post

Jasbeer Singh

(Chief Editor)

Sports

ਸ਼ਹੀਦ ਭਗਤ ਸਿੰਘ ਕਲੱਬ ਨੇ ਜਿੱਤਿਆ ਕੈਲਗਰੀ ਕਬੱਡੀ ਕੱਪ

post-img

ਈਗਲਜ਼ ਕਬੱਡੀ ਕਲੱਬ ਫੈਡਰੇਸ਼ਨ ਅਲਬਰਟਾ ਵੱਲੋਂ ਕੈਲਗਰੀ ਵਿੱਚ ਕਰਵਾਇਆ ਗਿਆ ਚੌਥਾ ਕਬੱਡੀ ਕੱਪ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੇ ਜਿੱਤ ਲਿਆ। ਇਸ ਦੌਰਾਨ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਵੈਨਕੂਵਰ ਦੀ ਟੀਮ ਉਪ ਜੇਤੂ ਰਹੀ। ਪੰਮਾ ਸ਼ੇਖਦੌਲਤ, ਪੰਮਾ ਰਣਸੀਂਹ, ਲੱਕੀ ਕਪੂਰ, ਰਾਮ ਸਿੱਧੂ ਘੋਲੀਆ, ਗੁਰਿੰਦਰ ਰਾਣਾ, ਸਤਨਾਮ ਕਲਿਆਣ, ਪਾਲੀ ਵਿਰਕ ਤੇ ਹੋਰਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਛੇ ਕਲੱਬਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਪਹਿਲੇ ਮੈਚ ’ਚ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੇ ਸ਼ੇਰੇ ਪੰਜਾਬ ਕਬੱਡੀ ਕਲੱਬ ਨੂੰ 35-29.5 ਨਾਲ, ਦੂਜੇ ਮੈਚ ’ਚ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਵੈਨਕੂਵਰ ਨੇ ਰਿਚਮੰਡ ਕਬੱਡੀ ਕਲੱਬ ਨੂੰ 32.5-32, ਤੀਜੇ ਮੈਚ ’ਚ ਸਰੀ ਸੁਪਰ ਸਟਾਰਜ਼ ਕੌਮਾਗਾਟਾਮਾਰੂ ਕਲੱਬ ਨੇ ਸ਼ੇਰੇ ਪੰਜਾਬ ਕਲੱਬ ਨੂੰ 29.5-15 ਅਤੇ ਚੌਥੇ ਮੈਚ ’ਚ ਹਰੀ ਸਿੰਘ ਨਲੂਆ ਮਾਲਵਾ ਕਲੱਬ ਨੇ ਰਿਚਮੰਡ ਕਲੱਬ ਨੂੰ 36.5-28 ਅੰਕਾਂ ਨਾਲ ਹਰਾ ਕੇ ਸੈਮੀ ਫਾਈਨਲ ’ਚ ਜਗ੍ਹਾ ਬਣਾਈ। ਪਹਿਲੇ ਸੈਮੀ ਫਾਈਨਲ ’ਚ ਸੰਦੀਪ ਨੰਗਲ ਅੰਬੀਆਂ ਕਲੱਬ ਵੈਨਕੂਵਰ ਨੇ ਸਰੀ ਸੁਪਰ ਸਟਾਰਜ਼ ਕਲੱਬ ਦੀ ਟੀਮ ਨੂੰ 35.5-31 ਅੰਕਾਂ ਨਾਲ ਜਦਕਿ ਦੂਜੇ ਸੈਮੀਫਾਈਨਲ ’ਚ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੇ ਹਰੀ ਸਿੰਘ ਨਲੂਆ ਮਾਲਵਾ ਕਲੱਬ ਨੂੰ 35.5-20 ਅੰਕਾਂ ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾਈ। ਫਾਈਨਲ ਮੁਕਾਬਲੇ ’ਚ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੇ ਸੰਦੀਪ ਨੰਗਲ ਅੰਬੀਆਂ ਕਲੱਬ ਵੈਨਕੂਵਰ ਨੂੰ 38.5-33 ਅੰਕਾਂ ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ। ਇਸ ਕੱਪ ਦੌਰਾਨ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਦੇ ਸੱਤੂ ਖਡੂਰ ਸਾਹਿਬ ਨੂੰ ਸਰਬੋਤਮ ਜਾਫੀ ਅਤੇ ਸੰਦੀਪ ਨੰਗਲ ਅੰਬੀਆਂ ਕਲੱਬ ਵੈਨਕੂਵਰ ਦੇ ਸੰਦੀਪ ਲੁੱਧਰ ਦਿੜ੍ਹਬਾ ਸਰਬੋਤਮ ਰੇਡਰ ਐਲਾਨਿਆ ਗਿਆ। ਇਸ ਮੌਕੇ ਸੰਸਦ ਮੈਂਬਰ ਜਸਰਾਜ ਸਿੰਘ ਹੱਲਣ, ਸ਼ੈਡੋ ਮੰਤਰੀ ਲੌਰਨ ਬੈਚ, ਵਿਧਾਇਕ ਪਰਮੀਤ ਬੋਪਾਰਾਏ, ਕੌਂਸਲਰ ਰਾਜ ਧਾਲੀਵਾਲ ਅਤੇ ਕਬੱਡੀ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਪੰਜਾਬ ਗਾਇਕ ਕੇਐੱਸ ਮੱਖਣ ਨੇ ਅਖਾੜਾ ਲਾ ਕੇ ਸਮਾਂ ਬੰਨ੍ਹਿਆ।

Related Post