

ਸਰਹੱਦ ਪਾਰੋਂ ਚੱਲ ਰਹੇ ਤਸਕਰੀ ਰੈਕੇਟ ਦਾ ਪਰਦਾਫਾਸ਼ 2.02 ਕਿਲੋਗ੍ਰਾਮ ਹੈਰੋਇਨ, 3.5 ਲੱਖ ਰੁਪਏ ਦੀ ਡਰੱਗ ਮਨੀ, 4 ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਸਰਗਰਮ ਸੀ ਗੈਂਗ : ਡੀਜੀਪੀ ਗੌਰਵ ਯਾਦਵ ਹਵਾਲਾ ਰਾਹੀਂ ਪਾਕਿਸਤਾਨ ਭੇਜੀ ਜਾਣੀ ਸੀ ਬਰਾਮਦ ਕੀਤੀ ਡਰੱਗ ਮਨੀ : ਸੀ. ਪੀ. ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਚੰਡੀਗੜ੍ਹ/ਅੰਮ੍ਰਿਤਸਰ, 4 ਸਤੰਬਰ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਮਿਲੀ ਖੁਫੀਆ ਇਤਲਾਹ 'ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਸਰਹੱਦ ਪਾਰ ਤੋੰ ਚੱਲ ਰਹੇ ਸੰਗਠਿਤ ਹਥਿਆਰ ਅਤੇ ਹਵਾਲਾ ਨੈੱਟਵਰਕ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਹ ਜਾਣਕਰੀ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦਿੱਤੀ । ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਕੋਟ ਮਹਿਤਾਬ ਦੇ ਵਸਨੀਕ ਹਰਪ੍ਰੀਤ ਸਿੰਘ (23), ਤਰਨਤਾਰਨ ਦੇ ਪਿੰਡ ਸੁਰਸਿੰਘ ਦੇ ਵਸਨੀਕ ਗੁਰਪਾਲ ਸਿੰਘ (21) ਅਤੇ ਤਰਨਤਾਰਨ ਦੇ ਪਿੰਡ ਵਾਇਰਿੰਗ ਦੇ ਵਸਨੀਕ ਰਣਜੋਧ ਸਿੰਘ (33) ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ 2.02 ਕਿਲੋ ਹੈਰੋਇਨ, ਚਾਰ ਪਿਸਤੌਲ- ਇੱਕ ਗਲੌਕ ਅਤੇ ਤਿੰਨ .30 ਬੋਰ ਪਿਸਤੌਲ ਅਤੇ 3.5 ਲੱਖ ਰੁਪਏ ਹਵਾਲਾ ਮਨੀ ਵੀ ਬਰਾਮਦ ਕੀਤੀ ਹੈ । ਇਸ ਤੋਂ ਇਲਾਵਾ ਉਕਤ ਮੁਲਜ਼ਮਾਂ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ । ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਇਹ ਗਿਰੋਹ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਕਰਨ ਲਈ ਡਰੋਨ ਦੀ ਵਰਤੋਂ ਕਰਦਾ ਸੀ ਅਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਸਰਗਰਮ ਸੀ । ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ, ਹਰਪ੍ਰੀਤ ਸਿੰਘ ਅਤੇ ਗੁਰਪਾਲ ਸਿੰਘ, ਜੋ ਪਹਿਲਾਂ ਮਲੇਸ਼ੀਆ ਗਏ ਸਨ, ਸਰਹੱਦ ਪਾਰ ਦੇ ਤਸਕਰਾਂ ਦੇ ਸੰਪਰਕ ਵਿਚ ਸਨ। ਡੀ. ਜੀ. ਪੀ. ਨੇ ਕਿਹਾ ਕਿ ਥਾਣਾ ਗੇਟ ਹਕੀਮਾਂ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਅਗਲੇ -ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਗਠਜੋੜ ਦਾ ਪੂਰੀ ਤਰਾਂ ਪਰਦਾਫਾਸ਼ ਕੀਤਾ ਜਾ ਸਕੇ । ਪੁਲਿਸ ਕਮਿਸ਼ਨਰ (ਸੀ. ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਮੁਲਜ਼ਮ ਹਰਪ੍ਰੀਤ ਅਤੇ ਗੁਰਪਾਲ ਨੂੰ ਪਹਿਲਾਂ ਮੋਟਰਸਾਈਕਲ ਸਮੇਤ 220 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਮੁਲਜ਼ਮ ਹਰਪ੍ਰੀਤ ਅਤੇ ਗੁਰਪਾਲ ਦੇ ਖੁਲਾਸੇ 'ਤੇ, ਪੁਲਸ ਟੀਮਾਂ ਨੇ ਨਿਰਧਾਰਤ ਸਥਾਨ ਤੋਂ 1.8 ਕਿਲੋਗ੍ਰਾਮ ਹੋਰ ਹੈਰੋਇਨ ਅਤੇ ਦੋ .30 ਬੋਰ ਪਿਸਤੌਲ ਬਰਾਮਦ ਕੀਤੇ ਹਨ । ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਹਰਪ੍ਰੀਤ 2023 ਵਿੱਚ ਮਲੇਸ਼ੀਆ ਗਿਆ ਸੀ ਅਤੇ 7 ਮਹੀਨਿਆਂ ਬਾਅਦ ਵਾਪਸ ਪਰਤਿਆ ਸੀ, ਜਦੋਂ ਕਿ ਗੁਰਪਾਲ 2022 ਵਿੱਚ ਮਲੇਸ਼ੀਆ ਗਿਆ ਸੀ ਅਤੇ 2023 ਵਿੱਚ ਵਾਪਸ ਆਇਆ ਸੀ । ਉਹ ਮਲੇਸ਼ੀਆ ਵਿੱਚ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ ਪਰ ਦੋਵੇਂ ਪਾਕਿਸਤਾਨ ਅਧਾਰਤ ਇੱਕ ਤਸਕਰ ਦੇ ਸੰਪਰਕ ਵਿਚ ਸੀ ਅਤੇ ਉਸਦੇ ਨਿਰਦੇਸ਼ਾਂ 'ਤੇ ਉਨ੍ਹਾਂ (ਉਕਤ ਮੁਲਜ਼ਮਾਂ)ਨੂੰ ਖੇਪਾਂ ਉੱਪਲੱਬਧ ਹੋਈਆਂ ਸਨ । ਸੀ. ਪੀ. ਨੇ ਕਿਹਾ ਕਿ ਗੁਰਪਾਲ ਸਿੰਘ ਦੇ ਹੋਰ ਖੁਲਾਸੇ 'ਤੇ, ਜਾਂਚ ਦੌਰਾਨ ਇੱਕ ਹੋਰ ਮੁਲਜ਼ਮ ਰਣਜੋਧ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਸਨੂੰ ਦੋ ਪਿਸਤੌਲਾਂ ਅਤੇ 3.5 ਲੱਖ ਰੁਪਏ ਦੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ । ਉਹਨਾਂ ਕਿਹਾ ਕਿ ਇਹ ਡਰੱਗ ਮਨੀ ਤਸਕਰੀ ਦੇ ਵਪਾਰ ਨਾਲ ਸਬੰਧਤ ਸੀ, ਜਿਸਨੂੰ ਹਵਾਲਾ ਰਾਹੀਂ ਪਾਕਿਸਤਾਨ ਭੇਜਿਆ ਜਾਣਾ ਸੀ । ਇਸ ਸਬੰਧ ਵਿੱਚ ਪੁਲਸ ਸਟੇਸ਼ਨ ਗੇਟ ਹਕੀਮਾਂ ਅੰਮ੍ਰਿਤਸਰ ਵਿਖੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21-ਸੀ, 27-ਏ, 27-ਬੀ ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫ. ਆਈ. ਆਰ. ਨੰਬਰ 235 ਮਿਤੀ 30.08.25 ਤਹਿਤ ਕੇਸ ਦਰਜ ਕੀਤਾ ਗਿਆ ਹੈ ।