ਸੰਦੋੜ ਦਾ ਕਿਸਾਨ ਤੀਰਥ ਸਿੰਘ ਬਣਿਆ ਫਸਲੀ ਵਿਭਿੰਨਤਾ ਦਾ ਚਾਨਣ ਮੁਨਾਰਾ
- by Jasbeer Singh
- January 7, 2026
ਸੰਦੋੜ ਦਾ ਕਿਸਾਨ ਤੀਰਥ ਸਿੰਘ ਬਣਿਆ ਫਸਲੀ ਵਿਭਿੰਨਤਾ ਦਾ ਚਾਨਣ ਮੁਨਾਰਾ ਪਿਆਜ਼ ਦੀ ਪਨੀਰੀ ਦੀ ਨਰਸਰੀ ਰਾਹੀਂ ਹੋਰ ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣਿਆ ਅਗਾਂਹਵਧੂ ਕਿਸਾਨ ਤੀਰਥ ਸਿੰਘ ਤੀਰਥ ਸਿੰਘ ਦੀ ਕਿਸਾਨਾਂ ਨੂੰ ਅਪੀਲ - ਸਰਕਾਰੀ ਸਕੀਮਾਂ ਦਾ ਲਾਹਾ ਲੈ ਫਸਲੀ ਚੱਕਰ ਨੂੰ ਛੱਡ ਨਵੇਂ ਵਿਕਲਪ ਅਪਨਾਉਣ ਪੰਜਾਬ ਸਰਕਾਰ ਬਾਗਬਾਨੀ ਖੇਤਰ ਦਾ ਵਿਸਥਾਰ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤਤਪਰ- ਡਿਪਟੀ ਡਾਇਰੈਕਟਰ ਬਾਗਬਾਨੀ ਮਾਲੇਰਕੋਟਲਾ 07 ਜਨਵਰੀ 2026 : ਰਵਾਇਤੀ ਕਣਕ-ਝੋਨੇ ਦੀ ਖੇਤੀ ਤੋਂ ਇਲਾਵਾ ਫਸਲੀ ਵਿਭਿੰਨਤਾ ਨੂੰ ਅਪਣਾ ਕੇ ਖੇਤੀ ਨੂੰ ਵਧੇਰੇ ਲਾਹੇਵੰਦ ਬਣਾਇਆ ਜਾ ਸਕਦਾ ਹੈ, ਇਸ ਦੀ ਜਿਉਂਦੀ ਜਾਂਗਦੀ ਮਿਸਾਲ ਹੈ, ਪਿੰਡ ਸੰਦੋੜ ਦਾ ਅਗਾਂਹਵਧੂ ਕਿਸਾਨ ਤੀਰਥ ਸਿੰਘ ਜੋ ਪਿਛਲੇ ਕਰੀਬ 18 ਸਾਲਾਂ ਤੋਂ ਬਾਗਬਾਨੀ ਵਿਭਾਗ ਤੋਂ ਪ੍ਰੇਰਨਾ ਲੈ ਕੇ ਲਗਾਤਾਰ ਸਬਜੀਆਂ ਦੀ ਪਨੀਰੀ (ਨਰਸਰੀ) ਤਿਆਰ ਕਰ ਰਿਹਾ ਹੈ ਅਤੇ ਲਗਭਗ 04 ਏਕੜ ਜ਼ਮੀਨ ਵਿੱਚ ਪਿਆਜ,ਮਿਰਚ,ਸ਼ਿਮਲਾ ਮਿਰਚ ਅਤੇ ਫੁੱਲ ਗੋਭੀ ਦੀ ਪਨੀਰੀ ਲਗਾ ਕੇ ਚੰਗੀ ਆਮਦਨ ਹਾਸਲ ਕਰ ਰਿਹਾ ਹੈ। ਜਿਕਰਯੋਗ ਹੈ ਕਿ ਅਗਾਂਹਵਧੂ ਕਿਸਾਨ ਨੂੰ ਪੰਜਾਬ ਸਰਕਾਰ ਵੱਲ਼ੋਂ ਮੁੱਖ ਮੰਤਰੀ ਅਵਾਰਡ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਣਤੰਤਰ ਦਿਵਸ ਮੌਕੇ ਸਨਮਾਨ ਚਿੰਨ੍ਹ ਅਤੇ ਪੂਸਾ ਖੋਜ ਸੰਸਥਾ ਨਵੀਂ ਦਿੱਲੀ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਤੀਰਥ ਸਿੰਘ ਨੇ ਦੱਸਿਆ ਕਿ ਜਿੱਥੇ ਰਵਾਇਤੀ ਫਸਲਾਂ ਦੀ ਉਪਜਾਊ ਲਾਗਤ ਵਧਦੀ ਜਾ ਰਹੀ ਹੈ ਉੱਥੇ ਹੀ ਮੁਨਾਫਾ ਵੀ ਘੱਟ ਹੋ ਰਿਹਾ ਸੀ, ਜਿਸ ਕਾਰਨ ਉਸਨੇ ਬਾਗਬਾਨੀ ਵਿਭਾਗ ਦੀ ਸਲਾਹ ਨਾਲ ਪਿਆਜ਼ ਅਤੇ ਹੋਰ ਸਬਜੀਆਂ ਦੀ ਪਨੀਰੀ ਦੀ ਨਰਸਰੀ ਸ਼ੁਰੂ ਕੀਤੀ। ਮੌਜੂਦਾ ਸਮੇਂ ਵਿੱਚ ਉਸ ਦੀ ਪਨੀਰੀ ਦੀ ਮੰਗ ਆਪਣੇ ਇਲਾਕੇ ਵਿੱਚ ਹੀ ਨਹੀਂ ਸਗੋਂ ਨੇੜਲੇ ਜ਼ਿਲ੍ਹਿਆਂ ਦੇ ਕਿਸਾਨਾਂ ਵਿੱਚ ਵੀ ਕਾਫੀ ਵੱਧ ਗਈ ਹੈ ਅਤੇ ਕਰੀਬ 1500 ਕਿਸਾਨ ਸਬਜੀਆਂ ਦੀ ਪਨੀਰੀ ਲੈ ਕੇ ਚੰਗਾਂ ਝਾੜ ਪ੍ਰਾਪਤ ਕਰ ਰਹੇ ਹਨ। ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀ ਪਨੀਰੀ ਰਾਹੀਂ ਉਸਨੂੰ ਨਿਰੰਤਰ ਆਮਦਨ ਪ੍ਰਾਪਤ ਹੋ ਰਹੀ ਹੈ । ਉਸਨੇ ਦੱਸਿਆ ਕਿ ਉਹ ਬਾਗਬਾਨੀ ਵਿਭਾਗ ਮਾਲੇਰਕੋਟਲਾ ਪਾਸੋਂ ਕੌਮੀ ਬਾਗਬਾਨੀ ਮਿਸ਼ਨ ਤਹਿਤ ਬਾਗਬਾਨੀ ਮਸ਼ੀਨਰੀ, ਗੰਡੋਆਂ ਖਾਦ ਯੂਨਿਟ ਤੇ ਸਬਸਿਡੀ ਪ੍ਰਾਪਤ ਕਰ ਚੁੱਕਿਆ ਹੈ। ਉਸਨੇ ਕਿਹਾ ਕਿ ਫਸਲੀ ਵਿਭਿੰਨਤਾ ਹੀ ਖੇਤੀ ਨੂੰ ਭਵਿੱਖ ਵਿੱਚ ਟਿਕਾਊ ਅਤੇ ਮੁਨਾਫੇਦਾਰ ਬਣਾ ਸਕਦੀ ਹੈ। ਬਾਗਬਾਨੀ ਫਸਲਾਂ ਨਾ ਸਿਰਫ ਆਮਦਨ ਵਧਾਉਂਦੀਆਂ ਹਨ, ਸਗੋਂ ਧਰਤੀ ਹੇਠਲੇ ਪਾਣੀ ਦੀ ਬਚਤ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਤੀਰਥ ਸਿੰਘ ਨੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੀਮਾਂ ਦੀ ਜਾਣਕਾਰੀ ਲੈ ਕੇ ਰਿਵਾਇਤੀ ਫਸਲਾਂ ਤੋਂ ਇਲਾਵਾ ਨਵੇਂ ਵਿਕਲਪ ਅਪਣਾਉਣ। ਇਸ ਸਬੰਧੀ ਡਿਪਟੀ ਡਾਇਰੈਕਟਰ ਬਾਗਬਾਨੀ ਡਾ.ਹਰਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗਬਾਨੀ ਖੇਤਰ ਦਾ ਵਿਸਥਾਰ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤਤਪਰ ਹੈ। ਬਾਗਬਾਨੀ ਮੰਤਰੀ ਮੋਹਿੰਦਰ ਭਗਤ ਦੇ ਨਿਰਦੇਸ਼ਾਂ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਸੈਲਿੰਦਰ ਕੌਰ ਦੀ ਅਗਵਾਈ ਹੇਠ ਬਾਗਬਾਨੀ ਵਿਭਾਗ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਲਈ ਪੂਰੀ ਸਹਾਇਤਾ ਅਤੇ ਵੱਖ-ਵੱਖ ਸਕੀਮਾਂ ਤਹਿਤ ਸਬਸਿਡੀਆਂ ਮੁਹੱਈਆ ਕਰਵਾ ਰਿਹਾ ਹੈ। ਡਾ. ਹਰਦੀਪ ਸਿੰਘ ਨੇ ਕਿਹਾ ਕਿ ਤੀਰਥ ਸਿੰਘ ਵਰਗੇ ਅਗਾਂਹਵਧੂ ਕਿਸਾਨ ਹੋਰ ਕਿਸਾਨਾਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਗਬਾਨੀ ਵਿਭਾਗ ਵੱਲੋਂ ਦਿੱਤੀ ਜਾ ਰਹੀ ਅਤਿ-ਆਧੁਨਿਕ ਤਕਨਾਲੋਜੀ ਅਤੇ ਸਕੀਮਾਂ ਦੀ ਜਾਣਕਾਰੀ ਲੈ ਕੇ ਬਾਗਬਾਨੀ ਫਸਲਾਂ ਅਪਣਾਈਆਂ ਜਾਣ ਤਾਂ ਜੋ ਖੇਤੀ ਨੂੰ ਲਾਹੇਵੰਦ ਬਣਾਇਆ ਜਾ ਸਕੇ ਅਤੇ ਕਿਸਾਨੀ ਆਮਦਨ ਵਿੱਚ ਵਾਧਾ ਹੋਵੇ।
