July 6, 2024 00:51:17
post

Jasbeer Singh

(Chief Editor)

Patiala News

ਪ੍ਰਨੀਤ ਕੌਰ ਦੇ ਸਿਆਸੀ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨ ਸੁਰਿੰਦਰਪਾਲ ਸਿੰਘ ਦੀ ਹੋਈ ਮੌਤ

post-img

ਪਟਿਆਲਾ, 4 ਮਈ (ਜਸਬੀਰ)-ਲੋਕ ਸਭਾ ਹਲਕਾ ਪਟਿਆਲਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਦੇ ਪਿੰਡ ਸੇਹਰਾ ਵਿਖੇ ਹੋਏ ਸਿਆਸੀ ਸਮਾਗਮ ਦਾ ਵਿਰੋਧ ਕਰਨ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਰਿੰਦਰ ਪਾਲ ਸਿੰਘ ਉਮਰ 60 ਸਾਲ ਵਾਸੀ ਪਿੰਡ ਆਕੜੀ ਦੀ ਮੌਤ ਹੋ ਗਈ, ਜਿਸਨੂੰ ਮੌਕੇ ’ਤੇ ਚੁੱਕ ਕੇ ਸਾਥੀਆਂ ਵਲੋਂ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਅਧਿਕਾਰਤ ਤੌਰ ’ਤੇ ਮਿ੍ਰਤਕ ਐਲਾਨ ਦਿੱਤਾ, ਇਸ ਨਾਲ ਜਿਥੇ ਇਕ ਦਮ ਸਿਆਸੀ ਮਾਹੌਲ ਗਰਮ ਹੋ ਗਿਆ, ਉਥੇ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਪੰਧੇਰ ਸਾਥੀਆ ਸਮੇਤ ਪਟਿਆਲਾ ਪਹੁੰਚ ਗਏ ਅਤੇ ਉਨ੍ਹਾਂ ਇਸਨੂੰ ਕਤਲ ਕਰਾਰ ਦਿੱਤਾ ਤੇ ਮੰਗ ਕੀਤੀ ਕਿ ਇਸਦੇ ਲਈ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਲਖੀਮਪੁਰ ਖੀਰੀ ਦੇ ਇਤਿਹਾਸ ਨੂੰ ਦੁਹਰਾਇਆ ਹੈ। ਭਾਰਤੀ ਜਨਤਾ ਪਾਰਟੀ ਦੀ ਗੁੰਡਾਗਰਦੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸਨੂੰ ਕਿਸਾਨ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਕਿਸਾਨ ਆਗੂਆਂ ਨੇ ਭਾਜਪਾ ਆਗੂ ’ਤੇ ਸੁਰਿੰਦਰਪਾਲ ਸਿੰਘ ਨੂੰ ਧੱਕਾ ਮਾਰਨ ਦਾ ਦੋਸ਼ ਲਗਾਇਆ ਸੀ। ਸੁਰਿੰਦਰਪਾਲ ਸਿੰਘ ਦੀ ਮੌਤ ਤੋਂ ਬਾਅਦ ਇਕਦਮ ਪਟਿਆਲਾ ਦਾ ਸਿਆਸੀ ਪਾਰਾ ਗਰਮ ਹੋ ਗਿਆ, ਜਿਥੇ ਪ੍ਰਨੀਤ ਕੌਰ ਨੇ ਇਕ ਵੀਡੀਓ ਜਾਰੀ ਕਰਕੇ ਇਹ ਸਪੱਸ਼ਟ ਕੀਤਾ ਕਿ ਉਸਦੀ ਮੌਤ ਕਿਸੇ ਦੇ ਧੱਕਾ ਮਾਰਨ ਨਾਲ ਨਹੀਂ ਹੋਈ ਸਗੋਂ ਅਚਾਨਕ ਤਬੀਅਤ ਖਰਾਬ ਹੋਣ ਨਾਲ ਹੋਈ ਹੈ। ਪ੍ਰਨੀਤ ਕੌਰ ਨੇ ਇਸ ਮਾਮਲੇ ’ਚ ਵੀਡੀਓ ਜਾਰੀ ਕਰਦਿਆਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਅਗਲੇ ਦੋ ਦਿਨਾਂ ਤੱਕ ਆਪਣੇ ਸਮੁੱਚੇ ਸਿਆਸੀ ਸਮਾਗਮ ਰੱਦ ਕਰਨ ਦਾ ਐਲਾਨ ਵੀ ਕੀਤਾ। ਉਧਰ ਪੁਲਸ ਇਸ ਮਾਮਲੇ ’ਚ ਹਾਲੇ ਕੁੱਝ ਵੀ ਨਹੀਂ ਬੋਲ ਰਹੀ। ਦੂਸਰੇ ਪਾਸੇ ਘਟਨਾ ਦੀ ਸੂਚਨਾ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਦੇ ਐਨ. ਕੇ. ਸ਼ਰਮਾ, ਚਰਨਜੀਤ ਸਿੰਘ ਬਰਾੜ, ਭੁਪਿੰਦਰ ਸ਼ੇਖੂਪੁਰ, ਸੁਰਜੀਤ ਸਿੰਘ ਗੜ੍ਹੀ ਸਮੁੱਚੇ ਆਗੂ ਹਸਪਤਾਲ ਪਹੁੰਚ ਗਏ ਤੇ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਐਨ. ਕੇ. ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ 700 ਤੋਂ ਜ਼ਿਆਦਾ ਕਿਸਾਨਾਂ ਨੂੰ ਸ਼ਹੀਦ ਕਰਵਾ ਚੁੱਕੀ ਹੈ ਅਤੇ ਹਾਲੇ ਵੀ ਉਹ ਕਿਸਾਨਾਂ ਦੀ ਮੰਗਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ। ਇਧਰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਸੁਰਿੰਦਰਪਾਲ ਸਿੰਘ ਦੀ ਮੌਤ ਦੇ ਅਫਸੋਸ ਵਜੋਂ ਪੰਜ ਮਈ ਨੂੰ ਰਾਜਪੁਰਾ ਅਤੇ ਡੇਰਾਬਸੀ ਹਲਕੇ ਦੀ ਹੋਣ ਵਾਲੀ ਪੰਜਾਬ ਬਚਾਓ ਯਾਤਰਾ ਨੂੰ ਰੱਦ ਕਰ ਦਿੱਤਾ। ਕਿਸਾਨ ਦੀ ਮੌਤ ਦੇ ਮਾਮਲੇ ’ਚ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਦੀ ਸਖ਼ਤ ਨਿੰਦਾ ਕੀਤੀ ਅਤੇ ਪਟਿਆਲਾ ਵਿਚ ਗੁੰਡਾਗਰਦੀ ਬੰਦ ਕਰਨ ਲਈ ਕਿਹਾ। ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਜਮਹੂਰੀ ਹੱਕ ਹੈ ਤੇ ਇਸਨੂੰ ਉਹ ਨਹੀਂ ਰੋਕ ਸਕਦੇ। ਡਾ. ਗਾਂਧੀ ਨੇ ਕਿਹਾ ਕਿ ਕਿਸਾਨਾਂ ਨੂੰ ਆਪਣਾ ਹੱਕ ਮੰਗਣ ਤੋਂ ਵੀ ਰੋਕਿਆ ਜਾ ਰਿਹਾ ਹੈ ਤੇ ਕਿਸਾਨਾਂ ਵਲੋਂ ਸਿਰਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਾ ਕਿ ਕੋਈ ਹਿੰਸਕ ਕਾਰਵਾਈਕ ਕੀਤੀ ਜਾ ਰਹੀ ਹੈ ਤਾਂ ਫਿਰ ਉਨ੍ਹਾਂ ਨੂੰ ਆਖਰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ।

Related Post