
ਐਸ. ਡੀ. ਐਮ. ਵਿਕਾਸ ਹੀਰਾ ਵੱਲੋਂ ਘਨੌਰੀ ਕਲਾਂ ਵਿਖੇ ਸਥਾਪਿਤ ਅਤਿ ਆਧੁਨਿਕ ਲਾਇਬਰੇਰੀ ਦਾ ਦੌਰਾ
- by Jasbeer Singh
- November 12, 2024

ਐਸ. ਡੀ. ਐਮ. ਵਿਕਾਸ ਹੀਰਾ ਵੱਲੋਂ ਘਨੌਰੀ ਕਲਾਂ ਵਿਖੇ ਸਥਾਪਿਤ ਅਤਿ ਆਧੁਨਿਕ ਲਾਇਬਰੇਰੀ ਦਾ ਦੌਰਾ ਪੁਸਤਕਾਂ ਇਨਸਾਨ ਦਾ ਸੱਚਾ ਦੋਸਤ, ਇਹਨਾਂ ਨਾਲ ਦੋਸਤੀ ਜਰੂਰੀ : ਵਿਕਾਸ ਹੀਰਾ ਧੂਰੀ/ ਸੰਗਰੂਰ, 12 ਨਵੰਬਰ : ਐਸ. ਡੀ. ਐਮ. ਵਿਕਾਸ ਹੀਰਾ ਨੇ ਪਿੰਡ ਘਨੌਰੀ ਕਲਾਂ ਵਿਖੇ ਸਥਾਪਤ ਅਤਿ ਆਧੁਨਿਕ ਪੇਂਡੂ ਲਾਇਬਰੇਰੀ ਦਾ ਅਚਨਚੇਤ ਦੌਰਾ ਕੀਤਾ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੇਂਡੂ ਲਾਇਬਰੇਰੀਆਂ ਦੀ ਸਥਾਪਨਾ ਕਰਨ ਨਾਲ ਪਿੰਡਾਂ ਵਿੱਚ ਪੁਸਤਕ ਸੱਭਿਆਚਾਰ ਨੂੰ ਉਤਸ਼ਾਹ ਮਿਲਿਆ ਹੈ ਅਤੇ ਜ਼ਿਲ੍ਹਾ ਸੰਗਰੂਰ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਅਜਿਹੀਆਂ ਅਤਿ ਆਧੁਨਿਕ ਸੁਵਿਧਾਵਾਂ ਵਾਲੀਆਂ ਲਾਇਬਰੇਰੀਆਂ, ਵਿਦਿਆਰਥੀਆਂ ਅਤੇ ਹੋਰਨਾਂ ਪਾਠਕਾਂ ਲਈ ਲਾਹੇਵੰਦ ਸਾਬਤ ਹੋ ਰਹੀਆਂ ਹਨ । ਐਸ. ਡੀ. ਐਮ. ਵਿਕਾਸ ਹੀਰਾ ਨੇ ਕਿਹਾ ਕਿ ਪੁਸਤਕਾਂ ਇਨਸਾਨ ਦਾ ਸੱਚਾ ਦੋਸਤ ਹੁੰਦੀਆਂ ਹਨ ਇਸ ਲਈ ਇਹਨਾਂ ਨਾਲ ਮਜਬੂਤ ਸਾਂਝ ਪਾਉਣ ਦੀ ਲੋੜ ਹੈ ਤਾਂ ਜੋ ਗਿਆਨ ਦਾ ਪਸਾਰ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾ ਸਕੇ । ਉਪ ਮੰਡਲ ਮੈਜਿਸਟਰੇਟ ਨੇ ਲਾਇਬਰੇਰੀਆਂ ਦੀ ਸਾਂਭ ਸੰਭਾਲ ਕਰਨ ਵਾਲੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਮੇਂ ਤੇ ਪਾਠਕਾਂ ਦੀ ਜਰੂਰਤ ਮੁਤਾਬਕ ਸਹੂਲਤਾਂ ਉਪਲਬਧ ਕਰਵਾਉਣ ਲਈ ਢੁਕਵੇਂ ਕਦਮ ਪੁੱਟਣ । ਉਹਨਾਂ ਨੇ ਪਿੰਡਾਂ ਦੇ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪਿੰਡ ਵਿੱਚ ਬਣੀ ਇਸ ਸ਼ਾਨਦਾਰ ਲਾਇਬਰੇਰੀ ਦਾ ਲਾਭ ਜਰੂਰ ਉਠਾਉਣ ।