
ਸੇਫ਼ ਸਕੂਲ ਵਾਹਨ-ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ-ਡਾ. ਪ੍ਰੀਤੀ ਯਾਦਵ
- by Jasbeer Singh
- March 28, 2025

ਸੇਫ਼ ਸਕੂਲ ਵਾਹਨ-ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ-ਡਾ. ਪ੍ਰੀਤੀ ਯਾਦਵ -ਕਿਹਾ, ਐਸ.ਡੀ.ਐਮਜ ਆਪਣੀਆਂ ਸਬ ਡਵੀਜਨਾਂ 'ਚ ਸੁਚਾਰੂ ਆਵਾਜਾਈ ਲਈ ਰਾਹਗੀਰਾਂ ਨੂੰ ਸੁਰੱਖਿਅਤ ਤੇ ਹਾਦਸੇ ਰਹਿਤ ਸੜਕਾਂ ਪ੍ਰਦਾਨ ਕਰਨ -ਪੁਲਿਸ ਤੇ ਲੋਕ ਨਿਰਮਾਣ ਵਿਭਾਗ ਨੂੰ ਆਪਸੀ ਤਾਲਮੇਲ ਨਾਲ 'ਬਲੈਕ ਸਪੌਟਸ' ਖਤਮ ਕਰਨ ਦੀ ਹਦਾਇਤ -ਡਿਪਟੀ ਕਮਿਸ਼ਨਰ ਵੱਲੋਂ ਰੋਡ ਸੇਫਟੀ ਕਮੇਟੀ ਦੀ ਬੈਠਕ ਮੌਕੇ ਹਦਾਇਤ ਦੁਕਾਨਾਂ ਮੂਹਰੇ ਰੱਖੀਆਂ ਫਲੈਕਸਾਂ ਸਮੇਤ ਸੜਕਾਂ 'ਤੇ ਹੋਰ ਰੁਕਾਵਟਾਂ ਤੁਰੰਤ ਦੂਰ ਕਰਵਾਈਆਂ ਜਾਣ ਪਟਿਆਲਾ, 28 ਮਾਰਚ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਦਾਇਤ ਕੀਤੀ ਕਿ ਸੇਫ਼ ਸਕੂਲ ਵਾਹਨ ਨੀਤੀ ਨੂੰ ਸਖਤੀ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ, ਕਿਉਂਕਿ ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਵੀ ਕੀਮਤ 'ਤੇ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਸਮੂਹ ਐਸ.ਡੀ.ਐਮਜ ਨੂੰ ਆਪਣੀਆਂ ਸਬ ਡਵੀਜਨਾਂ 'ਚ ਸੁਚਾਰੂ ਆਵਾਜਾਈ ਲਈ ਰਾਹਗੀਰਾਂ ਨੂੰ ਸੁਰੱਖਿਅਤ ਤੇ ਹਾਦਸੇ ਰਹਿਤ ਸੜਕਾਂ ਪ੍ਰਦਾਨ ਕਰਨ ਲਈ ਵੀ ਕਿਹਾ । ਡਿਪਟੀ ਕਮਿਸ਼ਨਰ ਨੇ ਟ੍ਰੈਫਿਕ ਪੁਲਿਸ ਅਤੇ ਲੋਕ ਨਿਰਮਾਣ ਵਿਭਾਗ ਨੂੰ ਹਦਾਇਤ ਕੀਤੀ ਕਿ ਸੜਕਾਂ 'ਤੇ ਹਾਦਸਿਆਂ ਵਾਲੇ 'ਬਲੈਕ ਸਪੌਟਸ' ਕਰਕੇ ਕਿਸੇ ਰਾਹਗੀਰ ਦੀ ਕੀਮਤੀ ਜਾਨ ਅਜਾਂਈ ਨਹੀਂ ਜਾਣੀ ਚਾਹੀਦੀ, ਇਸ ਲਈ ਦੋਵੇਂ ਵਿਭਾਗ ਆਪਸੀ ਤਾਲਮੇਲ ਨਾਲ ਇਨ੍ਹਾਂ ਨੂੰ ਠੀਕ ਕਰਨਾ ਯਕੀਨੀ ਬਣਾਉਣ। ਉਨ੍ਹਾਂ ਟ੍ਰੈਫਿਕ ਪੁਲਿਸ ਤੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਟਿਆਲਾ ਸ਼ਹਿਰ 'ਚ ਜਿੱਥੇ ਜਾਮ ਲੱਗਦੇ ਹਨ, ਉਨ੍ਹਾਂ ਥਾਵਾਂ 'ਤੇ ਸਾਰੀਆਂ ਰੁਕਾਵਟਾਂ ਤੁਰੰਤ ਦੂਰ ਕੀਤੀਆਂ ਜਾਣ ਤਾਂ ਕਿ ਲੋਕ ਅਜਿਹੇ ਜਾਮ ਕਰਕੇ ਪ੍ਰੇਸ਼ਾਨ ਨਾ ਹੋਣ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਹਸਪਤਾਲਾਂ ਤੇ ਸਕੂਲਾਂ ਦੇ ਬਾਹਰ ਕੋਈ ਜਾਮ ਨਾ ਲੱਗੇ । ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਸਮੇਤ ਸੜਕਾਂ ਦਾ ਰੱਖ-ਰਖਾਓ ਕਰਦੇ ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ, ਨਗਰ ਨਿਗਮ, ਨਗਰ ਕੌਂਸਲਾਂ ਤੇ ਪੰਚਾਇਤਾਂ ਆਦਿ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ 'ਤੇ ਰੁਕਾਵਟਾਂ ਅਤੇ ਦੁਕਾਨਾਂ ਮੂਹਰੇ ਰੱਖੀਆਂ ਫਲੈਕਸਾਂ ਤੇ ਹੋਰ ਸਾਮਾਨ ਨੂੰ ਹਟਵਾਇਆ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਭਾਗ ਦੀ ਅਣਗਹਿਲੀ ਕਰਕੇ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜਿੰਮੇਵਾਰੀ ਸਬੰਧਤ ਵਿਭਾਗ ਜਾਂ ਏਜੰਸੀ ਦੀ ਹੋਵੇਗੀ । ਉਨ੍ਹਾਂ ਨੇ ਟ੍ਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਵਾਹਨਾਂ 'ਤੇ ਲੱਗੇ ਅਣ-ਅਧਿਕਾਰਤ ਫਲੈਸ਼ਰਜ, ਬਲੈਕ ਫਿਲਮਾਂ ਤੇ ਹੂਟਰ ਆਦਿ ਲੱਗੇ ਵਾਹਨਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ । ਡਾ. ਪ੍ਰੀਤੀ ਯਾਦਵ ਨੇ ਸੇਫ ਸਕੂਲ ਵਾਹਨ ਪਾਲਿਸੀ ਲਾਗੂ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਕੂਲੀ ਬੱਸਾਂ ਤੇ ਹੋਰ ਵਾਹਨ 15 ਸਾਲ ਤੋਂ ਪੁਰਾਣੇ ਨਾ ਹੋਣ ਤੇ ਇਹ ਸੁਰੱਖਿਅਤ ਵੀ ਹੋਣ ਤਾਂ ਕਿ ਸਕੂਲ ਸੇਫ ਵਾਹਨ ਨੀਤੀ ਦੀ ਪਾਲਣਾ ਲਾਜਮੀ ਹੋਵੇ। ਇਸ ਮੌਕੇ 'ਹਿਟ ਐਂਡ ਰਨ ਮੋਟਰ ਐਕਸੀਡੈਂਟ ਸਕੀਮ-2022' ਤਹਿਤ ਮੁਆਵਜੇ ਨੂੰ ਵੀ ਮਨਜੂਰੀ ਦਿਤੀ ਗਈ। ਉਨ੍ਹਾਂ ਨੇ ਆਈਰਾਡ (ਇੰਟੇਗ੍ਰੇਟਿਡ ਰੋਡ ਐਕਸੀਡੈਂਟ ਡਾਟਾਬੇਸ) ਦਾ ਜਾਇਜ਼ਾ ਲੈਂਦਿਆਂ ਪੁਲਿਸ, ਸਿਹਤ, ਲੋਕ ਨਿਰਮਾਣ ਤੇ ਮੰਡੀ ਬੋਰਡ ਤੇ ਐਨ.ਐਚ.ਏ. ਆਈ. ਨੂੰ ਸੜਕ ਹਾਦਸਿਆਂ ਦਾ ਪੂਰਾ ਵੇਰਵਾ ਦਾਖਲ ਕਰਨ ਦੀ ਵੀ ਹਦਾਇਤ ਕੀਤੀ । ਇਸ ਮੌਕੇ ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਗੁਡ ਸਮਾਰਟੀਅਨ ਪਾਲਿਸੀ ਤਹਿਤ ਰੋਡ ਸੇਫਟੀ ਅਤੇ ਹਾਦਸਿਆਂ 'ਚ ਲੋਕਾਂ ਦੀ ਮਦਦ ਕਰਨ ਵਾਲੇ ਆਮ ਲੋਕਾਂ ਦੀ ਪਛਾਣ ਕੀਤੀ ਜਾਵੇ ਤਾਂ ਕਿ ਅਜਿਹੇ ਲੋਕਾਂ ਨੂੰ ਸਨਮਾਨਤ ਕੀਤਾ ਜਾ ਸਕੇ। ਮੀਟਿੰਗ 'ਚ ਏ. ਡੀ. ਸੀ. (ਜ) ਇਸ਼ਾ ਸਿੰਗਲ, ਖੇਤਰੀ ਟਰਾਂਸਪੋਰਟ ਅਫ਼ਸਰ ਨਮਨ ਮੜਕਨ, ਸਮੂਹ ਐਸ. ਡੀ. ਐਮਜ਼, ਡੀ.ਐਸ.ਪੀ ਟ੍ਰੈਫਿਕ ਅੱਛਰੂ ਰਾਮ ਸ਼ਰਮਾ, ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇ, ਪੰਜਾਬ ਮੰਡੀ ਬੋਰਡ, ਨਗਰ ਨਿਗਮ ਤੇ ਪੀ. ਡੀ. ਏ. ਨਗਰ ਨਿਗਮ, ਜੰਗਲਾਤ, ਸਿੱਖਿਆ ਆਦਿ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.