post

Jasbeer Singh

(Chief Editor)

Patiala News

ਐਸ. ਐਚ. ਓ. ਬਨੂੜ ਵਲੋਂ ਕਾਂਗਰਸੀ ਉਮੀਦਵਾਰਾਂ ਨੰੂ ਦਿੱਤੀਆਂ ਜਾ ਰਹੀਆਂ ਧਮਕੀਆਂ ਕਾਰਨ ਹਰਦਿਆਲ ਕੰਬੋਜ ਨੇ ਲਿਖਿਆ ਪੰਜਾਬ

post-img

ਐਸ. ਐਚ. ਓ. ਬਨੂੜ ਵਲੋਂ ਕਾਂਗਰਸੀ ਉਮੀਦਵਾਰਾਂ ਨੰੂ ਦਿੱਤੀਆਂ ਜਾ ਰਹੀਆਂ ਧਮਕੀਆਂ ਕਾਰਨ ਹਰਦਿਆਲ ਕੰਬੋਜ ਨੇ ਲਿਖਿਆ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਪੱਤਰ ਡੀ. ਜੀ. ਪੀ., ਡੀ. ਸੀ., ਐਸ. ਐਸ. ਪੀ. ਨੂੰ ਵੀ ਲਿਖੇ ਪੱਤਰ ਐਸ. ਐਚ. ਓ. ਬਨੂੜ ਗੁਰਸੇਵਕ ਸਿੰਘ ਸਰੇਆਮ ਸਾਡੇ ਉਮੀਦਵਾਰਾਂ ਨੂੰ ਦੇ ਰਿਹੈ ਧਮਕੀਆਂ : ਹਰਦਿਆਲ ਕੰਬੋਜ ਪਟਿਆਲਾ : ਪੰਜਾਬ ਦੇ ਕਾਂਗਰਸ ਦੇ ਜਨਰਲ ਸਕੱਤਰ ਤੇ ਵਿਧਾਨ ਸਭਾ ਹਲਕਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਐਸ. ਐਚ. ਓ. ਬਨੂੜ ਗੁਰਸੇਵਕ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਸਰਪੰਚੀ ਅਤੇ ਪੰਚੀ ਚੋਣ ਲੜ ਰਹੇ ਉਮੀਦਵਾਰਾਂ ਨੂੰ ਧਮਕੀਆਂ ਦੇਣ ਕਾਰਨ ਪੰਜਾਬ ਦੇ ਚੋਣ ਕਮਿਸ਼ਨਰ, ਡੀ. ਜੀ. ਪੀ. ਪੰਜਾਬ, ਡੀ. ਸੀ., ਆਈ. ਜੀ., ਐਸ. ਐਸ. ਪੀ. ਅਤੇ ਹੋਰ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਐਸ. ਐਚ. ਓ. ਨੂੰ ਤੁਰੰਤ ਤਬਦੀਲ ਕੀਤਾ ਜਾਵੇ। ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਐਸ. ਐਚ. ਓ. ਗੁਰਸੇਵਕ ਸਿੰਘ ਸੱਤਾਧਾਰੀ ਪਾਰਟੀ ਦਾ ਏਜੰਟ ਬਣ ਕੇ ਕੰਮ ਕਰ ਰਿਹਾ ਹੈ ਤੇ ਜਿਹੜੇ ਵੀ ਹਲਕਾ ਰਾਜਪੁਰਾ ਦੇ ਪਿੰਡਾ ਦੇ ਪੰਚ ਸਰਪੰਚ ਦੀ ਚੋਣ ਲੜਨ ਲਈ ਕਾਂਗਰਸ ਦੇ ਅਤੇ ਹੋਰ ਆਜਾਦ ਚੋਣ ਲੜਨ ਵਾਲੇ ਉਮੀਦਵਾਰ ਆਉਂਦੇ ਹਨ ਨੂੰ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਉਹ ਕਾਗਜ਼ ਭਰਨਗੇ ਤਾਂ ਉਨ੍ਹਾਂ ’ਤੇ ਝੂਠੇ ਕੇਸ ਦਰਜ ਕਰ ਦਿੱਤੇ ਜਾਣਗੇ। ਉਨ੍ਹਾਂ ਆਖਿਆ ਕਿ ਇਹ ਐਸ. ਐਚ. ਓ. ਸੱਤਾਧਾਰੀ ਪਾਰਟੀ ਦੇ ਇਸ਼ਾਰਿਆਂ ਤੇ ਸਰੇਆਮ ਧਮਕੀਆਂ ਦੇ ਰਿਹਾ ਹੈ। ਹਰਦਿਆਲ ਸਿੰਘ ਕੰਬੋਜ ਨੇ ਪੰਜਾਬ ਚੋਣ ਕਮਿਸ਼ਨ ਨੂੰ ਭੇਜੇ ਪੱਤਰ ਵਿਚ ਮੰਗ ਕੀਤੀ ਹੈ ਕਿ ਪੁਲਸ ਅਧਿਕਾਰੀ ਜਨਤਾ ਦੇ ਰਖਵਾਲੇ ਹੁੰਦੇ ਹਨ ਤੇ ਜੇਕਰ ਇਸ ਤਰ੍ਹਾਂ ਪੁਲਸ ਅਫ਼ਸਰ ਧਮਕੀਆਂ ਦੇਵੇਗਾ ਤਾਂ ਸਮਾਜ ਨੂੰ ਵੱਡਾ ਧੱਕਾ ਲੱਗੇਗਾ ਤੇ ਲੋਕਾਂ ਦਾ ਪੁਲਸ ਵਿਭਾਗ ਤੋਂ ਵਿਸ਼ਵਾਸ ਉਠ ਜਾਵੇਗਾ। ਉਨ੍ਹਾਂ ਆਖਿਆ ਕਿ ਪੁਲਸ ਅਧਿਕਾਰੀ ਜਨਤਾ ਦਾ ਬਚਾਅ ਕਰਨ ਵਾਲੇ ਹੁੰਦੇ ਹਨ ਪਰ ਇਥੇ ਤਾਂ ਇਹ ਅਧਿਕਾਰੀ ਸਮਾਜ ਵਿਚ ਵੰਡੀਆਂ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਰਾਜ ਚੋਣ ਕਮਿਸ਼ਨ ਪੂਰੀ ਤਰ੍ਹਾਂ ਸਾਫ ਸੁਥਰੀਆਂ ਕਰਵਾਉਣਾ ਚਾਹੁੰਦਾ ਹੈ ਪਰ ਕੁੱਝ ਅਧਿਕਾਰੀ ਅਜਿਹਾ ਨਹੀਂ ਹੋਣ ਦੇਣ ਪਾ ਰਹੇ, ਜਿਸ ਨਾਲ ਸੰਵਿਧਾਨ ਨੂੰ ਖਤਰਾ ਪੈਦਾ ਹੋ ਗਿਆ ਹੈ ਤੇ ਇਸਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕੀਤਾ ਜਾਵੇ ਤਾਂ ਜੋ ਚੋਣ ਲੜਨ ਵਾਲੇ ਉਮੀਦਵਾਰਾਂ ਵਿਚ ਡਰ ਖਤਮ ਹੋ ਸਕੇ ਤੇ ਚੋਣ ਨਿਰਪੱਖ ਢੰਗ ਨਾਲ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਅਫ਼ਸਰ ਦੀਆਂ ਵਧੀਕੀਆਂ ਖਿਲਾਫ਼ ਜਲਦ ਹੀ ਧਰਨਾ ਵੀ ਦਿੱਤਾ ਜਾ ਰਿਹਾ ਹੈ । ਇਸ ਸਬੰਧੀ ਜਦੋਂ ਥਾਣਾ ਬਨੂੜ ਦੇ ਐਸ. ਐਚ. ਓ. ਗੁਰਸੇਵਕ ਸਿੰਘ ਨਾਲ ਰਾਬਤਾ ਬਣਾਇਆ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਨਾਲ ਧੱਕਾ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਲਈ ਅਸੀਂ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਦੇ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਜੇਕਰ ਮੈਂ ਕਿਸੇ ਨਾਲ ਧੱਕਾ ਕੀਤਾ ਹੈ ਤਾਂ ਉਹ ਸਬੂਤ ਪੇਸ਼ ਕਰੇ। ਉਨ੍ਹਾਂ ਕਿਹਾ ਕਿ ਉਹ ਸਮੁੱਚੀਆਂ ਪਾਰਟੀਆਂ ਤੇ ਉਨ੍ਹਾਂ ਦੇ ਨੇਤਾਵਾਂ ਦਾ ਸਨਮਾਨ ਕਰਦੇ ਹਨ ਤੇ ਕਾਨੂੰਨ ਦੀ ਪਾਲਣਾ ਕਰਨ ਤੇ ਕਰਵਾਉਣ ਲਈ ਉਹ ਕਿਸੇ ਵੀ ਕੁਤਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ ।

Related Post