

ਸਾਬਕਾ ਚੈਂਪੀਅਨ ਪੀਵੀ ਸਿੰਧੂ ਨੇ ਅੱਜ ਇੱਥੇ ਸਿੰਗਾਪੁਰ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ ਪਰ ਲਕਸ਼ੈ ਸੇਨ ਵਿਸ਼ਵ ਦੇ ਅੱਵਲ ਦਰਜੇ ਦੇ ਖਿਡਾਰੀ ਵਿਕਟਰ ਐਕਸਲਸੇਨ ਤੋਂ ਹਾਰ ਕੇ ਬਾਹਰ ਹੋ ਗਿਆ। ਸਿੰਧੂ ਨੇ 44 ਮਿੰਟ ਤੱਕ ਚੱਲੇ ਸ਼ੁਰੂਆਤੀ ਗੇੜ ਦੇ ਮੈਚ ਵਿੱਚ ਦੁਨੀਆ ਦੀ 21ਵੇਂ ਨੰਬਰ ਦੀ ਖਿਡਾਰਨ ਡੈਨਮਾਰਕ ਦੀ ਲੀਨੇ ਹੋਜਮਾਰਕ ਜਾਰਸਫੈਲਟ ਨੂੰ 21-12, 22-20 ਨਾਲ ਹਰਾਇਆ। ਇਸ ਦੌਰਾਨ ਦੁਨੀਆ ਦੇ 14ਵੇਂ ਨੰਬਰ ਦੇ ਖਿਡਾਰੀ ਲਕਸ਼ੈ ਨੇ ਐਕਲਸੇਨ ਨੂੰ ਸਖ਼ਤ ਚੁਣੌਤੀ ਦਿੱਤੀ ਪਰ 62 ਮਿੰਟ ’ਚ 13-21, 21-16, 13-21 ਨਾਲ ਹਾਰ ਗਿਆ। ਐਕਲਸੇਨ ਨੇ ਪਿਛਲੇ ਹਫਤੇ ਥਾਈਲੈਂਡ ਓਪਨ ਵਿੱਚ ਸੀਜ਼ਨ ਦਾ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ। ਕਿਦਾਂਬੀ ਸ੍ਰੀਕਾਂਤ ਨੂੰ ਪੰਜਵਾਂ ਦਰਜਾ ਪ੍ਰਾਪਤ ਜਪਾਨ ਦੇ ਕੋਡਾਈ ਨਾਰਾਓਕਾ ਖ਼ਿਲਾਫ਼ ਆਪਣੇ ਪਹਿਲੇ ਗੇੜ ਦੇ ਮੈਚ ਵਿੱਚ 14-21, 3-11 ਨਾਲ ਪਛੜਨ ਮਗਰੋਂ ਰਿਟਾਇਰ ਹੋਣਾ ਪਿਆ। ਇਸੇ ਤਰ੍ਹਾਂ ਬੀ ਸੁਮੀਤ ਰੈੱਡੀ ਅਤੇ ਐੱਨ ਸਿੱਕੀ ਰੈੱਡੀ ਮਿਕਸਡ ਡਬਲਜ਼ ਵਿੱਚ ਗੋਹ ਸੂਨ ਹੁਆਤ ਅਤੇ ਲਾਈ ਸ਼ੇਵੋਨ ਜੈਮੀ ਦੀ ਮਲੇਸ਼ੀਅਨ ਜੋੜੀ ਤੋਂ 18-21, 19-21 ਨਾਲ ਹਾਰ ਗਏ। ਵੈਂਕਟ ਗੌਰਵ ਪ੍ਰਸਾਦ ਅਤੇ ਜੂਹੀ ਦੇਵਾਂਗਨ ਦੀ ਮਿਕਸਡ ਜੋੜੀ ਵੀ ਮੈਡਸ ਵੈਸਟਰਗਾਰਡ ਤੇ ਕ੍ਰਿਸਟਿਨ ਬੁਸ਼ ਤੋਂ ਹਾਰ ਗਈ।