਆਈ. ਕਾਰਕੁਨ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕੀਤਾ ਰੰਗੇ ਹੱਥੀਂ ਗ੍ਰਿਫ਼ਤਾਰ
- by Jasbeer Singh
- September 5, 2025

ਆਰ. ਟੀ. ਆਈ. ਕਾਰਕੁਨ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕੀਤਾ ਰੰਗੇ ਹੱਥੀਂ ਗ੍ਰਿਫ਼ਤਾਰ ਨਗਰ ਯੋਜਨਾਕਾਰ ਅਧਿਕਾਰੀਆਂ ਤੇ ਏਜੰਟਾਂ ਨਾਲ ਮਿਲੀਭੁਗਤ ਰਾਹੀਂ ਇਮਾਰਤੀ ਯੋਜਨਾ ਮਨਜ਼ੂਰੀਆਂ ਤੇ ਐਨ. ਓ. ਸੀ. ਦੇਣ ਚ ਨਾਪਾਕ ਗੱਠਜੋੜ ਦਾ ਵਿਜੀਲੈਂਸ ਬਿਊਰੋ ਨੇ ਕੀਤਾ ਪਰਦਾਫਾਸ਼ ਚੰਡੀਗੜ੍ਹ, 5 ਸਤੰਬਰ, 2025 : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਨਗਰ ਨਿਗਮ (ਐਮ. ਸੀ.) ਅੰਮ੍ਰਿਤਸਰ ਦੀ ਟਾਊਨ ਪਲਾਨਿੰਗ ਸ਼ਾਖਾ ਵਿੱਚ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐਨਓਸੀ) ਜਾਰੀ ਕਰਨ ਅਤੇ ਇਮਾਰਤੀ ਯੋਜਨਾਵਾਂ ਦੀ ਪ੍ਰਵਾਨਗੀ ਨਾਲ ਜੁੜੇ ਇੱਕ ਨਾਪਾਕ ਗੱਠਜੋੜ ਦਾ ਪਰਦਾਫਾਸ਼ ਕੀਤਾ ਹੈ। ਬਿਊਰੋ ਨੇ ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਛੇਹਰਟਾ ਨਿਵਾਸੀ ਇੱਕ ਆਰ. ਟੀ. ਆਈ. ਕਾਰਕੁਨ ਸੁਰੇਸ਼ ਕੁਮਾਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਐਮਟੀਪੀ ਅਧਿਕਾਰੀਆਂ ਲਈ ਏਜੰਟ ਵਜੋਂ ਕੰਮ ਕਰ ਰਿਹਾ ਸੀ ਅਤੇ ਬਿਨੈਕਾਰਾਂ ਤੋਂ ਪੈਸੇ ਵਸੂਲਣ ਲਈ ਆਰਟੀਆਈ ਅਰਜ਼ੀਆਂ ਦਾਇਰ ਕਰਕੇ ਅਤੇ ਫਿਰ ਐਮਸੀ ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਉਨ੍ਹਾਂ ਨੂੰ ਵਾਪਸ ਲੈ ਕੇ ਪੈਸੇ ਉਗਰਾਹੁੰਦਾ ਸੀ । ਅੱਜ ਇੱਥੇ ਇਹ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਰੇਲਵੇ ਲਿੰਕ ਰੋਡ, ਅੰਮ੍ਰਿਤਸਰ ਵਿਖੇ ਇੱਕ ਮੌਜੂਦਾ ਢਾਂਚੇ ਨੂੰ ਢਾਹ ਕੇ ਇੱਕ ਦੁਕਾਨ ਬਣਾਈ ਸੀ ਅਤੇ ਐਮ. ਸੀ. ਅੰਮ੍ਰਿਤਸਰ ਦੀ ਐਮ. ਟੀ. ਪੀ. ਸ਼ਾਖਾ ਤੋਂ ਇੱਕ ਮੰਜ਼ਿਲ ਲਈ ਪ੍ਰਵਾਨਗੀ ਪ੍ਰਾਪਤ ਕੀਤੀ ਸੀ । ਵਾਧੂ ਉਸਾਰੀ ਲਈ ਹੁਣ ਉਸਨੇ ਐਮ. ਟੀ. ਪੀ. ਅਧਿਕਾਰੀਆਂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਉਸਨੂੰ ਇੱਕ ਸੋਧਿਆ ਹੋਇਆ ਪਲਾਨ ਜਮ੍ਹਾ ਕਰਨ ਦੀ ਸਲਾਹ ਦਿੱਤੀ ਪਰ ਏ. ਟੀ. ਪੀ. ਪਰਮਿੰਦਰ ਸਿੰਘ ਦੁਆਰਾ ਉਸ ਵੱਲੋਂ ਦਾਇਰ ਯੋਜਨਾ ਨੂੰ ਦੋ ਵਾਰ ਇਸ ਬਹਾਨੇ ਰੱਦ ਕਰ ਦਿੱਤਾ ਗਿਆ ਕਿ ਉਕਤ ਸੁਰੇਸ਼ ਕੁਮਾਰ ਸ਼ਰਮਾ ਨੇ ਉਸਦੇ ਪ੍ਰੋਜੈਕਟ ਵਿਰੁੱਧ ਵੱਖ-ਵੱਖ ਨਾਵਾਂ ਹੇਠ ਆਰਟੀਆਈ ਅਰਜ਼ੀਆਂ ਦਾਇਰ ਕੀਤੀਆਂ ਸਨ । ਇਸ ਏ. ਟੀ. ਪੀ. ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਜੇਕਰ ਉਹ ਆਪਣੀ ਫਾਈਲ ਕਲੀਅਰ ਕਰਨਾ ਚਾਹੁੰਦਾ ਹੈ ਤਾਂ ਸੁਰੇਸ਼ ਸ਼ਰਮਾ ਨਾਲ ਸੰਪਰਕ ਕਰਨ ਲਈ ਕਿਹਾ । ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਜਦੋਂ ਉਸਨੇ ਸ਼ਰਮਾ ਨਾਲ ਸੰਪਰਕ ਕੀਤਾ, ਤਾਂ ਉਸ ਨੇ ਪਹਿਲਾਂ ਇਹ ਸ਼ਿਕਾਇਤਾਂ ਵਾਪਸ ਲੈਣ ਲਈ 7 ਲੱਖ ਰੁਪਏ ਦੀ ਮੰਗ ਕੀਤੀ ਪਰ ਉਸ ਵੱਲੋਂ ਮਨਾਉਣ ਤੋਂ ਬਾਅਦ ਸੌਦਾ 4 ਲੱਖ ਰੁਪਏ ਵਿੱਚ ਤੈਅ ਹੋ ਗਿਆ । ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਉਕਤ ਮੁਲਜ਼ਮ ਨੂੰ 4 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ । ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ । ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਵਿਜੀਲੈਂਸ ਬਿਊਰੋ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਉਕਤ ਮੁਲਜ਼ਮ ਸੁਰੇਸ਼ ਕੁਮਾਰ ਵੱਲੋਂ ਕੀਤੀ ਜਾ ਰਹੀ ਬਲੈਕਮੇਲਿੰਗ ਬਾਰੇ ਹੋਰ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਉਹ ਬਿਊਰੋ ਨਾਲ ਸੰਪਰਕ ਕਰ ਸਕਦਾ ਹੈ ਅਤੇ ਅਜਿਹੇ ਲੋਕਾਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।