ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਲਿਆ ਅਹਿਮ ਫ਼ੈਸਲਾ ਚੰਡੀਗੜ੍ਹ 1 ਦਸੰਬਰ 2025 : ਰਾਜ ਚੋਣ ਕਮਿਸ਼ਨ ਨੂੰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਕੀਤੀ ਨੋਟੀਫਿਕੇਸ਼ਨ 28 ਨਵੰਬਰ 2025 ਦੇ ਮੱਦੇਨਜ਼ਰ, ਮਿਊਂਸਪਲ ਕਾਰਪੋਰੇਸ਼ਨ (ਮੋਹਾਲੀ) ਦੇ ਨਾਲ ਲਗਦੇ 15 ਪਿੰਡਾਂ ਨੂੰ ਹੁਣ ਮਿਊਂਸਪਲ ਕਾਰਪੋਰੇਸ਼ਨ (ਮੋਹਾਲੀ) ਦੀਆਂ ਹੱਦਾਂ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਕਰ ਦਿੱਤਾ ਹੈ ਸਪੱਸ਼ਟ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਨੋਟੀਫਿਕੇਸ਼ਨ ਕਾਰਨ ਪੰਚਾਇਤ ਸੰਮਤੀ, ਮੋਹਾਲੀ ਦੀਆਂ 15 ਗ੍ਰਾਮ ਪੰਚਾਇਤਾਂ ਹੁਣ ਸਬੰਧਤ ਪੰਚਾਇਤ ਸੰਮਤੀ-ਜਿ਼ਲ੍ਹਾ ਪ੍ਰੀਸ਼ਦ ਮੋਹਾਲੀ ਦੇ ਅਧਿਕਾਰ ਖੇਤਰ ਵਿੱਚੋਂ ਬਾਹਰ ਕੱਢ ਦਿੱਤੀਆਂ ਹਨ। ਕਿਉਂਕਿ ਪੰਚਾਇਤ ਸੰਮਤੀ, ਮੋਹਾਲੀ ਅਤੇ ਜ਼ਿਲ੍ਹਾ ਪ੍ਰੀਸ਼ਦ, ਮੋਹਾਲੀ ਦੀਆਂ ਹੱਦਾਂ ਵਿੱਚ ਹੁਣ ਅਹਿਮ ਤਬਦੀਲੀ ਆ ਗਈ ਹੈ ਇਸ ਲਈ, ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਇਸ ਬਲਾਕ ਦਾ ਅਤੇ ਜ਼ਿਲ੍ਹਾ ਪ੍ਰੀਸ਼ਦ ਖੇਤਰ ਹੁਣ ਦੁਬਾਰਾ ਨਵੇਂ ਸਿਰਿਓਂ ਪੁਨਰਗਠਨ ਕੀਤਾ ਜਾਣਾ ਹੈ। ਪੰਚਾਇਤ ਸੰਮਤੀ ਡੇਰਾਬਸੀ-ਖਰੜ ਤੇ ਮਾਜਰੀ ਦੇ ਮੈਂਬਰਾਂ ਦੀ ਚੋਣ ਹੋਵੇਗੀ ਜਾਰੀ ਸ਼ਡਿਊਲ ਮੁਤਾਬਕ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਅਤੇ ਡਿਪਟੀ ਕਮਿਸ਼ਨਰ, ਮੋਹਾਲੀ ਦੀ ਸਿਫਾਰਿਸ਼ `ਤੇ ਕਮਿਸ਼ਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਇਨ੍ਹਾਂ ਜੋਨਾਂ ਦਾ ਜਦੋਂ ਤੱਕ ਪੁਨਰਗਠਨ ਨਹੀਂ ਕੀਤਾ ਜਾਂਦਾ ਉਦੋਂ ਤੱਕ ਪੰਚਾਇਤ ਸੰਮਤੀ, ਮੋਹਾਲੀ ਅਤੇ ਜਿਲ੍ਹਾ ਪ੍ਰੀਸ਼ਦ, ਮੋਹਾਲੀ ਦੇ ਮੈਂਬਰਾਂ ਦੀ ਚੋਣ ਮੁਲਤਵੀ ਕੀਤੀ ਜਾਂਦੀ ਹੈ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਪੰਚਾਇਤ ਸੰਮਤੀ ਡੇਰਾਬੱਸੀ, ਪੰਚਾਇਤ ਸੰਮਤੀ, ਖਰੜ ਅਤੇ ਪੰਚਾਇਤ ਸੰਮਤੀ, ਮਾਜਰੀ ਦੇ ਮੈਂਬਰਾਂ ਦੀ ਚੋਣ ਜਾਰੀ ਸ਼ਡਿਊਲ ਮੁਤਾਬਿਕ ਹੀ ਹੋਵੇਗੀ।
