

ਸਿੱਖ ਕਾਰੋਬਾਰੀ ਦਾ ਮਿਸੀਸਾਗਾ ਵਿਖੇ ਗੋਲੀਆਂ ਮਾਰ ਕੀਤਾ ਕਤਲ ਨਵੀਂ ਦਿੱਲੀ : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਕੈਨੇਡਾ ਦੇ ਮਿਸੀਸਾਗਾ ਵਿੱਚ ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਦਾ ਗੋਲੀ ਮਾਰ ਕੇ ਬੀਤੇ ਦਿਨੀਂ ਕਤਲ ਕਰ ਦਿੱਤਾ ਗਿਆ ਸੀ । ਇਹ ਘਟਨਾ ਟ੍ਰੈਨਮੇਰ ਡਰਾਈਵ ਅਤੇ ਟੈਲਫੋਰਡ ਵੇਅ ਦੇ ਨੇੜੇ, ਡਿਕਸਨ ਅਤੇ ਡੇਰੀ ਰੋਡਜ਼ ਦੇ ਨੇੜੇ ਵਾਪਰੀ । ਹਰਜੀਤ ਸਿੰਘ ਢੱਡਾ ਜੋ ਕਿ ਮੂਲ ਰੂਪ ਵਿੱਚ ਉੱਤਰਾਖੰਡ ਸੂਬੇ ਦੇ ਬਾਜਪੁਰ ਦਾ ਰਹਿਣ ਵਾਲਾ ਹੈ, ਨੂੰ ਕੁਝ ਸਮੇਂ ਤੋਂ ਅਣਪਛਾਤੇ ਵਿਅਕਤੀਆਂ ਤੋਂ ਧਮਕੀ ਭਰੇ ਫੋਨ ਅਤੇ ਸੁਨੇਹੇ ਆ ਰਹੇ ਸਨ । ਇਨ੍ਹਾਂ ਧਮਕੀਆਂ ਵਿੱਚ ਉਸ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਪੈਸੇ ਨਾ ਦੇਣ `ਤੇ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਸੀ । ਪੀਲ ਰੀਜਨਲ ਪੁਲਸ ਨੇ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਕੇ ਹਾਲ ਹੀ ਵਿੱਚ ਹੋਈਆਂ ਜਬਰੀ ਵਸੂਲੀ ਅਤੇ ਹਿੰਸਕ ਘਟਨਾਵਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਹੈ। ਘਟਨਾ ਦੇ ਚਸ਼ਮਦੀਦਾਂ ਦੇ ਅਨੁਸਾਰ ਪੀੜਤ `ਤੇ ਉਦੋਂ ਗੋਲੀ ਚਲਾਈ ਗਈ ਜਦੋਂ ਉਹ ਆਪਣੇ ਟਰੱਕ ਦੇ ਬਾਹਰ ਖੜ੍ਹਾ ਸੀ । ਕੁਝ ਲੋਕਾਂ ਨੇ ਕਿਹਾ ਕਿ ਗੋਲੀਬਾਰੀ ਤੋਂ ਪਹਿਲਾਂ ਇੱਕ ਕਾਰ ਪੀੜਤ ਵੱਲ ਆਉਂਦੀ ਦੇਖੀ ਗਈ ਸੀ । ਇੱਕ ਚਸ਼ਮਦੀਦ ਗਵਾਹ, ਜੋ ਘਟਨਾ ਵਾਲੀ ਥਾਂ ਦੇ ਸਾਹਮਣੇ ਵਾਲੀ ਸੜਕ `ਤੇ ਕੰਮ ਕਰ ਰਿਹਾ ਸੀ, ਨੇ ਕਿਹਾ ਕਿ ਉਸਨੇ 15 ਤੋਂ 16 ਗੋਲੀਆਂ ਚੱਲਣ ਦੀ ਆਵਾਜ਼ ਸੁਣੀ ।ਹਰਜੀਤ ਸਿੰਘ ਢੱਡਾ ਦੇ ਕਤਲ ਨੇ ਕੈਨੇਡਾ ਵਿੱਚ ਵਸੇ ਭਾਰਤੀ ਭਾਈਚਾਰੇ, ਖਾਸ ਕਰਕੇ ਪੰਜਾਬੀ ਅਤੇ ਉੱਤਰਾਖੰਡ ਦੇ ਪ੍ਰਵਾਸੀਆਂ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਬਹੁਤ ਸਾਰੇ ਕਾਰੋਬਾਰੀ ਹੁਣ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਅਤੇ ਪੁਲਿਸ ਤੋਂ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਮੰਗ ਕਰ ਰਹੇ ਹਨ ।