
ਐਸ. ਡੀ. ਐਮਜ਼, ਖੇਤੀਬਾੜੀ ਵਿਭਾਗ ਤੇ ਸਹਿਕਾਰੀ ਸਭਾਵਾਂ ਦੇ ਅਧਿਕਾਰੀ ਨੇ ਖਾਦ ਦੇ ਸਟਾਕ ਦੀ ਕੀਤੀ ਚੈਕਿੰਗ
- by Jasbeer Singh
- November 10, 2024

ਐਸ. ਡੀ. ਐਮਜ਼, ਖੇਤੀਬਾੜੀ ਵਿਭਾਗ ਤੇ ਸਹਿਕਾਰੀ ਸਭਾਵਾਂ ਦੇ ਅਧਿਕਾਰੀ ਨੇ ਖਾਦ ਦੇ ਸਟਾਕ ਦੀ ਕੀਤੀ ਚੈਕਿੰਗ -ਖਾਦ ਦੀ ਜਮ੍ਹਾਖ਼ੋਰੀ ਤੇ ਕਾਲਾਬਾਜ਼ਾਰੀ ਕਰਨ ਵਾਲਿਆਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਬਾਜ ਅੱਖ ਪਟਿਆਲਾ, 10 ਨਵੰਬਰ : ਡੀ. ਏ. ਪੀ. ਖਾਦ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਐਸ. ਡੀ. ਐਮਜ਼, ਖੇਤੀਬਾੜੀ ਵਿਭਾਗ ਤੇ ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਨੂੰ ਖਾਦ ਵਿਕਰੇਤਾਵਾਂ ਦੀ ਲਗਾਤਾਰ ਚੈਕਿੰਗ ਕਰਨ ਦੀਆਂ ਦਿੱਤੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਜ਼ਿਲ੍ਹੇ ਵਿੱਚ ਚੈਕਿੰਗ ਮੁਹਿੰਮ ਵਿੱਢੀ ਗਈ, ਜਿਸ ਦੌਰਾਨ ਖਾਦ ਵਿਕਰੇਤਾਵਾਂ ਦੀਆਂ ਦੁਕਾਨਾਂ ਤੇ ਗੁਦਾਮਾਂ ਦੀ ਜਾਂਚ ਕੀਤੀ ਗਈ ਤੇ ਸੈਂਪਲ ਭਰਨ ਤੋਂ ਇਲਾਵਾ ਦੁਕਾਨਾਂ ’ਚ ਪਿਆ ਖਾਦਾਂ ਦਾ ਸਟਾਕ ਚੈੱਕ ਕੀਤਾ ਗਿਆ । ਇਸ ਦੌਰਾਨ ਐਸ. ਡੀ. ਐਮ. ਪਟਿਆਲਾ ਮਨਜੀਤ ਕੌਰ ਨੇ ਸਹਿਕਾਰੀ ਸਭਾਵਾਂ ਦੇ ਸਟਾਕ ਦੀ ਜਾਂਚ ਕੀਤੀ । ਜਦਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਸਮੇਸ਼ ਫਰਟੀਲਾਈਜ਼ਰ ਪਾਤੜਾਂ, ਜ਼ਿਮੀਂਦਾਰਾਂ ਫਰਟੀਲਾਈਜ਼ਰ ਤੇ ਕੀਟਨਾਸ਼ਕ ਪਾਤੜਾਂ, ਭਿੰਡਰ ਪੈਸਟੀਸਾਈਡ ਤੇ ਮੁਕੇਸ਼ ਖਾਦ ਸਟੋਰ ਪਾਤੜਾਂ ਦੇ ਸਟਾਕ ਦੀ ਚੈਕਿੰਗ ਕੀਤੀ ਗਈ। ਚੈਕਿੰਗ ਟੀਮਾਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ, ਨਾਇਬ ਤਹਿਸੀਲਦਾਰ ਪਾਤੜਾਂ ਕਰਮਜੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਅਮਨਪ੍ਰੀਤ ਸਿੰਘ ਸੰਧੂ ਤੇ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਰਵਿੰਦਰ ਪਾਲ ਸਿੰਘ ਚੱਠਾ ਤੇ ਹੋਰ ਸਟਾਫ਼ ਸ਼ਾਮਲ ਸੀ । ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹੇ ਦੀ ਹਰੇਕ ਸਬ ਡਵੀਜ਼ਨ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਵਿਭਾਗ ਵੱਲੋਂ ਖਾਦ ਦੇ ਸੈਂਪਲ ਵੀ ਭਰੇ ਜਾ ਰਹੇ ਹਨ ਜੋ ਲੈਬੋਰੇਟਰੀ ’ਚ ਟੈੱਸਟ ਲਈ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਖਾਦ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਕਿ ਸਟਾਕ ਬੋਰਡ ਉੱਪਰ ਰੋਜ਼ਾਨਾ ਖਾਦ ਦਾ ਸਟਾਕ ’ਤੇ ਰੇਟ ਲਿਖਿਆ ਜਾਵੇ ਤੇ ਕਿਸਾਨਾਂ ਨੂੰ ਜੋ ਵੀ ਖੇਤੀ ਸਮਗਰੀ ਵੇਚੀ ਜਾਂਦੀ ਹੈ, ਉਸ ਦਾ ਪੱਕਾ ਬਿੱਲ ਕੱਟ ਕੇ ਦਿੱਤਾ ਜਾਵੇ ਤੇ ਖਾਦ ਨਾਲ ਬੇਲੋੜੀਆਂ ਵਸਤਾਂ ਨਾ ਦਿੱਤੀਆਂ ਜਾਣ । ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਵੀ ਇਹ ਮੁਹਿੰਮ ਜਾਰੀ ਰਹੇਗੀ ਤੇ ਜੇਕਰ ਕੋਈ ਖਾਦ ਵਿਕਰੇਤਾ/ਡੀਲਰ ਬਿਨਾਂ ਬਿੱਲ ਤੋਂ ਖਾਦ, ਦਵਾਈ ਜਾਂ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਖਾਦ ਕੰਟਰੋਲ ਆਰਡਰ 1985 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਵੀ ਖਾਦ, ਕੀਟਨਾਸ਼ਕ ਰਸਾਇਣ ਜਾਂ ਬੀਜ ਖ਼ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ ਦੀ ਅਪੀਲ ਕੀਤੀ ਤੇ ਕਿਹਾ ਕਿ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਸਬੰਧੀ ਸਬੰਧਤ ਖੇਤੀਬਾੜੀ ਅਧਿਕਾਰੀ ਜਾਂ ਮੁੱਖ ਖੇਤੀਬਾੜੀ ਅਫ਼ਸਰ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.