ਪਲੇਅ ਵੇਅ ਸਕੂਲਾਂ ਲਈ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
- by Jasbeer Singh
- October 24, 2025
ਪਲੇਅ ਵੇਅ ਸਕੂਲਾਂ ਲਈ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ, 24 ਅਕਤੂਬਰ 2025 : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ ਰਤਿੰਦਰ ਪਾਲ ਕੌਰ ਧਾਰੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਲੇਅ ਵੇਅ ਸਕੂਲਾਂ ਦੀ ਰਜਿਸਟਰੇਸ਼ਨ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ । ਉਹਨਾਂ ਜ਼ਿਲ੍ਹੇ ਦੇ ਸਾਰੇ ਪਲੇਅ ਵੇਅ ਸਕੂਲਾਂ ਨੂੰ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪਲੇਅ ਵੇਅ ਸਕੂਲਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਰਤਿੰਦਰ ਪਾਲ ਕੌਰ ਧਾਰੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਲੇਅ ਵੇਅ ਸਕੂਲਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਅਨੁਸਾਰ ਸਭ ਤੋਂ ਪਹਿਲਾਂ ਮਾਪਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਛੋਟੇ ਬੱਚਿਆਂ ਨੂੰ ਮਾਨਤਾ ਪ੍ਰਾਪਤ ਪਲੇਅ ਵੇਅ ਸਕੂਲ ਵਿੱਚ ਹੀ ਭੇਜਣ। ਇਸ ਤੋਂ ਇਲਾਵਾ ਪਲੇਅ ਵੇਅ ਸਕੂਲ 'ਚ ਇੱਕ ਅਧਿਆਪਕ ਕੋਲ ਵੱਧ ਤੋਂ ਵੱਧ 20 ਬੱਚੇ ਹੋ ਸਕਦੇ ਹਨ ਅਤੇ ਸਕੂਲ ਦੀ ਚਾਰਦੀਵਾਰੀ ਪੂਰੀ ਤਰ੍ਹਾਂ ਸੁਰੱਖਿਅਤ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਖੇਡਣ ਲਈ ਸਥਾਨ ਅਤੇ ਪੀਣ ਵਾਲਾ ਸਾਫ਼ ਪਾਣੀ ਉਪਲਬਧ ਹੋਣਾ ਜ਼ਰੂਰੀ ਹੈ । ਉਹਨਾਂ ਦੱਸਿਆ ਕਿ ਪਲੇਅ ਵੇਅ ਸਕੂਲ ਵਿੱਚ ਲੜਕੇ ਅਤੇ ਲੜਕੀਆਂ ਲਈ ਪਖਾਨੇ ਵੱਖੋ ਵੱਖਰੇ ਹੋਣੇ ਚਾਹੀਦੇ ਹਨ ਤੇ ਸਕੂਲ ਵਿੱਚ ਸੀ. ਸੀ. ਟੀ. ਵੀ. ਹੋਣਾ ਲਾਜ਼ਮੀ ਹੈ। ਸਕੂਲ ਵਿੱਚ ਬੱਚਿਆਂ ਨੂੰ ਮਾਰਨਾ ਜਾਂ ਝਿੜਕਣਾ ਪੂਰੀ ਤਰ੍ਹਾਂ ਗ਼ੈਰ ਕਾਨੂੰਨੀ ਹੈ ਤੇ ਇਸ ਦੇ ਨਾਲ ਹੀ ਸਕੂਲ ਦੀ ਅਧਿਆਪਕ-ਟੀਚਰ ਐਸੋਸੀਏਸ਼ਨ ਬਣਾਈ ਜਾਵੇ । ਉਹਨਾਂ ਦੱਸਿਆ ਕਿ ਪਲੇਅ ਵੇਅ ਸਕੂਲ ਵਿੱਚ ਰੈਸਟ ਰੂਮ ਹੋਣਾ ਵੀ ਜ਼ਰੂਰੀ ਹੈ ਤੇ ਫਾਇਰ ਸੇਫ਼ਟੀ ਸਿਸਟਮ ਚਾਲੂ ਹਾਲਤ ਵਿੱਚ ਹੋਣ ਦੇ ਨਾਲ ਨਾਲ ਸਾਰੇ ਕਮਰੇ ਹਵਾਦਾਰ ਹੋਣੇ ਚਾਹੀਦੇ ਹਨ । ਸਕੂਲ ਵਿੱਚ ਜ਼ੰਕ ਫੂਡ ਦੀ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ ਤੇ ਬੱਚੇ ਦੇ ਦਾਖ਼ਲੇ ਸਮੇਂ ਮਾਪਿਆਂ ਦਾ ਇੰਟਰਵਿਊ ਨਹੀਂ ਹੋਵੇਗਾ । ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਕਿਸੇ ਵੀ ਦਿਸ਼ਾ-ਨਿਰਦੇਸ਼ ਦੀ ਪਾਲਣਾ ਨਾ ਹੋਣ ਦੀ ਸਥਿਤੀ ਵਿੱਚ ਅਜਿਹੇ ਪਲੇਅ ਵੇਅ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਪਲੇਅ ਵੇਅ ਸਕੂਲ ਦੀ ਰਜਿਸਟ੍ਰੇਸ਼ਨ ਅਤੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਹਦਾਇਤਾਂ ਜ਼ਿਲ੍ਹੇ ਦੀ ਵੈੱਬਸਾਈਟ sangrur.nic.in ਤੋਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ ।

