ਝਾਰਖੰਡ ’ਚ ਹੁਕਮਰਾਨ ਜੇਐੱਮਐੱਮ ਦੀ ਅਗਵਾਈ ਹੇਠਲੀ ਗੱਠਜੋੜ ਵੋਟ ਬੈਂਕ ਦੀ ਸਿਆਸਤ ਲਈ ਬੰਗਲਾਦੇਸ਼ੀ ਅਤੇ ਰੋਹਿੰਗੀਆ ਮੁਸਲਮਾਨ
- by Jasbeer Singh
- September 16, 2024
ਝਾਰਖੰਡ ’ਚ ਹੁਕਮਰਾਨ ਜੇਐੱਮਐੱਮ ਦੀ ਅਗਵਾਈ ਹੇਠਲੀ ਗੱਠਜੋੜ ਵੋਟ ਬੈਂਕ ਦੀ ਸਿਆਸਤ ਲਈ ਬੰਗਲਾਦੇਸ਼ੀ ਅਤੇ ਰੋਹਿੰਗੀਆ ਮੁਸਲਮਾਨਾਂ ਦੀ ਘੁਸਪੈਠ ਨੂੰ ਹੱਲਾਸ਼ੇਰੀ ਦੇ ਰਹੀ ਹੈ : ਪ੍ਰਧਾਨ ਮੰਤਰੀ ਜਮਸ਼ੇਦਪੁਰ : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ’ਚ ਹੁਕਮਰਾਨ ਜੇਐੱਮਐੱਮ ਦੀ ਅਗਵਾਈ ਹੇਠਲੀ ਗੱਠਜੋੜ ਸਰਕਾਰ ’ਤੇ ਅੱਜ ਦੋਸ਼ ਲਾਇਆ ਕਿ ਉਹ ਵੋਟ ਬੈਂਕ ਦੀ ਸਿਆਸਤ ਲਈ ਬੰਗਲਾਦੇਸ਼ੀ ਅਤੇ ਰੋਹਿੰਗੀਆ ਮੁਸਲਮਾਨਾਂ ਦੀ ਘੁਸਪੈਠ ਨੂੰ ਹੱਲਾਸ਼ੇਰੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕਾਂ ਤੋਂ ਆਉਣ ਵਾਲੇ ਘੁਸਪੈਠੀਏ ਝਾਰਖੰਡ ਲਈ ਵੱਡਾ ਖ਼ਤਰਾ ਹਨ ਜਿਨ੍ਹਾਂ ਕਾਰਨ ਸੂਬੇ ਦੇ ਸੰਥਾਲ ਪਰਗਨਾ ਅਤੇ ਕੋਲਹਾਨ ਖ਼ਿੱਤਿਆਂ ’ਚ ਬਦਲਾਅ ਆ ਰਿਹਾ ਹੈ। ਇਥੇ ਭਾਜਪਾ ਦੀ ਪਰਿਵਰਤਨ ਮਹਾਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਘੁਸਪੈਠੀਆਂ ਕਾਰਨ ਸੰਥਾਲ ਪਰਗਨਾ ਅਤੇ ਕੋਲਹਾਨ ਖ਼ਿੱਤਿਆਂ ’ਚ ਕਬਾਇਲੀਆਂ ਦੀ ਆਬਾਦੀ ਘੱਟ ਰਹੀ ਹੈ। ਘੁਸਪੈਠੀਏ ਪੰਚਾਇਤਾਂ ਅਤੇ ਜ਼ਮੀਨਾਂ ’ਤੇ ਕਬਜ਼ੇ ਕਰ ਰਹੇ ਹਨ ਅਤੇ ਉਹ ਸੂਬੇ ਦੀਆਂ ਧੀਆਂ ਨਾਲ ਵਧੀਕੀਆਂ ਦੇ ਮਾਮਲਿਆਂ ’ਚ ਸ਼ਾਮਲ ਹਨ। ਝਾਰਖੰਡ ਦਾ ਹਰੇਕ ਨਿਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।’’ ਉਨ੍ਹਾਂ ਹਾਈ ਕੋਰਟ ਵੱਲੋਂ ਬੰਗਲਾਦੇਸ਼ੀਆਂ ਦੀ ਘੁਸਪੈਠ ਦੇ ਮਾਮਲੇ ਦੀ ਜਾਂਚ ਲਈ ਨਿਰਪੱਖ ਕਮੇਟੀ ਬਣਾਉਣ ਦੇ ਹੁਕਮ ਨੂੰ ਅਣਗੌਲਿਆ ਕਰਨ ਲਈ ਝਾਰਖੰਡ ਸਰਕਾਰ ਦੀ ਆਲੋਚਨਾ ਕੀਤੀ। ਜੇਐੱਮਐੱਮ, ਆਰਜੇਡੀ ਅਤੇ ਕਾਂਗਰਸ ਨੂੰ ਝਾਰਖੰਡ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੰਦਿਆਂ ਮੋਦੀ ਨੇ ਕਿਹਾ ਕਿ ਇਹ ਪਾਰਟੀਆਂ ਸੱਤਾ ਦੀਆਂ ਭੁੱਖੀਆਂ ਹਨ ਅਤੇ ਉਹ ਵੋਟ ਬੈਂਕ ਦੀ ਸਿਆਸਤ ’ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆਰਜੇਡੀ ਝਾਰਖੰਡ ਵੱਖਰਾ ਸੂਬਾ ਬਣਨ ਦਾ ਅਜੇ ਵੀ ਬਦਲਾ ਲੈ ਰਹੀ ਹੈ ਜਦਕਿ ਕਾਂਗਰਸ ਨੇ ਕਬਾਇਲੀਆਂ ਨੂੰ ਮੁੱਖ ਧਾਰਾ ’ਚ ਆਉਣ ਤੋਂ ਰੋਕਿਆ। ਉਨ੍ਹਾਂ ਜੇਐੱਮਐੱਮ ’ਤੇ ਪਿਛਲੇ ਪੰਜ ਸਾਲਾਂ ਦੌਰਾਨ ਕਬਾਇਲੀਆਂ ਦੇ ਨਾਮ ’ਤੇ ਵੋਟ ਬੈਂਕ ਦੀ ਸਿਆਸਤ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕਬਾਇਲੀ ਮੁੱਖ ਮੰਤਰੀ ਚੰਪਈ ਸੋਰੇਨ ਦਾ ਅਪਮਾਨ ਕੀਤਾ ਗਿਆ ਅਤੇ ਉਸ ਨੂੰ ਸੱਤਾ ਲਈ ਜੇਐੱਮਐੱਮ ਤੋਂ ਲਾਂਭੇ ਕਰ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ’ਚ ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਮਗਰੋਂ ਭਾਜਪਾ ਸੱਤਾ ’ਚ ਆਵੇਗੀ। ਉਨ੍ਹਾਂ ਕਿਹਾ ਕਿ ਜੇ ਭਾਜਪਾ ਸੱਤਾ ’ਚ ਆਈ ਤਾਂ ਉਹ ਐਕਸਾਈਜ਼ ਕਾਂਸਟੇਬਲ ਭਰਤੀ ਮੁਹਿੰਮ ਦੌਰਾਨ 15 ਉਮੀਦਵਾਰਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਕਰਵਾਏਗੀ।
