
ਪੁਲਸ ਦੀ ਨਾਕਾਬੰਦੀ ਵੇਖ ਦੋ ਅਸਲਾ ਡੀਲਰ ਆਪਣਾ ਮੋਟਰਸਾਈਕਲ ਅਤੇ ਹਥਿਆਰਾਂ ਵਾਲਾ ਬੈਗ ਛੱਡ ਕੇ ਭੱਜੇ
- by Jasbeer Singh
- November 15, 2024

ਪੁਲਸ ਦੀ ਨਾਕਾਬੰਦੀ ਵੇਖ ਦੋ ਅਸਲਾ ਡੀਲਰ ਆਪਣਾ ਮੋਟਰਸਾਈਕਲ ਅਤੇ ਹਥਿਆਰਾਂ ਵਾਲਾ ਬੈਗ ਛੱਡ ਕੇ ਭੱਜੇ ਫਿਰੋਜ਼ਪੁਰ : ਬੀਤੇ ਕੁਝ ਸਾਲਾਂ ਤੋਂ ਨਾਜਾਇਜ਼ ਅਸਲੇ ਦੀ ਧੜੱਲੇ ਨਾਲ ਹੋ ਰਹੀ ਸਪਲਾਈ ਦੇ ਚੱਲਦਿਆਂ ਫਿਰੋਜ਼ਪੁਰ ਗ਼ੈਰ ਕਨੂੰਨੀ ਹਥਿਆਰਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ । ਗ਼ੈਰ ਕਨੂੰਨੀ ਅਸਲੇ ਦੀ ਇਸੇ ਤਰਾਂ ਦੀ ਇਕ ਸਪਲਾਈ ਦੇਣ ਆ ਰਹੇ ਦੋ ਅਸਲਾ ਡੀਲਰ ਪੁਲਸ ਦੀ ਨਾਕਾਬੰਦੀ ਵੇਖ ਆਪਣਾ ਮੋਟਰਸਾਈਕਲ ਅਤੇ ਹਥਿਆਰਾਂ ਵਾਲਾ ਬੈਗ ਛੱਡ ਕੇ ਭੱਜ ਗਏ। ਬੈਗ ਦੀ ਤਲਾਸ਼ੀ ਲੈਣ ’ਤੇ 11 ਪਿਸਤੌਲ ਅਤੇ 21 ਮੈਗਜ਼ੀਨ ਪੁਲਸ ਦੇ ਹੱਥ ਲੱਗੇ ਹਨ । ਇਸ ਸਬੰਧੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡੀ. ਆਈ. ਜੀ. ਰਣਜੀਤ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਫਿਰੋਜ਼ਪੁਰ ਲੁਧਿਆਣਾ ਹਾਈਵੇ ’ਤੇ ਤਲਵੰਡੀ ਭਾਈ ਮੁੱਖ ਚੌਕ ਵਿਚ ਲੱਗੇ ਨਾਕੇ ਦੌਰਾਨ ਜਦੋਂ ਪੁਲਿਸ ਮੁਲਾਜ਼ਮਾਂ ਵੱਲੋਂ ਮੋਗਾ ਵਾਲੀ ਸਾਈਡ ਤੋਂ ਆ ਰਹੇ ਮੋਟਰਸਾਈਕਲ ਨੰਬਰ ਪੀਬੀ 04 ਏਐੱਫ 6733 ਨੂੰ ਰੋਕਿਆ ਗਿਆ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਆਪਣਾ ਮੋਟਰਸਾਈਕਲ ਅਤੇ ਇਕ ਕਾਲੇ ਰੰਗ ਦਾ ਬੈਗ ਛੱਡ ਕੇ ਭੱਜ ਗਏ। ਮੁਲਾਜ਼ਮਾਂ ਵੱਲੋਂ ਜਦੋਂ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਉਕਤ ਅਸਲਾ ਬਰਾਮਦ ਹੋਇਆ ।